In Gurdaspur one more death : ਕੋਰੋਨਾ ਦਾ ਕਹਿਰ ਪੰਜਾਬ ਵਿਚ ਲਗਾਤਾਰ ਜਾਰੀ ਹੈ। ਅੱਜ ਗੁਰਦਾਸਪੁਰ ਵਿਚ ਕੋਰੋਨਾ ਕਾਰਨ ਇਕ ਹੋਰ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ ਜਿਥੇ 67 ਸਾਲਾ ਔਰਤ ਨੇ ਹਸਪਤਾਲ ਵਿਚ ਹਾਲਤ ਗੰਭੀਰ ਹੋਣ ਦੇ ਚੱਲਦਿਆਂ ਦਮ ਤੋੜ ਦਿੱਤਾ। ਇਸ ਤੋਂ ਇਲਾਵਾ ਜ਼ਿਲੇ ਵਿਚ ਕੋਰੋਨਾ ਦੇ 9 ਨਵੇਂ ਮਾਮਲਿਆਂ ਦੀ ਵੀ ਪੁਸ਼ਟੀ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਇਹ ਔਰਤ ਭਾਮ ਨੇੜਲੇ ਪਿੰਡ ਸ਼ਿਕਾਰਾ ਦੀ ਰਹਿਣ ਵਾਲੀ ਸੀ ਅਤੇ ਉਹ ਕੈਂਸਰ ਤੋਂ ਪੀੜਤ ਸੀ। ਇਸ ਨੂੰ ਕੱਲ੍ਹ ਹਾਲਤ ਗੰਭੀਰ ਹੋਣ ਦੇ ਕਾਰਨ ਅੰਮ੍ਰਿਤਸਰ ਹਸਪਤਾਲ ਵਿਚ ਰੈਫਰ ਕੀਤਾ ਗਿਆ ਹੈ, ਜਿਥੇ ਅੱਜ ਉਸ ਦੀ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਜ਼ਿਲੇ ਵਿਚ ਕੋਰੋਨਾ ਨਾਲ ਹੋਣ ਵਾਲੀ ਇਹ 10ਵੀਂ ਮੌਤ ਹੈ। ਉਥੇ ਹੀ ਹੁਣ ਨਵੇਂ ਮਾਮਲੇ ਸਾਹਮਣੇ ਆਉਣ ਨਾਲ ਕੋਰੋਨਾ ਪੀੜਤਾਂ ਦੀ ਗਿਣਤੀ 313 ਹੋ ਗਈ ਹੈ।
ਸਿਹਤ ਵਿਭਾਗ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਅੱਜ ਸਾਹਮਣੇ ਆਏ ਨਵੇਂ ਮਰੀਜ਼ਾਂ ਵਿਚ ਕਾਹਨੂੰਵਾਨ ਤੋਂ ਇਕ 27 ਸਾਲਾ ਲੜਕੀ ਦੀ ਰਿਪੋਰਟ ਪੰਚਕੂਲਾ ਵਿਚ ਕੋਰੋਨਾ ਪਾਜ਼ੀਟਿਵ ਆਈ ਹੈ। ਅਤੇ ਉਥੇ ਦੇ ਹੀ ਹਸਪਤਾਲ ਵਿਚ ਉਸ ਦਾ ਇਲਾਜ ਸ਼ੁਰੂ ਕੀਤਾ ਗਿਆ ਹੈ। ਫਤਹਿਗੜ੍ਹ ਚੂੜੀਆਂ ਤੋਂ 33 ਸਾਲਾ ਵਿਅਕਤੀ, ਜੋਕਿ ਲੁਧਿਆਣਾ ਵਿਚ ਇਕ ਸੁਰੱਖਿਆ ਅਫਸਰ ਹੈ ਦੀ ਰਿਪੋਰਟ ਵਿਚ ਵੀ ਕੋਰੋਨਾ ਪਾਜ਼ੀਟਿਵ ਹੋਣ ਦੀ ਪੁਸ਼ਟੀ ਹੋਈ ਹੈ। ਇਸ ਤੋਂ ਇਲਾਵਾ ਪਿੰਡ ਸੇਖਵਾਂ ਦਾ ਸਾਊਦੀ ਅਰਬ ਤੋਂ ਪਰਤੇ 26 ਸਾਲਾ ਨੌਜਵਾਨ, ਗੁਰਦਾਸਪੁਰ ਨੰਗਲ ਤੋਂ 47 ਸਾਲਾ ਵਿਅਕਤੀ, ਬਟਾਲਾ ਤੋਂ ਮਿਆਨ ਮੁਹੱਲੇ ਦੇ 36 ਸਾਲਾ ਵਿਅਕਤੀ, ਪਿੰਡ ਸਾਹੋਵਾਲ ਤੋਂ 51 ਸਾਲਾ ਵਿਅਕਤੀ, ਪਿੰਡ ਮਠੋਲਾ ਤੋਂ 26 ਸਾਲਾ ਨੌਜਵਾਨ ਅਤੇ ਇਕ 50 ਸਾਲਾ ਵਿਅਕਤੀ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਪਾਈ ਗਈ ਹੈ।
ਸਿਵਲ ਸਰਜਨ ਡਾ. ਕਿਸ਼ਨ ਚੰਦ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲੇ ਵਿਚ ਹੁਣ ਤੱਕ 21,251 ਸ਼ੱਕੀ ਮਰੀਜ਼ਾਂ ਦੇ ਸੈਂਪਲ ਲਏ ਜਾ ਚੁੱਕੇ ਹਨ, ਜਿਨ੍ਹਾਂ ਵਿਚੋਂ 20,978 ਲੋਕਾਂ ਦੀ ਰਿਪੋਰਟ ਨੈਗੇਟਿਵ ਆਈ ਹੈ, ਜਦਕਿ 24 ਰਿਪੋਰਟਾਂ ਦੇ ਨਤੀਜੇ ਆਉਣੇ ਅਜੇ ਬਾਕੀ ਹਨ। ਰਾਹਤ ਵਾਲੀ ਗੱਲ ਇਹ ਹੈ ਕਿ ਹੁਣ ਤੱਕ ਜ਼ਿਲੇ 271 ਲੋਕਾਂ ਨੇ ਕੋਰੋਨਾ ਨੂੰ ਮਾਤ ਦੇ ਦਿੱਤੀ ਹੈ, ਜਿਨ੍ਹਾਂ ਵਿਚੋਂ 39 ਨੂੰ ਫਿਲਹਾਲ ਘਰਾਂ ਵਿਚ ਕੁਆਰੰਟਾਈਨਕੀਤਾ ਗਿਆ ਹੈ। ਮੌਜੂਦਾ ਸਮੇਂ ਜ਼ਿਲੇ ਵਿਚ ਕੋਰੋਨਾ ਦੇ 27 ਸਰਗਰਮ ਮਾਮਲੇ ਹਨ, ਜਿਨ੍ਹਾਂ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ।