In Amritsar Church shooting case : ਅੰਮ੍ਰਿਤਸਰ ਪੁਲਿਸ ਨੇ ਗਿਲਵਾਲੀ ਫਾਟਕ ਸਥਿਤ ਚਰਚ ਵਿਖੇ ਹੋਈ ਗੋਲੀਬਾਰੀ ਦੇ ਮੁੱਖ ਦੋਸ਼ੀ ਕਾਂਗਰਸੀ ਆਗੂ ਰਣਦੀਪ ਸਿੰਘ ਗਿੱਲ ਸਮੇਤ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਸੀਆਈਏ ਸਟਾਫ ਦੀ ਟੀਮ ਨੇ ਹੁਸ਼ਿਆਰਪੁਰ ਦੇ ਟਾਂਡਾ ਨੇੜੇ ਮੁਲਜ਼ਮ ਨੂੰ ਕਾਬੂ ਕੀਤਾ। ਇਸ ਘਟਨਾ ਵਿਚ ਰਣਦੀਪ ਸਿੰਘ ਗਿੱਲ ਨੇ ਸੱਤ-ਅੱਠ ਹੋਰਨਾਂ ਨਾਲ ਮਿਲ ਕੇ ਚਰਚ ਵਿਚ ਦਾਖਲ ਹੋ ਕੇ ਅੰਨ੍ਹੇਵਾਹ ਫਾਇਰਿੰਗ ਕੀਤੀ ਅਤੇ ਪ੍ਰਿੰਸ ਨਾਮ ਦੇ ਨੌਜਵਾਨ ਦੀ ਹੱਤਿਆ ਕਰ ਦਿੱਤੀ ਸੀ। ਉਥੇ ਹੀ ਪ੍ਰਿੰਸ ਦਾ ਭਰਾ ਮਨੋਜ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਸੀ। ਪੁਲਿਸ ਅਨੁਸਾਰ ਗਿੱਲ ਅਤੇ ਉਸਦੇ ਸਾਥੀਆਂ ਨੇ ਚਰਚ ਵਿਖੇ 15-20 ਗੋਲੀਆਂ ਚਲਾਈਆਂ। ਫੜੇ ਗਏ ਦੋਸ਼ੀਆਂ ਵਿੱਚ ਰਣਦੀਪ ਦਾ ਭਰਾ ਬਲਰਾਮ ਸਿੰਘ ਗਿੱਲ ਅਤੇ ਉਸਦਾ ਨਿੱਜੀ ਸਕੱਤਰ ਸੂਰਜ ਸ਼ਾਮਲ ਹਨ। ਮੁਲਜ਼ਮਾਂ ਦੇ ਕਬਜ਼ੇ ਵਿਚੋਂ ਇਕ ਰਾਈਫਲ, ਇਕ ਰਿਵਾਲਵਰ, ਇਨੋਵਾ ਅਤੇ ਮੋਬਾਈਲ ਬਰਾਮਦ ਹੋਏ ਹਨ।
ਦੱਸਣਯੋਗ ਹੈ ਕਿ ਰਣਦੀਪ ਸਿੰਘ ਗਿੱਲ ’ਤੇ ਪਹਿਲਾਂ ਵੀ ਦਾ ਅਪਰਾਧਿਕ ਰਿਕਾਰਡ ਹਨ। 12 ਅਗਸਤ, 2003 ਨੂੰ ਸੀ ਡਿਵੀਜ਼ਨ ਦੀ ਪੁਲਿਸ ਨੇ ਉਸ ’ਤੇ ਪਿਸਤੌਲ ਦਿਖਾਉਣ ਅਤੇ ਮਾਰਕੁੱਟ ਦਾ ਮਾਮਲਾ ਦਰਜ ਕੀਤਾ ਸੀ। 