ਭਾਰਤ ਦੀ ਸਿਖਰ ਮੈਡੀਕਲ ਖੋਜ ਸੰਸਥਾ – ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ICMR) ਕੋਵਿਡ ਤੋਂ ਬਾਅਦ ਦੀ ਦੁਨੀਆ ਵਿੱਚ ਨੌਜਵਾਨਾਂ ਦੀਆਂ ‘ਅਚਾਨਕ ਮੌਤਾਂ’ ਦੇ ਕਾਰਨਾਂ ਨੂੰ ਸਮਝਣ ਲਈ ਦੋ ਵੱਡੇ ਅਧਿਐਨ ਕਰ ਰਹੀ ਹੈ। ICMR ਦੇ ਡਾਇਰੈਕਟਰ ਜਨਰਲ ਡਾਕਟਰ ਰਾਜੀਵ ਬਹਿਲ ਇਹ ਖੋਜ 18 ਤੋਂ 45 ਸਾਲ ਦੀ ਉਮਰ ਵਰਗ ਵਿੱਚ ਹੋਣ ਵਾਲੀਆਂ ਮੌਤਾਂ ਦੀ ਜਾਂਚ ਲਈ ਕਰ ਰਹੇ ਹਨ। ਗੁਜਰਾਤ ਦੇ ਗਾਂਧੀਨਗਰ ਵਿੱਚ ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਦੇ ਗਲੋਬਲ ਟ੍ਰੈਡੀਸ਼ਨਲ ਮੈਡੀਸਨ ਸੰਮੇਲਨ (ਜੀਸੀਟੀਐਮ) ਦੇ ਮੌਕੇ ‘ਤੇ ਉਨ੍ਹਾਂ ਇਕ ਨਿਊਜ਼ ਚੈਨਲ ਨੂੰ ਦੱਸਿਆ ਕਿ ‘ਅਸੀਂ ਬਿਨਾਂ ਕਿਸੇ ਕਾਰਨ ਦੇ ਅਚਾਨਕ ਮੌਤਾਂ ਦੇਖ ਰਹੇ ਹਾਂ’।
ਉਨ੍ਹਾਂ ਕਿਹਾ ਕਿ ‘ਇਹ ਅਧਿਐਨ ਸਾਨੂੰ ਕੋਵਿਡ-19 ਦੇ ਪ੍ਰਕੋਪ ਦੇ ਨਤੀਜਿਆਂ ਨੂੰ ਸਮਝਣ ਵਿੱਚ ਮਦਦ ਕਰਨਗੇ ਅਤੇ ਹੋਰ ਮੌਤਾਂ ਨੂੰ ਰੋਕਣ ਵਿੱਚ ਮਦਦ ਕਰ ਸਕਦੇ ਹਨ।’ ‘ਅਚਾਨਕ ਮੌਤ’ ਤੋਂ ICMR ਦਾ ਮਤਲਬ ਹੈ ਉਸ ਵਿਅਕਤੀ ਦੀ ਅਚਨਚੇਤ ਮੌਤ, ਜਿਸ ਨੂੰ ਕਿਸੇ ਬੀਮਾਰੀ ਦਾ ਪਤਾ ਨਹੀਂ ਅਤੇ ਉਹ ਸਿਹਤਮੰਦ ਸੀ। ICMR ਨੇ ਹੁਣ ਤੱਕ ਨਵੀਂ ਦਿੱਲੀ ਦੇ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (AIIMS) ਵਿੱਚ 50 ਪੋਸਟਮਾਰਟੀਆਂ ਦਾ ਅਧਿਐਨ ਕੀਤਾ ਹੈ। ਅਗਲੇ ਕੁਝ ਮਹੀਨਿਆਂ ਵਿੱਚ 100 ਹੋਰ ਪੋਸਟਮਾਰਟਮਾਂ ਦੀ ਜਾਂਚ ਨੂੰ ਕਵਰ ਕਰਨ ਦਾ ਟੀਚਾ ਰੱਖਿਆ ਗਿਆ ਹੈ। ਡਾ: ਬਹਿਲ ਨੇ ਕਿਹਾ ਕਿ ‘ਜਦੋਂ ਅਸੀਂ ਇਨ੍ਹਾਂ ਪੋਸਟਮਾਰਟਮਾਂ ਦੇ ਨਤੀਜਿਆਂ ਦੀ ਪਿਛਲੇ ਸਾਲਾਂ ਜਾਂ ਪ੍ਰੀ-ਕੋਵਿਡ ਸਾਲਾਂ ਦੇ ਨਤੀਜਿਆਂ ਨਾਲ ਤੁਲਨਾ ਕਰਦੇ ਹਾਂ, ਤਾਂ ਅਸੀਂ ਕਾਰਨਾਂ ਜਾਂ ਅੰਤਰਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ’।
