ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਓਲੰਪਿਕ ਖਿਡਾਰੀਆਂ ਨੂੰ ਬੀਤੀ ਰਾਤ ਦਿੱਤੇ ਡਿਨਰ ਲਈ ਮਨਪ੍ਰੀਤ ਸਿੰਘ ਨੇ ਧੰਨਵਾਦ ਕੀਤਾ। ਓਲੰਪਿਕ ਵਿੱਚ ਹਾਕੀ ਟੀਮ ਦੀ ਅਗਵਾਈ ਕਰਨ ਵਾਲੇ ਕਪਤਾਨ ਮਨਪ੍ਰੀਤ ਸਿੰਘ ਨੇ ਮੁੱਖ ਮੰਤਰੀ ਵੱਲੋਂ ਖੁਦ ਆਪਣੇ ਹੱਥਾਂ ਨਾਲ ਖਿਡਾਰੀਆਂ ਲਈ ਖਾਣਾ ਬਣਾਉਣ ਨੂੰ ਬਹੁਤ ਹੀ ਮਾਣ ਵਾਲੀ ਗੱਲ ਕਿਹਾ।
ਦੱਸਣਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਰੇ ਓਲੰਪੀਅਨ ਜੇਤੂਆਂ ਨੂੰ ਰਾਤ ਦੇ ਖਾਣੇ ਲਈ ਦਾਵਤ ਦਿੱਤੀ ਸੀ। ਇਸ ਮੌਕੇ ਮਾਹੌਲ ਖੁਸ਼ੀਆਂ ਭਰਿਆ ਸੀ। ਇਹ ਮੌਕਾ ਸੱਚਮੁੱਚ ਯਾਦਗਾਰੀ ਸੀ। ਇਸ ਮੌਕੇ ਸਾਰੇ ਓਲੰਪਿਕ ਖਿਡਾਰੀ ਬਹੁਤ ਹੀ ਖੁਸ਼ ਨਜ਼ਰ ਆਏ ਕਿਉਂਕਿ ਭਾਰਤ ਦੇ ਨਾਇਕਾਂ ਦੀ ਵਾਪਸੀ ਦੇ ਕੁਝ ਦਿਨਾਂ ਬਾਅਦ ਓਲੰਪਿਕ ਮਹਿਮਾਨਾਂ ਦਾ ਜਸ਼ਨ ਜਾਰੀ ਰਿਹਾ। ਮੋਹਾਲੀ ਵਿੱਚ ਮੁੱਖ ਮੰਤਰੀ ਦੇ ਫਾਰਮ ਹਾਊਸ ਦੇ ਲਾਅਨ ਵਿਚ ਰੌਣਕਾਂ ਲੱਗ ਗਈਆਂ ਜਿਥੇ ਕੈਪਟਨ ਅਮਰਿੰਦਰ ਨੇ ਆਪਣੇ ਪਿਆਰੇ ਮਹਿਮਾਨਾਂ ਲਈ ਬਹੁਤ ਮਿਹਨਤ ਨਾਲ ਲਜੀਜ਼ ਖਾਣਾ ਤਿਆਰ ਕੀਤਾ ਸੀ।
ਮੁੱਖ ਮੰਤਰੀ ਨੇ ਕਿਹਾ ਸੀ ਕਿ ਉਨ੍ਹਾਂ ਨੇ ਖਾਣਾ ਬਣਾਉਣ ਦਾ ਕੰਮ ਸਵੇਰੇ 11 ਵਜੇ ਸ਼ੁਰੂ ਕੀਤਾ ਸੀ। ਉਨ੍ਹਾਂ ਕਿਹਾ ਕਿ ਮੈਨੂੰ ਇਸ ਦਾ ਹਰ ਮਿੰਟ ਬਹੁਤ ਪਸੰਦ ਸੀ। ਕੈਪਟਨ ਨੇ ਆਪਣੇ ਮਹਿਮਾਨ ਖਿਡਾਰੀਆਂ ਲਈ ਖਾਣਾ ਬਣਾਇਆ ਵੀ ਅਤੇ ਫਿਰ ਮੇਜ਼ਬਾਨੀ ਕਰਦਿਆਂ ਉਨ੍ਹਾਂ ਨੂੰ ਪਰੋਸ ਕੇ ਵੀ ਦਿੱਤਾ। ਡਿਨਰ ਵਿੱਚ ਮਟਨ ਖਾਰਾ ਪਿਸ਼ੋਰੀ, ਲੌਂਗ ਏਲਾਚੀ ਚਿਕਨ, ਆਲੂ ਕੋਰਮਾ, ਦਾਲ ਮਸਰੀ, ਮੁਰਗ ਕੋਰਮਾ, ਦੁਗਾਨੀ ਬਿਰਯਾਨੀ ਅਤੇ ਜ਼ਰਦਾ ਚਾਵਲ (ਮਿੱਠੀ ਡਿਸ਼) ਤਿਆਰ ਕੀਤੇ ਗਏ ਸਨ। ਹਾਕੀ ਦੇ ਕਪਤਾਨ ਮਨਪ੍ਰੀਤ ਸਿੰਘ (ਡੀਐਸਪੀ ਪੰਜਾਬ ਪੁਲਿਸ) ਨੇ ਕਿਹਾ ਕਿ ਉਨ੍ਹਾਂ ਨੇ ਮਹਾਰਾਜਾ ਦੇ ਖਾਣੇ ਬਾਰੇ ਸੁਣਿਆ ਸੀ ਪਰ ਅੱਜ ਜੋ ਉਨ੍ਹਾਂ ਨੇ ਖਾਧਾ ਉਹ ਉਨ੍ਹਾਂ ਦੀਆਂ ਉਮੀਦਾਂ ਤੋਂ ਕਿਤੇ ਵੱਧ ਹੈ।
ਇਹ ਵੀ ਪੜ੍ਹੋ : PU ਵਿਦਿਆਰਥੀਆਂ ਲਈ ਚੰਗੀ ਖਬਰ : ਪੜਾਅਦਾਰ ਤਰੀਕੇ ਨਾਲ ਖੁੱਲ੍ਹਣ ਜਾ ਰਹੀ ਯੂਨੀਵਰਸਿਟੀ, ਇਨ੍ਹਾਂ ਸ਼ਰਤਾਂ ਨਾਲ ਮਿਲੇਗੀ Entry