ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਦੇ ਸਟਾਫ਼ ਵੱਲੋਂ ਮੋਟਰਸਾਈਕਲ ਚੋਰੀ ਦੇ ਮਾਮਲੇ ਵਿੱਚ ਫੜਿਆ ਗਿਆ ਦੋਸ਼ੀ ਗੁਰਦੁਆਰਾ ਸਾਹਿਬ ਦਾ ਹੈੱਡ ਗ੍ਰੰਥੀ ਨਿਕਲਿਆ। ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਣ ਤੋਂ ਬਾਅਦ ਦੋਸ਼ੀ ਦੀ ਪਛਾਣ ਹੋ ਗਈ। ਹਾਲਾਂਕਿ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਦੋਸ਼ੀ ਨੇ ਚੋਰੀ ਦਾ ਮੋਟਰਸਾਈਕਲ ਕਿੱਥੇ ਰੱਖਿਆ ਹੈ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।
ਜਾਣਕਾਰੀ ਦਿੰਦੇ ਹੋਏ ਸਰਕਾਰੀ ਹਸਪਤਾਲ ‘ਚ ਤਾਇਨਾਤ ਕਰਮਚਾਰੀ ਛਿੰਦਰਪਾਲ ਨੇ ਦੱਸਿਆ ਕਿ ਬੀਤੇ ਦਿਨ ਉਸ ਨੇ ਆਪਣਾ ਮੋਟਰਸਾਈਕਲ ਸਰਕਾਰੀ ਹਸਪਤਾਲ ਦੇ ਐਮਰਜੈਂਸੀ ਬਲਾਕ ਦੇ ਬਾਹਰ ਖੜ੍ਹਾ ਕੀਤਾ ਸੀ ਜਦੋਂ ਉਸ ਨੇ ਵਾਪਸ ਆ ਕੇ ਦੇਖਿਆ ਤਾਂ ਉਸ ਦਾ ਮੋਟਰਸਾਈਕਲ ਉਥੋਂ ਗਾਇਬ ਸੀ।
ਇਸ ਤੋਂ ਬਾਅਦ ਜਦੋਂ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਗਈ ਤਾਂ ਇੱਕ ਵਿਅਕਤੀ ਮੋਟਰਸਾਈਕਲ ਲੈ ਕੇ ਆਉਂਦਾ ਦਿਖਾਈ ਦਿੱਤਾ। ਇਸ ਦੀ ਬਾਰੀਕੀ ਨਾਲ ਜਾਂਚ ਕਰਨ ਤੋਂ ਬਾਅਦ ਉਸ ਨੇ ਖੁਦ ਉਕਤ ਵਿਅਕਤੀ ਨੂੰ ਕਾਬੂ ਕਰ ਲਿਆ, ਜੋਕਿ ਗੁਰਦੁਆਰਾ ਸਾਹਿਬ ‘ਚ ਬਤੌਰ ਹੈੱਡ ਗ੍ਰੰਥੀ ਤਾਇਨਾਤ ਹੈ, ਜਿਸ ਦਾ ਕਹਿਣਾ ਹੈ ਕਿ ਹਸਪਤਾਲ ‘ਚੋਂ ਚੋਰੀ ਕੀਤਾ ਮੋਟਰਸਾਈਕਲ ਉਸ ਦੇ ਦੋ ਸਾਥੀਆਂ ਕੋਲ ਹੈ ਜੋ ਕਿ ਉਸ ਦੇ ਨਾਲ ਸਰਕਾਰੀ ਹਸਪਤਾਲ ‘ਚ ਆਏ ਸਨ, ਫਿਲਹਾਲ ਉਕਤ ਵਿਅਕਤੀ ਨੂੰ ਮੌਕੇ ‘ਤੇ ਹੀ ਪੁਲਿਸ ਹਵਾਲੇ ਕਰ ਦਿੱਤਾ ਗਿਆ ਹੈ।
ਮੌਕੇ ’ਤੇ ਪੁੱਜੇ ਪੀ.ਸੀ.ਆਰ ਪੁਲਿਸ ਮੁਲਾਜ਼ਮ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਟਰੱਕ ਯੂਨੀਅਨ ਚੌਕ ਦੇ ਨੇੜੇ ਇੱਕ ਚੋਰ ਫੜਿਆ ਗਿਆ ਹੈ, ਜੋਕਿ ਗੁਰਦੁਆਰਾ ਸਾਹਿਬ ਦਾ ਗ੍ਰੰਥੀ ਹੈ। ਉਨ੍ਹਾਂ ਦੱਸਿਆ ਕਿ ਉਕਤ ਗ੍ਰੰਥੀ ਤੋਂ ਇੱਕ ਮੋਟਰਸਾਈਕਲ ਵੀ ਮਿਲਿਆ ਹੈ, ਜਿਸ ਨੂੰ ਵੀ ਥਾਣੇ ਲਿਜਾਇਆ ਜਾ ਰਿਹਾ ਹੈ, ਹਾਲਾਂਕਿ ਮੌਕੇ ‘ਤੇ ਉਕਤ ਗ੍ਰੰਥੀ ਨੇ ਮੰਨਿਆ ਕਿ ਉਸ ਨੇ ਕੱਲ੍ਹ ਸਰਕਾਰੀ ਹਸਪਤਾਲ ਤੋਂ ਮੋਟਰਸਾਈਕਲ ਚੋਰੀ ਕੀਤਾ ਸੀ। ਹੁਣ ਪੁਲਿਸ ਦੋਸ਼ੀ ਨੂੰ ਥਾਣੇ ਲਿਜਾ ਕੇ ਪੁੱਛਗਿੱਛ ਕਰੇਗੀ।
ਵੀਡੀਓ ਲਈ ਕਲਿੱਕ ਕਰੋ -: