Harish Rawat to visit Punjab : ਜਲੰਧਰ : ਪੰਜਾਬ ਕਾਂਗਰਸ ਦੇ ਇੰਚਾਰਜ ਤੇ ਹਰੀਸ਼ ਰਾਵਤ ਇਕ ਵਾਰ ਫ਼ਿਰ ਪੰਜਾਬ ਦਾ ਤਿੰਨ ਦਿਨਾ ਦੌਰਾ ਕਰਨਗੇ। ਇਹ ਦੌਰਾ ਸੋਮਵਾਰ ਸਵੇਰ ਤੋਂ ਸ਼ੁਰੂ ਹੋਵੇਗਾ। ਆਪਣੇ ਇਸ ਦੌਰੇ ਦੌਰਾਨ ਉਹ ਪੰਜਾਬ ਕਾਂਗਰਸ ਵੱਲੋਂ ਜਲੰਧਰ ਵਿੱਚ ਹੋ ਰਹੀ ਟਰੈਕਟਰ ਰੈਲੀ ਵਿੱਚ ਸ਼ਮੂਲੀਅਤ ਕਰਨਗੇ ਅਤੇ ਪੰਜਾਬ ਦੇ ਕਾਂਗਰਸੀ ਮੰਤਰੀਆਂ ਤੇ ਆਗੂਆਂ ਨਾਲ ਮੀਟਿੰਗਾਂ ਕਰਨਗੇ।
ਮਿਲੀ ਜਾਣਕਾਰੀ ਮੁਤਾਬਕ ਪੰਜਾਬ ਵਿੱਚ ਇਸ ਦੌਰੇ ਦੌਰਾਨ ਉਨ੍ਹਾਂ ਦੇ ਤੈਅ ਹੋਏ ਪ੍ਰੋਗਰਾਮ ਅਧੀਨ ਅੱਜ ਐਤਵਾਰ ਸ਼ਾਮ ਨੂੰ ਉਹ ਉੱਤਰਾਖੰਡ ਤੋਂ ਅੰਬਾਲਾ ਪਹੁੰਚਣਗੇ ਜਿਸ ਤੋਂ ਬਾਅਦ ਕੱਲ੍ਹ ਸੋਮਵਾਰ ਨੂੰ ਸਵੇਰੇ ਪਹਿਲਾਂ ਉਹ ਲੁਧਿਆਣਾ ਵਿਖੇ ਜਾਣਗੇ, ਜਿਥੇ ਦੁਪਹਿਰ ਇਕ ਵਜੇ ਪਹਿਲਾਂ ਤੋਂ ਹੀ ਰੱਖੇ ਗਏ ਸੂਬਾ ਮਹਿਲਾ ਕਾਂਗਰਸ ਵੱਲੋਂ ਕਰਵਾਏ ਜਾ ਰਹੇ ਇਕ ਪ੍ਰੋਗਰਾਮ ਵਿੱਚ ਸ਼ਿਰਕਤ ਕਨਰਗੇ। ਇਸ ਤੋਂ ਬਾਅਦ ਉਹ 3 ਤੋਂ 6 ਵਜੇ ਤੱਕ ਕਾਂਗਰਸ ਵਰਕਰਾਂ ਨਾਲ ਮੁਲਾਕਾਤ ਕਰਨਗੇ। ਸੋਮਵਾਰ ਰਾਤ ਉਹ ਲੁਧਿਆਣਾ ਹੀ ਰਹਿਣਗੇ ਅਤੇ ਮੰਗਲਵਾਰ ਸਵੇਰੇ ਜਲੰਧਰ ਵਿਖ਼ੇ ਸੂਬਾ ਕਾਂਗਰਸ ਵੱਲੋਂ ਰੱਖੀ ਗਈ ਟਰੈਕਟਰ ਰੈਲੀ ਵਿੱਚ ਸ਼ਮੂਲੀਅਤ ਕਰਨਗੇ, ਜੋਕਿ 11 ਵਜੇ ਸ਼ੁਰੂ ਕੀਤੀ ਜਾਵੇਗੀ।