29 ਮਈ, 2008 ’ਚ ਸੀ ਡਵੀਜ਼ਨ ਪੁਲਿਸ ਦੁਆਰਾ ਕਤਲ ਅਤੇ ਹਮਲਾ ਕਰਨ ਦੀ ਕੋਸ਼ਿਸ਼ ਦਾ ਕੇਸ ਦਰਜ ਕੀਤਾ ਗਿਆ ਸੀ। 31 ਮਾਰਚ, 2014 ਨੂੰ ਤਰਨਤਾਰਨ ਸਿਟੀ ਪੁਲਿਸ ਨੇ ਧੋਖਾਧੜੀ, ਬਰਾਮਦਗੀ ਅਤੇ ਸਾਜਿਸ਼ ਰਚਣ ਦੇ ਦੋਸ਼ ਵਿੱਚ ਕੇਸ ਦਰਜ ਕੀਤਾ ਸੀ। 25 ਅਗਸਤ 2016 ਨੂੰ ਰਾਮਬਾਗ ਪੁਲਿਸ ਨੇ ਹਮਲਾ ਅਤੇ ਬਰਾਮਦਗੀ ਦਾ ਕੇਸ ਦਰਜ ਕੀਤਾ। ਉਥੇ ਹੀ ਬਲਰਾਮ ਸਿੰਘ ਗਿੱਲ ’ਤੇ ਵੀ ਪਹਿਲਾਂ ਮਾਮਲੇ ਦਰਜ ਹਨ, ਜਿਨ੍ਹਾਂ ਵਿੱਚ 13 ਮਾਰਚ 2018 ਨੂੰ ਬੀ ਡਵੀਜ਼ਨ ਪੁਲਿਸ ਨੇ ਜਾਅਲੀ ਦਸਤਾਵੇਜ਼ਾਂ ਤੇ ਧੋਖਾਧੜੀ ਦਾ ਕੇਸ ਦਰਜ ਕੀਤਾ ਗਿਆ ਸੀ। 28 ਅਗਸਤ 2019 ਨੂੰ ਮਹਿਲਾ ਥਾਣਾ ਦੀ ਪੁਲਿਸ ਨੇ ਦਾਜ ਪ੍ਰੇਸ਼ਾਨ ਕਰਨ ਦਾ ਕੇਸ ਦਰਜ ਕੀਤਾ ਸੀ।
ਦੱਸਣਯੋਗ ਹੈ ਕਿ ਅੰਮ੍ਰਿਤਸਰ ‘ਚ ਸ਼ੁੱਕਰਵਾਰ ਸ਼ਾਮ ਨੂੰ ਰਣਦੀਪ ਸਿੰਘ ਗਿੱਲ ਨੇ 7-8 ਸਾਥੀਆਂ ਨਾਲ ਚਰਚ ‘ਚ ਵੜ ਕੇ ਲਗਭਗ 20 ਰਾਊਂਡ ਗੋਲੀਆਂ ਚਲਾਈਆਂ। ਰਣਦੀਪ ਇਸ ਗੱਲ ਤੋਂ ਨਾਰਾਜ਼ ਸੀ ਕਿ ਲੌਕਡਾਊਨ ਦੌਰਾਨ ਪਾਸਟਰ ਪ੍ਰਿੰਸ ਨੇ ਉਸ ਨੂੰ ਚਰਚ ‘ਚ ਆਉਣ ਤੋਂ ਰੋਕਿਆ ਸੀ। ਇਸ ਗੱਲ ਨੂੰ ਲੈ ਕੇ ਰਣਦੀਪ ਤੇ ਪ੍ਰਿੰਸ ਵਿਚਕਾਰ ਝਗੜਾ ਸੀ। ਕੁਝ ਦਿਨ ਪਹਿਲਾਂ ਹੀ ਦੋਵਾਂ ਦਰਮਿਆਨ ਸਮਝੌਤਾ ਵੀ ਹੋਇਆ ਸੀ ਪਰ ਅੱਜ ਰਣਦੀਪ ਨੇ ਚਰਚ ‘ਚ ਦਾਖਲ ਹੋ ਕੇ ਫਾਇਰਿੰਗ ਕਰ ਦਿੱਤੀ।