Home Quarantined Patients: ਕਪੂਰਥਲਾ: ਕੋਰੋਨਾ ਵਾਇਰਸ ਤੋਂ ਖ਼ੁਦ ਦੇ ਅਤੇ ਸਮਾਜ ਦੇ ਬਚਾਅ ਲਈ ਸਰਕਾਰ ਵੱਲੋਂ ਸਮੇਂ-ਸਮੇਂ ’ਤੇ ਜਾਰੀ ਨਿਯਮਾਂ ਅਤੇ ਹਦਾਇਤਾਂ ਦਾ ਪਾਲਣ ਕਰਨਾ ਜ਼ਰੂਰੀ ਹੈ। ਇਹ ਪ੍ਰਗਟਾਵਾ ਸਿਵਲ ਸਰਜਨ ਡਾ. ਜਸਮੀਤ ਬਾਵਾ ਨੇ ਕਰਦਿਆਂ ਦੱਸਿਆ ਕਿ ਸਿਹਤ ਵਿਭਾਗ ਦੇ ਆਈਸੋਲੇਸ਼ਨ ਵਾਰਡ ਵਿਚ ਕੁੱਲ 7 ਮਰੀਜ਼ ਰਹਿ ਰਹੇ ਹਨ, ਜਿਨਾਂ ਵਿਚੋਂ 4 ਦੇ ਟੈਸਟ ਦੁਬਾਰਾ ਭੇਜੇ ਗਏ ਹਨ ਅਤੇ ਉਨਾਂ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਉਨਾਂ ਦੱਸਿਆ ਕਿ ਫਗਵਾੜਾ ਦੇ ਕੋਰੋਨਾ ਪਾਜ਼ੀਟਿਵ ਮਰੀਜ਼ ਇੰਦਰ ਦੀ ਰਿਪੋਰਟ ਨੈਗੇਟਿਵ ਆਉਣ ’ਤੇ ਉਸ ਨੂੰ ਡਿਸਚਾਰਜ ਕਰ ਦਿੱਤਾ ਗਿਆ ਹੈ। ਉਨਾਂ ਇਹ ਵੀ ਦੱਸਿਆ ਕਿ ਆਨੰਦ ਕਾਲਜ ਵਿਖੇ ਰਹਿ ਰਹੇ 6 ਵਿਅਕਤੀਆਂ ਨੂੰ ਅਤੇ ਪ੍ਰੀਤ ਪੈਲੇਸ ਵਿਚ ਰਹਿ ਰਹੇ ਤਾਮਿਲਨਾਡੂ ਤੋਂ ਵਾਪਸ ਪਰਤੇ 19 ਵਿਅਕਤੀਆਂ ਨੂੰ ਹੋਮ ਕੁਆਰਨਟੀਨ ਲਈ ਭੇਜ ਦਿੱਤਾ ਗਿਆ ਹੈ।
ਇਸ ਤੋਂ ਇਲਾਵਾ ਲੰਦਨ ਹੋਟਲ ਵਿਚ ਸਿੰਗਾਪੁਰ ਤੋਂ ਵਾਪਸ ਪਰਤੇ ਮੋਹਿਤ ਅਰੋੜਾ ਨੂੰ ਵੀ ਹੋਮ ਕੁਆਰਨਟੀਨ ਲਈ ਭੇਜ ਦਿੱਤਾ ਗਿਆ ਹੈ। ਉਨਾਂ ਕਿਹਾ ਕਿ ਹੋਮ ਕੁਆਨਟੀਨ ਕੀਤੇ ਵਿਅਕਤੀਆਂ ਦੇ ਘਰ ਦੇ ਬਾਹਰ ਇਕਾਂਤਵਾਸ ਦਾ ਸਟਿੱਕਰ ਅਤੇ ਉਨਾਂ ਦੇ ਹੱਥ ’ਤੇ ਕੁਆਰਨਟੀਨ ਦੀ ਮੋਹਰ ਲਗਾਈ ਗਈ ਹੈ। ਉਨਾਂ ਕਿਹਾ ਕਿ ਹੋਮ ਕੁਆਰਨਟੀਨ ਕੀਤੇ ਵਿਅਕਤੀਆਂ ਨੂੰ ‘ਕੋਵਾ’ ਐਪ ਅਤੇ ‘ਅਰੋਗਿਆ ਸੇਤੂ’ ਐਪ ਡਾੳੂਨਲੋਡ ਕਰਨਾ ਜ਼ਰੁਰੀ ਹੈ। ਉਨਾ ਇਹ ਵੀ ਦੱਸਿਆ ਕਿ ਉਕਤ ਮਰੀਜ਼ਾਂ ਤੋਂ ਇਕ ਹਲਫੀਆ ਬਿਆਨ ਵੀ ਲਿਆ ਗਿਆ ਹੈ ਕਿ ਉਹ ਹੋਮ ਕੁਆਰਨਟੀਨ ਦੇ ਨਿਯਮਾਂ ਦੀ ਪਾਲਣਾ ਕਰਨਗੇ ਅਤੇ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਉਲੰਘਣਾ ਨਹੀਂ ਕਰਨਗੇ। ਇਸ ਦੌਰਾਨ ਜ਼ਿਲਾ ਐਪੀਡੀਮੋਲੋਜਿਸਟ ਡਾ. ਰਾਜੀਵ ਭਗਤ ਅਤੇ ਡਾ. ਨਵਪ੍ਰੀਤ ਕੌਰ ਨੇ ਦੱਸਿਆ ਕਿ ਯੂ. ਕੇ ਅਤੇ ਕੂਵੈਤ ਤੋਂ ਆਏ 26 ਐਨ. ਆਰ. ਆਈਜ਼ ਦੇ ਅੱਜ ਸੈਂਪਲ ਲਏ ਗਏ ਹਨ ਅਤੇ ਉਨਾਂ ਨੂੰ ਆਨੰਦ ਕਾਲਜ ਵਿਖੇ ਕੁਆਰਨਟੀਨ ਕੀਤਾ ਗਿਆ ਹੈ।