ਮੋਹਾਲੀ ਵਿੱਚ ਖੁਫੀਆ ਮੁੱਖ ਦਫਤਰ ‘ਤੇ ਹਮਲੇ ਦੇ ਸਬੰਧ ਵਿੱਚ ਸੋਹਾਣਾ ਥਾਣੇ ਵਿੱਚ ਐੱਫ.ਆਈ.ਆਰ. ਦਰਜ ਕੀਤੀ ਗਈ ਹੈ। ਐੱਸ.ਆਈ. ਬਲਕਾਰ ਸਿੰਘ ਦੇ ਬਿਆਨਾਂ ’ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ 307 ਆਈਪੀਸੀ, 16 ਯੂਏਪੀਏ ਅਤੇ 03 ਵਿਸਫੋਟਕ ਪਦਾਰਥ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।
ਇਸ ਦੇ ਨਾਲ ਹੀ ਪੰਜਾਬ ਪੁਲਿਸ ਦੇ ਉੱਚ ਅਧਿਕਾਰੀ ਨੇ ਪੁਸ਼ਟੀ ਕੀਤੀ ਹੈ ਕਿ ਮੁਹਾਲੀ ਪੰਜਾਬ ਇੰਟੈਲੀਜੈਂਸ ਬਿਲਡਿੰਗ ਧਮਾਕੇ ਦੇ ਸਬੰਧ ਵਿੱਚ 11 ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।
ਮੋਹਾਲੀ ‘ਚ ਪੰਜਾਬ ਪੁਲਸ ਦੇ ਖੁਫੀਆ ਵਿਭਾਗ ਦੇ ਦਫਤਰ ‘ਤੇ ਹੋਏ ਹਮਲੇ ਤੋਂ ਬਾਅਦ ਪੂਰਾ ਪੰਜਾਬ ਹਾਈ ਅਲਰਟ ‘ਤੇ ਹੈ। ਇਸ ਮਾਮਲੇ ਨੂੰ ਲੈ ਕੇ ਸੀਐਮ ਭਗਵੰਤ ਮਾਨ ਨੇ ਸਵੇਰੇ ਡੀਜੀਪੀ ਸਣੇ ਸਾਰੇ ਵੱਡੇ ਪੁਲਿਸ ਅਧਿਕਾਰੀਆਂ ਦੀ ਮੀਟਿੰਗ ਬੁਲਾਈ ਹੈ। ਇਸ ਦੇ ਨਾਲ ਹੀ NIA ਦੀ ਟੀਮ ਵੀ ਮਾਮਲੇ ਦੀ ਜਾਂਚ ਲਈ ਮੋਹਾਲੀ ਆ ਰਹੀ ਹੈ।
ਸੋਮਵਾਰ ਰਾਤ ਮੋਹਾਲੀ ‘ਚ ਪੰਜਾਬ ਇੰਟੈਲੀਜੈਂਸ ਦੇ ਦਫਤਰ ‘ਤੇ ਚੱਲਦੀ ਕਾਰ ‘ਚੋਂ ਰਾਕੇਟ ਲਾਂਚਰ ਨਾਲ ਹਮਲਾ ਕੀਤਾ ਗਿਆ। ਪੁਲਸ ਸੂਤਰਾਂ ਮੁਤਾਬਕ ਹਮਲਾਵਰ ਸਵਿਫਟ ਕਾਰ ‘ਚ ਆਏ ਸਨ ਅਤੇ ਚੱਲਦੀ ਕਾਰ ਤੋਂ ਹੀ ਇਮਾਰਤ ਨੂੰ ਨਿਸ਼ਾਨਾ ਬਣਾਇਆ ਸੀ। ਇਹ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ।
ਇਸ ਦੇ ਨਾਲ ਹੀ ਰਾਕੇਟ ਲਾਂਚਰ ਤੋਂ ਹਮਲੇ ਦੀ ਸੂਚਨਾ ਮਿਲਣ ਤੋਂ ਬਾਅਦ ਮੁਹਾਲੀ ਹੀ ਨਹੀਂ ਟਰਾਈਸਿਟੀ ਦੇ ਅਧਿਕਾਰੀ ਵੀ ਹਰਕਤ ਵਿੱਚ ਆ ਗਏ। ਮੋਹਾਲੀ ਪੁਲਸ ਮੁਤਾਬਕ ਧਮਾਕਾ ਸੋਮਵਾਰ ਸ਼ਾਮ ਕਰੀਬ 7.45 ਵਜੇ ਹੋਇਆ। ਜਦੋਂ ਹਮਲਾ ਹੋਇਆ ਤਾਂ ਜ਼ਿਆਦਾਤਰ ਕਰਮਚਾਰੀ ਹੈੱਡਕੁਆਰਟਰ ਤੋਂ ਘਰੋਂ ਨਿਕਲ ਚੁੱਕੇ ਸਨ। ਉਥੇ ਸਿਰਫ਼ ਸੁਰੱਖਿਆ ਅਮਲਾ ਹੀ ਤਾਇਨਾਤ ਸੀ।
ਪੁਲਸ ਨੇ ਦੱਸਿਆ ਕਿ ਰਾਕੇਟ ਵਰਗੇ ਹਥਿਆਰ ਨੂੰ 25-30 ਮੀਟਰ ਦੀ ਦੂਰੀ ਤੋਂ ਦਾਗਿਆ ਗਿਆ, ਜਿਸ ਕਾਰਨ ਇਹ ਇਮਾਰਤ ਦੀ ਖਿੜਕੀ ਅਤੇ ਸ਼ੀਸ਼ੇ ਨੂੰ ਤੋੜਦੇ ਹੋਏ ਸਿੱਧਾ ਹੈੱਡਕੁਆਰਟਰ ਦੇ ਮੇਜ਼ ਦੇ ਨੇੜੇ ਜਾ ਡਿੱਗਿਆ। ਹਮਲੇ ਤੋਂ ਤੁਰੰਤ ਬਾਅਦ ਸੀਨੀਅਰ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਅਤੇ ਤੁਰੰਤ ਪੂਰੇ ਇਲਾਕੇ ਨੂੰ ਪੁਲਿਸ ਨੇ ਘੇਰਾ ਪਾ ਲਿਆ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਸੀਐਮ ਭਗਵੰਤ ਮਾਨ ਨੇ ਪੂਰੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ। ਉਨ੍ਹਾਂ ਟਵੀਟ ਕੀਤਾ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਡੀਜੀਪੀ ਤੋਂ ਪੂਰੇ ਮਾਮਲੇ ਦੀ ਰਿਪੋਰਟ ਮੰਗੀ ਹੈ। ਇਸ ਤੋਂ ਬਾਅਦ ਪੂਰੇ ਪੰਜਾਬ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ।