In Punjab the heat : ਪੰਜਾਬ ਵਿਚ ਜਿਵੇਂ ਹੀ ਕਰਫਿਊ ਖਤਮ ਹੋਇਆ ਸੜਕਾਂ ‘ਤੇ ਗੱਡੀਆਂ ਚੱਲਣ ਨਾਲ ਪ੍ਰਦੂਸ਼ਣ ਫੈਲ ਗਿਆ ਤੇ ਦੂਜੇ ਪਾਸੇ ਤਾਪਮਾਨ ਵਧਣਾ ਵੀ ਸ਼ੁਰੂ ਹੋ ਗਿਆ। ਪੰਜਾਬ ਸਮੇਤ ਸਮੁੱਚੇ ਉੱਤਰੀ ਭਾਰਤ ਦੇ ਮੈਦਾਨੀ ਇਲਾਕਿਆਂ ’ਚ ਇਸ ਵੇਲੇ ਗਰਮੀ ਨੇ ਅੱਤ ਚੁੱਕੀ ਹੋਈ ਹੈ। ਬਹੁਤੇ ਸਥਾਨਾਂ ਉੱਤੇ ਸਵੇਰੇ 9–10 ਵਜੇ ਹੀ ਲੂ ਚੱਲਣੀ ਸ਼ੁਰੂ ਹੋ ਜਾਂਦੀ ਹੈ, ਜੋ ਸ਼ਾਮੀਂ ਚਾਰ–ਪੰਜ ਵਜੇ ਤੱਕ ਚੱਲਦੀ ਹੈ। ਕੁਝ ਤਾਂ ਕੋਰੋਨਾ ਵਾਇਰਸ ਦੀ ਮਹਾਮਾਰੀ ਦੇ ਡਰ ਨੇ ਲੋਕਾਂ ਦਾ ਤ੍ਰਾਹ ਕੱਢਿਆ ਹੋਇਆ ਹੈ; ਜਿਸ ਕਾਰਨ ਲੋਕ ਪਹਿਲਾਂ ਹੀ ਘਰਾਂ ਤੋਂ ਘੱਟ ਹੀ ਬਾਹਰ ਨਿੱਕਲ ਰਹੇ ਹਨ ਤੇ ਰਹੀ–ਸਹੀ ਕਸਰ ਹੁਣ ਭਿਆਨਕ ਕਿਸਮ ਦੀ ਲੂ ਨੇ ਪੂਰੀ ਕਰ ਦਿੱਤੀ ਹੈ। ਅੱਜ ਸਵੇਰੇ 9 ਵਜੇ ਲੁਧਿਆਣਾ, ਬਠਿੰਡਾ, ਸੰਗਰੂਰ, ਪਟਿਆਲਾ ’ਚ ਤਾਪਮਾਨ 43 ਡਿਗਰੀ ਸੈਲਸੀਅਸ ਚੱਲ ਰਿਹਾ ਸੀ, ਜਿਸ ਦੇ ਬਾਅਦ ਦੁਪਹਿਰ 45 ਤੋਂ 46 ਡਿਗਰੀ ਸੈਲਸੀਅਸ ਤੱਕ ਚਲੇ ਜਾਣ ਦਾ ਅਨੁਮਾਨ ਹੈ। ਇੰਝ ਹੀ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਸਮੇਤ ਜਲੰਧਰ, ਅੰਮ੍ਰਿਤਸਰ ਤੇ ਗੁਰਦਾਸਪੁਰ ’ਚ ਤਾਪਮਾਨ ਸਵੇਰੇ 9 ਵਜੇ ਹੀ 42 ਡਿਗਰੀ ਸੈਲਸੀਅਸ ’ਤੇ ਸੀ। ਦੁਪਹਿਰ ਤੱਕ ਇਸ ਦੇ 44 ਤੋਂ 45 ਡਿਗਰੀ ਸੈਲਸੀਅਸ ਤੱਕ ਪੁੱਜ ਜਾਣ ਦਾ ਅਨੁਮਾਨ ਹੈ। ਦਰਅਸਲ, ਮਨੁੱਖੀ ਸਰੀਰ ਦਾ ਤਾਪਮਾਨ 37 ਡਿਗਰੀ ਸੈਲਸੀਅਸ ਰਹਿੰਦਾ ਹੈ ਤੇ ਉਸ ਤੋਂ ਵੱਧ ਜੇ ਵਾਤਾਵਰਣ ਦਾ ਤਾਪਮਾਨ ਹੋਵੇ, ਤਾਂ ਗਰਮੀ ਲੱਗਣ ਲੱਗ ਜਾਂਦੀ ਹੈ ਤੇ ਜੇ ਉਸ ਤੋਂ ਘਟ ਜਾਵੇ, ਤਾਂ ਠੰਢਕ ਮਹਿਸੂਸ ਹੋਣ ਲੱਗਦੀ ਹੈ।
ਅੱਜ ਸਵੇਰੇ 9 ਵਜੇ ਹੀ ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਦਾ ਤਾਪਮਾਨ ਜਿੱਥੇ 25 ਡਿਗਰੀ ਸੈਲਸੀਅਸ ਸੀ, ਉੱਥੇ ਰੇਗਿਸਤਾਨੀ ਸੂਬੇ ਰਾਜਸਥਾਨ ਦੀ ਰਾਜਧਾਨੀ ਜੈਪੁਰ ਦਾ ਤਾਪਮਾਨ 43 ਡਿਗਰੀ ਸੈਲਸੀਅਸ ਸੀ। ਇਸ ਦਾ ਮਤਲਬ ਹੈ ਕਿ ਪੰਜਾਬ ਦੇ ਮਾਲਵਾ ਇਲਾਕੇ ਦਾ ਤਾਪਮਾਨ ਰਾਜਸਥਾਨ ਨਾਲ ਹੀ ਮਿਲਦਾ ਜੁਲਦਾ ਹੈ। ਉੱਧਰ ਪਹਾੜਾਂ ਦੀ ਰਾਣੀ ਮਸੂਰੀ (ਉੱਤਰਾਖੰਡ) ਦਾ ਤਾਪਮਾਨ ਸਵੇਰੇ 9 ਵਜੇ 28 ਡਿਗਰੀ ਸੈਲਸੀਅਸ ’ਤੇ ਸੀ। ਦੇਸ਼ ਦੀ ਰਾਜਧਾਨੀ ਦਾ ਤਾਪਮਾਨ 44 ਡਿਗਰੀ ਸੈਲਸੀਅਸ ’ਤੇ ਸੀ; ਜਿਸ ਦੇ ਦੁਪਹਿਰ ਤੱਕ 46 ਤੋ 47 ਡਿਗਰੀ ਸੈਲਸੀਅਸ ਤੱਕ ਪੁੱਜ ਜਾਣ ਦਾ ਅਨੁਮਾਨ ਹੈ। ਗਰਮੀਆਂ ’ਚ ਉੱਤਰੀ ਭਾਰਤ ਦੇ ਬਹੁਤ ਸਾਰੇ ਮੈਦਾਨੀ ਇਲਾਕਿਆਂ ਦਾ ਤਾਪਮਾਨ 50 ਡਿਗਰੀ ਤੱਕ ਵੀ ਪੁੱਜ ਜਾਂਦਾ ਹੈ