ਅੱਜ ਦੇ ਸਮੇਂ ਵਿੱਚ ਆਧਾਰ ਇੱਕ ਬਹੁਤ ਅਹਿਮ ਦਸਤਾਵੇਜ਼ ਬਣ ਗਿਆ ਹੈ। ਬਹੁਤ ਸਾਰੇ ਸਰਕਾਰੀ ਅਤੇ ਗੈਰ-ਸਰਕਾਰੀ ਕੰਮਾਂ ਵਿੱਚ ਇਸ ਦੀ ਲੋੜ ਹੁੰਦੀ ਹੈ, ਇਸ ਲਈ ਇਸ ਨਾਲ ਸਬੰਧਤ ਕਿਸੇ ਵੀ ਹਦਾਇਤ ਵੱਲ ਧਿਆਨ ਦੇਣਾ ਬਹੁਤ ਜ਼ਰੂਰੀ ਹੋ ਜਾਂਦਾ ਹੈ।
ਆਧਾਰ ਬਣਾਉਣ ਵਾਲੀ ਏਜੰਸੀ UIDAI ਨੇ ਟਵੀਟ ਰਾਹੀਂ ਜਾਣਕਾਰੀ ਦਿੱਤੀ ਹੈ ਕਿ ਜਿਨ੍ਹਾਂ ਲੋਕਾਂ ਦਾ ਆਧਾਰ ਕਾਰਡ 10 ਸਾਲ ਜਾਂ ਇਸ ਤੋਂ ਵੱਧ ਹੈ, ਉਨ੍ਹਾਂ ਨੂੰ ਇਸ ਨੂੰ ਅਪਡੇਟ ਕਰਨ ਦੀ ਲੋੜ ਹੈ। ਅਜਿਹਾ ਕਰਨ ਦੇ 2 ਤਰੀਕੇ ਹਨ, ਜਿਸ ਲਈ ਤੁਹਾਡੇ ਤੋਂ ਖਰਚਾ ਵੀ ਲਿਆ ਜਾਵੇਗਾ।
ਤੁਸੀਂ ਆਨਲਾਈਨ ਜਾਂ ਆਫਲਾਈਨ ਮੋਡ ਰਾਹੀਂ ਆਧਾਰ ਕਾਰਡ ਨੂੰ ਅਪਡੇਟ ਕਰ ਸਕਦੇ ਹੋ। ਆਧਾਰ ਨੂੰ ਆਨਲਾਈਨ ਅਪਡੇਟ ਕਰਨ ਲਈ 25 ਰੁਪਏ ਅਤੇ ਆਫਲਾਈਨ ਅਪਡੇਟ ਕਰਨ ਲਈ 50 ਰੁਪਏ ਦਾ ਭੁਗਤਾਨ ਕਰਨਾ ਹੋਵੇਗਾ। ਅਪਡੇਟ ਕਰਨ ਲਈ ਤੁਹਾਨੂੰ ਆਪਣੀ ਪਛਾਣ ਦਾ ਸਬੂਤ ਅਤੇ ਪਤੇ ਦਾ ਸਬੂਤ ਜਮ੍ਹਾ ਕਰਨਾ ਹੋਵੇਗਾ। ਇਨ੍ਹਾਂ ਦਸਤਾਵੇਜ਼ਾਂ ਨੂੰ ਆਨਲਾਈਨ ਮਾਧਿਅਮ ਰਾਹੀਂ ਅਪਲੋਡ ਕਰਕੇ ਤਸਦੀਕ ਕੀਤਾ ਜਾ ਸਕਦਾ ਹੈ।
ਏਜੰਸੀ ਨੇ ਨਾਗਰਿਕਾਂ ਨੂੰ ਠੱਗਾਂ ਤੋਂ ਦੂਰ ਰਹਿਣ ਦੀ ਸਲਾਹ ਵੀ ਦਿੱਤੀ ਹੈ। ਵੀਡੀਓ ‘ਚ ਕਿਹਾ ਗਿਆ ਹੈ ਕਿ ਧੋਖੇਬਾਜ਼ ਆਧਾਰ ਕਾਰਡ ਅਪਡੇਟ ਕਰਨ ਦੇ ਬਹਾਨੇ ਵੱਖ-ਵੱਖ ਤਰੀਕਿਆਂ ਨਾਲ ਤੁਹਾਡੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਸਕਦੇ ਹਨ। ਅਜਿਹੇ ਲੋਕਾਂ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ। ਜੇ ਤੁਸੀਂ ਆਧਾਰ ਨੂੰ ਆਫਲਾਈਨ ਅਪਡੇਟ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਇਸ ਦੇ ਲਈ ਆਧਾਰ ਸੇਵਾ ਕੇਂਦਰਾਂ ਦੀ ਮਦਦ ਲੈ ਸਕਦੇ ਹੋ। ਤੁਸੀਂ ਆਪਣੇ ਨੇੜੇ ਦੇ ਆਧਾਰ ਸੇਵਾ ਕੇਂਦਰਾਂ ਦੀ ਸੂਚੀ ਵੇਖਣ ਲਈ UMANG ਐਪ ਦੀ ਵਰਤੋਂ ਕਰ ਸਕਦੇ ਹੋ।
ਇਹ ਵੀ ਪੜ੍ਹੋ : ਇੱਕ ਹੋਰ ਸਾਬਕਾ ਕਾਂਗਰਸੀ ਮੰਤਰੀ ‘ਤੇ ਵਿਜੀਲੈਂਸ ਦਾ ਸ਼ਿਕੰਜਾ, ਬ੍ਰਹਮ ਮਹਿੰਦਰਾ ਨੂੰ ਕੀਤਾ ਤਲਬ
ਇਸ ਤੋਂ ਇਲਾਵਾ ਆਧਾਰ ਕਾਰਡ ਨੂੰ ਪੈਨ ਨਾਲ ਲਿੰਕ ਕਰਨ ਦੀ ਆਖਰੀ ਮਿਤੀ 31 ਮਾਰਚ 2023 ਹੈ। ਜੇ ਉਦੋਂ ਤੱਕ ਤੁਹਾਡਾ ਆਧਾਰ ਅਤੇ ਪੈਨ ਕਾਰਡ ਲਿੰਕ ਨਹੀਂ ਹੁੰਦਾ ਹੈ ਤਾਂ ਪੈਨ ਰੱਦ ਕਰ ਦਿੱਤਾ ਜਾਵੇਗਾ। ਵੱਖ-ਵੱਖ ਵਿੱਤੀ ਕਾਰਜਾਂ ਲਈ ਪੈਨ ਕਾਰਡ ਦੀ ਲੋੜ ਹੁੰਦੀ ਹੈ। ਉਦਾਹਰਨ ਲਈ ਤੁਹਾਨੂੰ ਡੀਮੈਟ ਖਾਤਾ ਖੋਲ੍ਹਣ ਜਾਂ ਬੈਂਕ ਵਿੱਚ ਵੱਡੀ ਰਕਮ ਜਮ੍ਹਾ ਕਰਨ ਲਈ ਪੈਨ ਕਾਰਡ ਦੀ ਮੰਗ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਪੈਨ ਕਾਰਡ ਇਨਕਮ ਟੈਕਸ ਭਰਨ ਲਈ ਵੀ ਫਾਇਦੇਮੰਦ ਹੈ।
ਤੁਹਾਨੂੰ ਦੱਸ ਦੇਈਏ ਕਿ ਆਧਾਰ ਦੇ ਜ਼ਰੀਏ ਤੁਹਾਡਾ ਬਾਇਓਮੈਟ੍ਰਿਕ ਡਾਟਾ ਯਾਨੀ ਅੱਖਾਂ ਦੀਆਂ ਪੁਤਲੀਆਂ ਅਤੇ ਫਿੰਗਰ ਪ੍ਰਿੰਟਸ ਨੂੰ ਸਰਕਾਰ ਦੁਆਰਾ ਸੁਰੱਖਿਅਤ ਰੱਖਿਆ ਜਾਂਦਾ ਹੈ। ਇਹ 2010 ਵਿੱਚ ਸ਼ੁਰੂ ਕੀਤਾ ਗਿਆ ਸੀ। ਅਜੋਕੇ ਸਮੇਂ ਵਿੱਚ ਇਸ ਦੀ ਵਰਤੋਂ ਗਰੀਬ ਲੋਕਾਂ ਦੇ ਖਾਤਿਆਂ ਵਿੱਚ ਸਿੱਧੀ ਵਿੱਤੀ ਸਹਾਇਤਾ ਪ੍ਰਦਾਨ ਕਰਨ ਲਈ ਕੀਤੀ ਜਾਂਦੀ ਹੈ।
ਵੀਡੀਓ ਲਈ ਕਲਿੱਕ ਕਰੋ -: