ਸ੍ਰੀ ਹਰਿਮੰਦਰ ਸਾਹਿਬ ਵਿੱਚ ਸ਼ਨੀਵਾਰ ਵਾਪਰੀ ਮੰਦਭਾਗੀ ਘਟਨਾ ‘ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਇਹ ਇੱਕ ਸੋਚੀ-ਸਮਝੀ ਸਾਜ਼ਿਸ਼ ਲੱਗ ਰਹੀ ਹੈ। ਉਨ੍ਹਾਂ ਕਿਹਾ ਕਿ ਅਸੀਂ ਤਹਿਕੀਕਾਤ ਕਰ ਰਹੇ ਹਾਂ।
ਐਡਵੋਕੇਟ ਧਾਮੀ ਨੇ ਕਿਹਾ ਕਿ ਇਸ ਤਰ੍ਹਾਂ ਦੀ ਘਟਨਾ ਨੂੰ ਕੋਈ ਬਰਦਾਸ਼ਤ ਨਹੀਂ ਕਰਦਾ ਕਿ ਕੋਈ ਸੱਚਖੰਡ ਸ੍ਰੀ ਦਰਬਾਰ ਵਿੱਚ ਦਾਖ਼ਲ ਹੋ ਕੇ ਬੇਅਦਬੀ ਕਰਨ ਦੀ ਕੋਸ਼ਿਸ਼ ਕਰੇ। ਇਸੇ ਕਰਕੇ ਗੁੱਸੇ ਵਿੱਚ ਆਈ ਭੀੜ ਨੇ ਜਜ਼ਬਾਤੀ ਹੋ ਕੇ ਦੋਸ਼ੀ ਦਾ ਕਤਲ ਕਰ ਦਿੱਤਾ।
ਉਨ੍ਹਾਂ ਕਿਹਾ ਕਿ ਫਿਲਹਾਲ ਇਹ ਪਤਾ ਨਹੀਂ ਲੱਗਾ ਕਿ ਮੁਲਜ਼ਮ ਕੌਣ ਸੀ ਅਤੇ ਕਿੱਥੋਂ ਆਇਆ ਸੀ, ਇਸ ਬਾਰੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਹੈ। ਸੀਸੀਟੀਵੀ ਫੁਟੇਜ ਵੇਖਣ ਤੋਂ ਪਤਾ ਲੱਗਦਾ ਹੈ ਕਿ ਉਹ ਇਕੱਲਾ ਹੀ ਸੀ।
ਵੀਡੀਓ ਲਈ ਕਲਿੱਕ ਕਰੋ -:
Vegetable Soup Recipe | ਵੈਜ਼ੀਟੇਬਲ ਸੂਪ ਬਨਾਉਣ ਦਾ ਆਸਾਨ ਤਰੀਕਾ | Healthy Veg Soup | Health Diet
ਸਾਰੇ ਸੀਸੀਟੀਵੀ ਫੁਟੇਜ ਘੋਖ ਕੇ ਪਤਾ ਲਗਾਇਆ ਜਾਵੇਗਾ ਕਿ ਉਹ ਕਦੋਂ ਸ੍ਰੀ ਦਰਬਾਰ ਸਾਹਿਬ ਪਹੁੰਚਿਆ। ਉਨ੍ਹਾਂ ਕਿਹਾ ਕਿ ਚੋਣਾਂ ਦਾ ਸਮਾਂ ਨੇੜੇ ਆ ਰਿਹਾ ਹੈ ਅਤੇ ਇਹ ਇੱਕ ਸੋਚੀ-ਸਮਝੀ ਸਾਜ਼ਿਸ਼ ਲੱਗ ਰਹੀ ਹੈ ਕਿਉਂਕਿ ਦੋ ਦਿਨ ਪਹਿਲਾਂ ਵੀ ਇੱਕ ਵਿਅਕਤੀ ਨੂੰ ਬੇਅਦਬੀ ਦੀ ਕੋਸ਼ਿਸ਼ ਕਰਦਿਆਂ ਫੜ ਲਿਆ ਗਿਆ ਸੀ।
ਇਹ ਵੀ ਪੜ੍ਹੋ : ‘ਪੰਜਾਬ ਸਰਕਾਰ ਬੇਅਦਬੀ ਦੀ ਕੋਸ਼ਿਸ਼ ਪਿੱਛੇ ਸਾਜ਼ਿਸ਼ ਦਾ ਲੋਕਾਂ ‘ਚ ਪਰਦਾਫਾਸ਼ ਕਰੇ’- ਸਿਰਸਾ
ਉਨ੍ਹਾਂ ਗੁਰਦੁਆਰਾ ਪ੍ਰਬੰਧਕਾਂ ਨੂੰ ਅਪੀਲ ਕੀਤੀ ਕਿ ਉਹ ਗੁਰਦੁਆਰਾ ਸਾਹਿਬਾਨਾਂ ਵਿੱਚ ਸਕਿਓਰਿਟੀ ਦਾ ਪੂਰਾ ਪ੍ਰਬੰਧ ਕਰਨ ਤਾਂ ਜੋ ਅਜਿਹੀਆਂ ਘਟਨਾਵਾਂ ਨਾ ਵਾਪਰ ਸਕਣ।
ਦੱਸਣਯੋਗ ਹੈ ਕਿ ਅੱਜ ਸ਼ਾਮ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿੱਚ ਸ਼ਾਮ ਜਿਸ ਵੇਲੇ ਰਹਿਰਾਸ ਸਾਹਿਬ ਦਾ ਪਾਠ ਚੱਲ ਰਿਹਾ ਸੀ ਤਾਂ ਇੱਕ ਵਿਅਕਤੀ ਗੁਰੂ ਸਾਹਿਬ ਜੀ ਦੇ ਸੁਸ਼ੋਭਿਤ ਵਾਲੀ ਥਾਂ ‘ਤੇ ਜੰਗਲਾ ਟੱਪ ਕੇ ਆ ਗਿਆ ਅਤੇ ਉਸ ਨੇ ਰੁਮਾਲਾ ਸਾਹਿਬ ‘ਤੇ ਪੈਰ ਰੱਖ ਦਿੱਤਾ ਪਰ ਉਸ ਨੂੰ ਗੁਰੂ ਗ੍ਰੰਥ ਸਾਹਿਬ ਕੋਲ ਜਾਣ ਤੋਂ ਪਹਿਲਾਂ ਹੀ ਮੌਕੇ ‘ਤੋਂ ਹੀ ਕਾਬੂ ਕਰ ਲਿਆ ਗਿਆ। ਇਸ ਤੋਂ ਬਾਅਦ ਗੁੱਸੇ ਵਿੱਚ ਆਈ ਭੀੜ ਨੇ ਉਸ ਨੂੰ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ।