Harish Rawat U-turn for Navjot Sidhu : ਚੰਡੀਗੜ੍ਹ : ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਦਾ ਭਵਿੱਖ ਦੱਸ ਕੇ ਉਨ੍ਹਾਂ ਨੂੰ ਵੱਡੀ ਜ਼ਿੰਮੇਵਾਰੀ ਦਿੱਤੇ ਜਾਣ ਦਾ ਹੋਕਾ ਦੇ ਰਹੇ ਹਰੀਸ਼ ਰਾਵਤ ਨੇ ਇਕਦਮ ਯੂ-ਟਰਨ ਲੈਂਦੇ ਹੋਏ ਸਿੱਧੂ ਲਈ ’ਨੋ ਵੇਕੈਂਸੀ’ ਕਹਿ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਸਰਕਾਰ ਵਿੱਚ ਉਪ ਮੁੱਖ ਮੰਤਰੀ ਬਣਾਏ ਜਾਣ ਜਾਂ ਫ਼ਿਰ ਪ੍ਰਦੇਸ਼ ਕਾਂਗਰਸ ਪ੍ਰਧਾਨ ਹਣਾਏ ਜਾਣ ਬਾਰੇ ਕਿਆਸਾਂ ਨੂੰ ਹਾਲ ਦੀ ਘੜੀ ਪੂਰਨ ਵਿਰਾਮ ਲਗਾ ਦਿੱਤਾ ਹੈ।
ਇੱਕ ਪੰਜਾਬੀ ਚੈਨਲ ਨਾਲ ਗੱਲਬਾਤ ਦੌਰਾਨ ਰਾਵਤ ਨੇ ਕਿਹਾ ਕਿ ਗੱਲ ਤਾਂ ਫ਼ਿਰ ਕਰੀਏ ਜੇ ਕੋਈ ‘ਵੇਕੈਂਸੀ’ ਹੋਵੇ। ਉਨ੍ਹਾਂ ਕਿਹਾ ਕਿ ਸਿੱਧੂ ਨੂੰ ਕੋਈ ਵੀ ਅਹਿਮ ਜ਼ਿੰਮੇਵਾਰੀ ਦੇਣ ਦਾ ਫ਼ੈਸਲਾ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਕਰਨਗੇ ਅਤੇ ਸਿੱਧੂ ਦੀ ਜ਼ਿੰਮੇਵਾਰੀ ਤੈਅ ਕਰਨ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਭੂਮਿਕਾ ਅਹਿਮ ਰਹੇਗੀ। ਉਨ੍ਹਾਂ ਕਿਹਾ ਕਿ ਅਜੇ ਪੰਜਾਬ ਵਿੱਚ ਡਿਪਟੀ ਸੀ.ਐਮ. ਦੀ ਕੋਈ ਲੋੜ ਨਹੀਂ ਸਮਝੀ ਜਾ ਰਹੀ ਅਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਦੇ ਅਹੁਦੇ ’ਤੇ ਸ੍ਰੀ ਸੁਨੀਲ ਜਾਖ਼ੜ ਕੰਮ ਕਰ ਰਹੇ ਹਨ। ਸ. ਸਿੱਧੂ ਵੱਲ ਇਸ਼ਾਰਾ ਕਰਦਿਆਂ ਉਨ੍ਹਾਂ ਕਿਹਾ ਕਿ ‘ਸਬਰ ਦਾ ਫ਼ਲ ਮਿੱਠਾ’ ਹੁੰਦਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸਿੱਧੂ ਨੇ ਉਨ੍ਹਾਂ ਸਾਹਮਣੇ ਅਹੁਦੇ ਸੰਬੰਧੀ ਕੋਈ ਮੰਗ ਨਹੀਂ ਰੱਖੀ।
ਮੋਗਾ ਵਿੱਚ ਸਿੱਧੂ ਵੱਲੋਂ ਮੰਚ ’ਤੇ ਸੰਬੋਧਨ ਕਰਨ ਦੌਰਾਨ ਉਨ੍ਹਾਂ ਦੇ ਵਤੀਰੇ ’ਤੇ ਟਿੱਪਣੀ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਹੀ ਰੰਧਾਵਾ ਹੱਥ ਸਿੱਧੂ ਨੂੰ ਆਪਣਾ ਭਾਸ਼ਣ ਸੀਮਤ ਰੱਖਣ ਲਈ ਪਰਚੀ ਭੇਜੀ ਸੀ। ਇਸ ਦੇ ਨਾਲ ਹੀ ਉਨ੍ਹਾਂ ਨਵਜੋਤ ਸਿੰਘ ਸਿੱਧੂ ਦਾ ਪੱਖ ਰੱਖਦੇ ਹੋਏ ਕਿਹਾ ਸਿੱਧੂ ਨੇ ਵੀ ਕੁਝ ਗ਼ਲਤ ਨਹੀਂ ਕੀਤਾ, ਉਨ੍ਹਾਂ ਨੇ ਆਪਣੇ ਅੰਦਾਜ਼ ਵਿੱਚ ਜਵਾਬ ਜ਼ਰੂਰ ਦਿੱਤਾ ਸੀ। ਦੱਸਣਯੋਗ ਹੈ ਕਿ ਕਾਂਗਰਸ ਸਰਕਾਰ ਖਾਸਕਰ ਮੁੱਖ ਮੰਤਰੀ ਤੋਂ ਨਾਰਾਜ਼ ਨਵਜੋਤ ਸਿੰਘ ਸਿੱਧੂ ਨੂੰ ਮਨਾਉਣ ਲਈ ਹਰੀਸ਼ ਰਾਵਤ ਖੁਦ ਉਨ੍ਹਾਂ ਕੋਲ ਗਏ ਸਨ ਅਤੇ ਉਨ੍ਹਾਂ ਨੂੰ ਰੈਲੀ ਵਿੱਚ ਆਉਣ ਲਈ ਮਨਾਇਆ। ਇਸ ਤੋਂ ਬਾਅਦ ਸਿੱਧੂ ਨੂੰ ਕਾਂਗਰਸ ਸਰਕਾਰ ਵਿੱਚ ਕੋਈ ਵੱਡੀ ਜ਼ਿੰਮੇਵਾਰੀ ਮਿਲਣ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਸਨ। ਹਰੀਸ਼ ਰਾਵਤ ਦੇ ਇਸ ਬਿਆਨ ਨਾਲ ਇਨ੍ਹਾਂ ਸਾਰੇ ਕਿਆਸਾਂ ਨੂੰ ਇਥੇ ਹੀ ਖਤਮ ਕਰ ਦਿੱਤਾ ਗਿਆ ਹੈ।