ਇਸੇ ਦੌਰਾਨ ਦੁਪਹਿਰ 2 ਵਜੇ ਤੋਂ 5 ਵਜੇ ਤਕ ਉਹ ਜਲੰਧਰ ਕਾਂਗਰਸ ਦਫ਼ਤਰ ਵਿੱਚ ਕਾਂਗਰਸੀ ਆਗੂਆਂ ਅਤੇ ਵਰਕਰਾਂ ਨਾਲ ਮੀਟਿੰਗ ਕਰਨਗੇ, ਜਿਸ ਤੋਂ ਬਾਅਦ ਉਹ ਚੰਡੀਗੜ੍ਹ ਲਈ ਰਵਾਨਾ ਹੋਣਗੇ। ਮੰਗਲਵਾਰ ਨੂੰ ਰਾਵਤ ਚੰਡੀਗੜ੍ਹ ਪਹੁੰਚਣਗੇ ਜਿਥੇ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਹੋਰ ਕਾਂਗਰਸੀ ਆਗੂਆਂ ਨਾਲ ਮੁਲਾਕਾਤ ਕਰ ਸਕਦੇ ਹਨ। ਇਸ ਤੋਂ ਬਾਅਦ ਬੁੱਧਵਾਰ ਨੂੰ ਉਹ ਫ਼ਿਰ ਲੁਧਿਆਣਾ ਵਿੱਚ ਪਹੁੰਚ ਕੇ ਇੱਕ ਪ੍ਰੋਗਰਾਮ ਵਿੱਚ ਸ਼ਾਮਲ ਹੋਣਗੇ। ਦੱਸ ਦੇਈਏ ਕਿ ਪਿਛਲੇ ਮਹੀਨੇ ਵੀ ਰਾਵਤ ਕਾਂਗਰਸ ਵਿੱਚ ਪਈ ਫੁੱਟ ਨੂੰ ਹੱਲ ਕਰਨ ਦੇ ਮਕਸਦ ਨਾਲ ਅਤੇ ਰਾਹੁਲ ਗਾਂਧੀ ਵਾਲੀ ਟਰੈਕਟਰ ਰੈਲੀ ਵਿੱਚ ਸ਼ਮੂਲੀਅਤ ਕਰਨ ਪੰਜਾਬ ਪਹੁੰਚੇ ਸਨ, ਜਿਥੇ ਉਨ੍ਹਾਂ ਨੇ ਨਵਜੋਤ ਸਿੰਘ ਸਿੱਧੂ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਕਾਂਗਰਸ ਦੀ ਰੈਲੀ ਵਿੱਚ ਸ਼ਾਮਲ ਹੋਣ ਲਈ ਰਾਜ਼ੀ ਕੀਤਾ ਸੀ, ਹਾਲਾਂਕਿ ਇਸ ਰੈਲੀ ਵਿੱਚ ਸਿੱਧੂ ਤੇ ਕਾਂਗਰਸ ਸਰਕਾਰ ਵਿਚਾਲੇ ਮੁੜ ਮਤਭੇਦ ਹੋ ਗਏ ਸਨ। ਰਾਵਤ ਵੱਲੋਂ ਕਾਂਗਰਸ ਪਾਰਟੀ ਦੇ ਆਗੂਆਂ ਤੇ ਮੰਤਰੀਆਂ ਵਿੱਚ ਆਏ ਮਤਭੇਦਾਂ ਨੂੰ ਦੂਰ ਕਰਨ ਦੀਆਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਹੁਣ ਦੇਖਣਾ ਇਹ ਹੋਵੇਗਾ ਕਿ ਉਹ ਇਸ ਵਾਰ ਇਸ ਵਿੱਚ ਕਿੱਥੋਂ ਤੱਕ ਸਫਲ ਹੋ ਸਕਣਗੇ।