Haryana Police imposes FIR : ਚੰਡੀਗੜ੍ਹ : ਕੇਂਦਰ ਦੇ ਕਾਲੇ ਕਾਨੂੰਨਾਂ ਦੇ ਵਿਰੋਧ ਵਿੱਚ ਸੰਘਰਸ਼ ਕਰ ਰਹੇ ਪੰਜਾਬ ਤੇ ਹਰਿਆਣਾ ਦੇ ਕਿਸਾਨ ਆਪਣੇ ਰਾਹ ਵਿੱਚ ਆ ਰਿਹਾ ਹਰ ਅੜਿੱਕਾ ਪਾਰ ਕਰ ਦਿੱਲੀ ਪਹੁੰਚ ਰਹੇ ਹਨ। ਇਸੇ ਅੰਦੋਲਨ ਅਧੀਨ ਬੀਤੇ ਦਿਨ ਹਜ਼ਾਰਾਂ ਕਿਸਾਨਾਂ ਨੇ ਹਰਿਆਣਾ ਪੁਲਿਸ ਵੱਲੋਂ ਲਗਾਈਆਂ ਰੋਕਾਂ ਨੂੰ ਤੋੜ ਕੇ ਦਿੱਲੀ ਵੱਲ ਵਧੇ। ਜਿਸ ਕਾਰਨ ਹਰਿਆਣਾ ਸਰਕਾਰ ਨੇ ਕਿਸਾਨ ਸੰਘਰਸ਼ ਨਾਲ ਸੰਬੰਧਤ 11 ਆਗੂਆਂ ਅਤੇ ਹਜ਼ਾਰਾਂ ਅਣਪਛਾਤੇ ਕਿਸਾਨਾਂ ’ਤੇ ਇਰਾਦਾ-ਏ-ਕਤਲ ਸਣੇ ਹੋਰ ਗੰਭੀਰ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਹੈ।
ਮਿਲੀ ਜਾਣਕਾਰੀ ਮੁਤਾਬਕ ਇਹ ਮਾਮਲਾ ਬੀਤੇ ਦਿਨ ਕੌਮੀ ਸ਼ਾਹਮਾਰਗ ’ਤੇ ਪੁਲਿਸ ਵੱਲੋਂ ਲਗਾਏ ਬੈਰੀਕੇਡ ਤੋੜਨ, ਪੁਲਿਸ ਕਰਮੀਆਂ ਨਾਲ ਉਲਝਣ ਅਤੇ ਉਨ੍ਹਾਂ ’ਤੇ ਆਪਣੇ ਵਾਹਨ ਚੜ੍ਹਾਉਣ ਦੀ ਕੋਸ਼ਿਸ਼, ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਅਤੇ ਡਿਜ਼ਾਸਟਰ ਮੈਨੇਜਮੈਂਟ ਐਕਟ ਤਹਿਤ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਜਿਨ੍ਹਾਂ 11 ਕਿਸਾਨ ਆਗੂਆਂ ‘ਤੇ ਮਾਮਲਾ ਦਰਜ ਕੀਤਾ ਗਿਆ ਹੈ, ਉਨ੍ਹਾਂ ਵਿੱਚ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਅਤੇ ਹਰਿਆਣਾ ਦੇ ਕਿਸਾਨ ਆਗੂ ਸ: ਗੁਰਨਾਮ ਸਿੰਘ ਚਢੂਨੀ ਵੀ ਸ਼ਾਮਲ ਹਨ। ਇਸ ਸੰਬੰਧੀ ਜਦੋਂ ਕਿਸਾਨ ਆਗੂ ਰਾਜੇਵਾਲ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਇਸ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ।
ਇਥੇ ਤੁਹਾਨੂੰ ਦੱਸਣਯੋਗ ਹੈ ਕਿ ਕਿਸਾਨਾਂ ਦੇ ਦਿੱਲੀ ਕੂਚ ਕਰਨ ਤੋਂ ਪਹਿਲਾਂ ਹੀ ਹਰਿਆਣਾ ਸਰਕਾਰ ਨੇ ਪੰਜਾਬ ਤੇ ਦਿੱਲੀ ਬਾਰਡਰ ਸੀਲ ਕਰ ਦਿੱਤੇ ਸਨ। ਇਸ ਤੋਂ ਬਾਅਦ ਵੀ ਨਾ ਰੁਕਣ ਵਾਲੇ ਕਿਸਾਨਾਂ ‘ਤੇ ਪਾਣੀ ਦੀਆਂ ਬੌਛਾਰਾਂ ਕੀਤੀਆਂ ਗਈਆਂ ਉਨ੍ਹਾਂ ‘ਤੇ ਅੱਥਰੂ ਗੈਸ ਦੇ ਗੋਲੇ ਮਾਰੇ ਗਏ ਅਤੇ ਲਾਠੀਚਾਰਜ ਤੱਕ ਕੀਤਾ ਗਿਆ ਸੀ। ਪਰ ਕਿਸਾਨਾਂ ਦੇ ਹੌਂਸਲੇ ਅੱਗੇ ਹਰਿਆਣਾ ਪੁਲਿਸ ਠਹਿਰ ਨਾ ਸਕੀ। ਕਿਸਾਨਾਂ ਉਨ੍ਹਾਂ ਨੂੰ ਰੋਕਣ ਲਈ ਲਗਾਏ ਗਏ ਬੈਰੀਕੇਡ ਤੋੜ ਅੱਗੇ ਵਧੇ ਅਤੇ ਦਿੱਲੀ ਆਪਣੇ ਇਤਿਹਾਸਕ ਅੰਦੋਲਨ ਲਈ ਪਹੁੰਚੇ। ਪਰ ਉਥੇ ਵੀ ਉਨ੍ਹਾਂ ‘ਤੇ ਬਿਨਾਂ ਗੱਲੋਂ ਅੱਥਰੂ ਗੈਸ ਦੇ ਗੋਲੇ ਛੱਡੇ ਗਏ। ਹਾਲਾਂਕਿ ਕਿਸਾਨ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਹਨ। ਉਥੇ ਹੀ ਕੇਂਦਰ ਨੇ ਕਿਸਾਨ ਆਗੂਆਂ ਨਾਲ ਗੱਲਬਾਤ ਕਰਨ ਲਈ 3 ਦਸੰਬਰ ਦਾ ਦਿਨ ਤੈਅ ਕੀਤਾ ਹੈ।