ਬੀਜੇਪੀ ਆਗੂ ਤਜਿੰਦਰ ਬੱਗਾ ਦੀ ਗ੍ਰਿਫ਼ਤਾਰੀ ‘ਤੇ ਬਵਾਲ ਮਚਿਆ ਹੋਇਆ ਹੈ। ਪੰਜਾਬ ਸਰਕਾਰ ਨੇ ਬੱਗਾ ਨੂੰ ਦਿੱਲੀ ਪੁਲਿਸ ਹਵਾਲੇ ਕੀਤੇ ਜਾਣ ਖਿਲਾਫ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ, ਜਿਸ ‘ਤੇ ਹਾਈਕੋਰਟ ਨੇ ਬੱਗਾ ਨੂੰ ਹਰਿਆਣਾ ਵਿੱਚ ਰੱਖਣ ਦੀ ਸਰਕਾਰ ਦੀ ਮੰਗ ਨੂੰ ਠੁਕਰਾ ਦਿੱਤਾ ਹੈ, ਜਿਸ ਨਾਲ ਬੱਗਾ ਨੂੰ ਦਿੱਲੀ ਲਿਜਾਣ ਦਾ ਰਾਹ ਪੱਧਰਾ ਹੋ ਗਿਆ ਹੈ।
ਹਾਈਕੋਰਟ ਨੇ ਹਰਿਆਣਾ ਅਤੇ ਦਿੱਲੀ ਸਰਕਾਰ ਤੋਂ ਜਾਣਕਾਰੀ ਮੰਗੀ ਹੈ ਕਿ ਕੀ ਪੰਜਾਬ ਪੁਲਿਸ ਨੂੰ ਤਜਿੰਦਰ ਸਿੰਘ ਬੱਗਾ ਨੂੰ ਗ੍ਰਿਫਤਾਰ ਕਰਨ ਤੋਂ ਰੋਕਿਆ ਗਿਆ ਸੀ, ਅੱਜ ਸ਼ਾਮ ਤੱਕ ਇਸ ਸੰਬੰਧੀ ਜਾਣਕਾਰੀ ਦੇਣ ਦੇ ਹੁਕਮ ਦਿੱਤੇ ਗਏ ਹਨ।
ਦੱਸਣਯੋਗ ਹੈ ਕਿ ਦਿੱਲੀ ਪੁਲਿਸ ਨੇ ਤਜਿੰਦਰ ਬੱਗਾ ਮਾਮਲੇ ਵਿੱਚ ਪੰਜਾਬ ਪੁਲਿਸ ‘ਤੇ 2 ਕੇਸ ਦਰਜ ਕੀਤੇ ਹਨ। ਪੰਜਾਬ ਪੁਲਿਸ ਦੇ ਵਕੀਲ ਆਰ.ਕੇ. ਰਾਠੌਰ ਨੇ ਦੱਸਿਆ ਕਿ ਪਹਿਲਾ ਕੇਸ ਕਿਡਨੈਪਿੰਗ ਦਾ ਦਰਜ ਕੀਤਾ ਗਿਆ ਹੈ, ਦੂਜਾ ਕੇਸ ਬੱਗਾ ਦੇ ਪਿਤਾ ਦੇ ਬਿਆਨ ‘ਤੇ ਮਾਰਕੁੱਟ ਦਾ ਦਰਜ ਕੀਤਾ ਗਿਆ ਹੈ। ਪੰਜਾਬ ਪੁਲਿਸ ਦੇ ਡੀ.ਐੱਸ.ਪੀ. ਸਣੇ 4 ਕਰਮਚਾਰੀਆਂ ਨੂੰ ਦਿੱਲੀ ਪੁਲਿਸ ਨੇ ਡਿਟੇਨ ਕੀਤਾ ਹੈ।
ਬੱਗਾ ‘ਤੇ ਫਿਲਮ ਕਸ਼ਮੀਰ ਫਾਈਲਸ ਨੂੰ ਲੈ ਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਤੇ ਵਿਵਾਦਿਤ ਟਿੱਪਣੀ ਕਰਨ ਦਾ ਦੋਸ਼ ਹੈ। ਪੰਜਾਬ ਪੁਲਿਸ ਨੇ ਬੱਗਾ ਨੂੰ ਜਾਂਚ ਵਿੱਚ ਸ਼ਾਮਲ ਹੋਣ ਦਾ ਨੋਟਿਸ ਦਿੱਤਾ ਸੀ ਪਰ ਉਹ ਇਸ ਦੇ ਲਈ ਨਹੀਂ ਪਹੁੰਚੇ ਸਨ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਮੋਹਾਲੀ ਦੇ ਡੀ.ਐੱਸ.ਪੀ. ਸੁਖਨਾਜ ਿਸੰਘ ਦਾ ਕਹਿਣਾ ਹੈ ਕਿ ਬੱਗਾ ਨੂੰ 5 ਵਾਰ ਆਨ ਰਿਕਾਰਡ ਨੋਟਿਸ ਭੇਜ ਕੇ ਜਾਂਚ ਵਿੱਚ ਸ਼ਾਮਲ ਹੋਣ ਲਈ ਕਿਹਾ ਗਿਆ ਸੀ ਪਰ ਉਹ ਹਰ ਵਾਰ ਟਾਲ ਰਹੇ ਸਨ। ਅਦਾਲਤ ਦੇ ਹੁਕਮਾਂ ਦੇ ਹਿਸਾਬ ਨਾਲ ਅਸੀਂ ਪਹਿਲਾਂ ਬੱਗਾ ਨੂੰ ਨੋਟਿਸ ਦਿੱਤਾ ਸੀ, ਜਿਸ ਮਗਰੋਂ ਉਨ੍ਹਾਂ ਨੂੰ ਗ੍ਰਫਤਾਰ ਕੀਤਾ ਗਿਆ ਸੀ। ਇਸ ਬਾਰੇ ਅਸੀਂ ਦਿੱਲੀ ਪੁਲਿਸ ਦੇ ਐੱਸ.ਐੱਚ.ਓ. ਨੂੰ ਵੀ ਸੂਚਨਾ ਦਿੱਤੀ ਸੀ। ਗ੍ਰਿਫਤਾਰੀ ਲਈ ਜਦੋਂ ਇੱਕ ਪਾਰਟੀ ਬੱਗਾ ਦੇ ਘਰ ਪਹੁੰਚੀ ਤਾਂ ਉਸ ਦੇ ਬਰਾਬਰ ਦੂਜੀ ਪਾਰਟੀ ਪੁਲਿਸ ਥਾਣੇ ਪਹੁੰਚੀ ਸੀ। ਇਸ ਤੋਂ ਇਲਾਵਾ ਕੰਟਰੋਲ ਰੂਮ ਵਿੱਚ ਵੀ ਸੂਚਨਾ ਦਿੱਤੀ ਸੀ। ਇਸ ਦੀ ਰਿਕਾਰਡਿੰਗ ਵੀ ਸਾਡੇ ਕੋਲ ਮੌਜੂਦ ਹੈ। ਗ੍ਰਿਫਤਾਰੀ ਦੀ ਪ੍ਰਕਿਰਿਆ ਦੀ ਅਸੀਂ ਵੀਡੀਓਗ੍ਰਾਫੀ ਵੀ ਕਰਵਾਈ ਹੈ।