ICMR ਇਹ ਸਮਝਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਕੀ ਮਨੁੱਖੀ ਸਰੀਰ ਦੇ ਅੰਦਰ ਕੋਈ ਸਰੀਰਕ ਤਬਦੀਲੀਆਂ ਹਨ ਜੋ ਕੋਵਿਡ ਤੋਂ ਬਾਅਦ ਦੀ ਦੁਨੀਆ ਵਿੱਚ ਨੌਜਵਾਨਾਂ ਦੀਆਂ ਅਚਾਨਕ ਮੌਤਾਂ ਵਿੱਚ ਭੂਮਿਕਾ ਨਿਭਾ ਸਕਦੀਆਂ ਹਨ। ਡਾ. ਬਹਿਲ ਨੇ ਕਿਹਾ ਕਿ ਜੇ ਅਧਿਐਨ ਕੁਝ ਪੈਟਰਨ ਨੋਟ ਕਰਦਾ ਹੈ, ਤਾਂ ਇਸ ਨਾਲ ਜੁੜਾਅ ਦਾ ਪਤਾ ਲਾਇਆ ਜਾ ਸਕਦਾ ਹੈ, ਮਿਸਾਲ ਵਜੋਂ ਜ਼ਿਆਦਾ ਮੌਤਾਂ ਅਚਾਨਕ ਦਿਲ ਦਾ ਦੌਰਾ ਪੈਣ ਜਾਂ ਫੇਫੜਿਆਂ ਦੀ ਅਸਫਲਤਾ ਕਾਰਨ ਹੁੰਦੀਆਂ ਹਨ। ਇੱਕ ਹੋਰ ਅਧਿਐਨ ਵਿੱਚ ICMR ਪਿਛਲੇ ਇੱਕ ਸਾਲ ਵਿੱਚ 18 ਤੋਂ 45 ਸਾਲ ਦੀ ਉਮਰ ਸਮੂਹ ਵਿੱਚ ਅਚਾਨਕ ਹੋਈਆਂ ਮੌਤਾਂ ਦੇ ਅੰਕੜਿਆਂ ਦੀ ਵਰਤੋਂ ਕਰ ਰਿਹਾ ਹੈ। ਇਹ ਭਾਰਤ ਭਰ ਦੇ 40 ਕੇਂਦਰਾਂ ਤੋਂ ਡਾਟਾ ਲੈ ਰਿਹਾ ਹੈ ਜਿਨ੍ਹਾਂ ਨੇ ਡਿਸਚਾਰਜ ਤੋਂ ਬਾਅਦ ਇੱਕ ਸਾਲ ਤੱਕ ਕੋਵਿਡ ਦੇ ਮਰੀਜ਼ਾਂ ਦਾ ਫਾਲੋਅਪ ਕੀਤਾ ਹੈ। ਇਨ੍ਹਾਂ ਕੇਂਦਰਾਂ ਵਿੱਚ ਕੋਵਿਡ ਨਾਲ ਭਰਤੀ, ਹਸਪਤਾਲ ਤੋਂ ਛੁੱਟੀ ਤੇ ਮੌਤਾਂ ਦਾ ਡਾਟਾ ਹੈ। ਡਾ. ਬਹਿਲ ਨੇ ਕਿਹਾ ਕਿ ਅਸੀਂ ਮੌਤਾਂ ਦੇ ਪਿੱਛੇ ਸੰਭਾਵਿਤ ਕਾਰਨਾਂ ਨੂੰ ਸਮਝਣ ਲਈ ਪਰਿਵਾਰਾਂ ਤੋਂ ਪੁੱਛਗਿੱਛ ਕਰ ਰਹੇ ਹਾਂ।
ਇਹ ਵੀ ਪੜ੍ਹੋ : ਲੁਧਿਆਣਾ ‘ਚ ਰਿਸ਼ਵਤਖੋਰ ASI ਕਾਬੂ, ਗ੍ਰਿਫਤਾਰੀ ਦੇ ਡਰੋਂ ਲੁਕਿਆ ਬੈਠਾ ਸੀ ਬਰਨਾਲਾ
ਜ਼ਿਕਰਯੋਗ ਹੈ ਕਿ ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਅੱਜ ਜੀ-20 ਸਿਹਤ ਮੰਤਰੀ ਸੰਮੇਲਨ ਵਿੱਚ ਕਿਹਾ ਕਿ ਇਸ ਕਾਨਫਰੰਸ ਵਿੱਚ 80 ਤੋਂ ਵੱਧ ਦੇਸ਼ਾਂ ਦੇ ਪ੍ਰਤੀਨਿਧੀ ਆਏ ਅਤੇ 31 ਦੇਸ਼ਾਂ ਦੇ ਸਿਹਤ ਮੰਤਰੀ ਮੌਜੂਦ ਸਨ। ਉਨ੍ਹਾਂ ਕਿਹਾ ਕਿ ਭਾਰਤ ਭਵਿੱਖ ਦੀ ਆਸ ਹੈ। ਭਾਰਤ ਫਾਰਮੇਸੀ ਦਾ ਇੱਕ ਸਰੋਤ ਹੈ, ਭਾਰਤ ਸਿਹਤ ਕਾਰਜ ਸ਼ਕਤੀ ਲਈ ਵੀ ਇੱਕ ਸਰੋਤ ਹੈ। ਭਾਰਤ ਦੀ ਉੱਭਰਦੀ ਅਰਥਵਿਵਸਥਾ, ਵੈਕਸੀਨ ਨਿਰਮਾਣ ਦੇ ਖੇਤਰ ਵਿੱਚ ਭਾਰਤ ਦੀ ਪਹਿਲਕਦਮੀ ਨੂੰ ਦੇਖਦੇ ਹੋਏ, ਭਾਰਤ ਤੋਂ ਦੁਨੀਆ ਦੀਆਂ ਉਮੀਦਾਂ ਵਧ ਗਈਆਂ ਹਨ। ਦੁਨੀਆ ਦੇ ਦੇਸ਼ ਸਿਹਤ ਦੇ ਖੇਤਰ ਵਿੱਚ ਭਾਰਤ ਨੂੰ ਉਮੀਦ ਨਾਲ ਦੇਖਦੇ ਹਨ।
ਵੀਡੀਓ ਲਈ ਕਲਿੱਕ ਕਰੋ -: