Isolation at Ranjit Sagar Dam Hospital : ਪੰਜਾਬ ਦੇ ਵਾਟਰ ਰਿਸੋਰਸਿਜ਼ ਡਿਪਾਰਟਮੈਂ ਵੱਲੋਂ ਰੰਜੀਤ ਸਾਗਰ ਡੈਮ ਹਸਪਤਾਲ ਵਿਚ ਆਈਸੋਲੇਸ਼ਨ ਸੈਂਟਰ ਸਥਾਪਤ ਕਰਨ ਤੋਂ ਇਲਾਵਾ ਇਸ ਮਹਾਮਾਰੀ ਨਾਲ ਅਸਰਦਾਰ ਢੰਗ ਨਾਲ ਨਜਿੱਠਣ ਲਈ ਸ਼ਾਹਪੁਰਕੰਡੀ ਟਾਊਨਸ਼ਿਪ ਵਿਚ ਕੁਆਰੰਟਾਈਨ ਕੇਂਦਰ ਵੀ ਸਥਾਪਤ ਕੀਤਾ ਗਿਆ ਹੈ।
ਰੰਜੀਤ ਸਾਗਰ ਡੈਮ ਦੇ ਮੁੱਖ ਇੰਜੀਨੀਅਰ ਐਸ. ਕੇ. ਸਲੂਜਾ ਨੇ ਦੱਸਿਆ ਕਿ ਰਣਜੀਤ ਸਾਗਰ ਡੈਮ ਹਸਪਤਾਲ ਵਿਚ 40 ਬਿਸਤਰਿਆਂ ਦਾ ਆਈਸੋਲੇਸ਼ਨ ਕੇਂਦਰ ਬਣਾਇਆ ਗਿਆ ਹੈ। ਰਣਜੀਤ ਸਾਗਰ ਡੈਮ ਪ੍ਰਾਜੈਕਟ ਸ਼ਾਹਪੁਰਕੰਡੀ ਟਾਊਨਸ਼ਿਪ ਵਿਚ ਮਰੀਜ਼ਾਂ, ਡਾਕਟਰਾਂ, ਪੈਰਾ ਮੈਡੀਕਲ ਸਟਾਫ ਅਤੇ ਮੁਲਾਜ਼ਮਾਂ ਦੀ ਕੋਰੋਨਾ ਤੋਂ ਸੁਰੱਖਿਆ ਯਕੀਨੀ ਬਣਾਉਣ ਲਈ ਟਾਊਨਸ਼ਿਪ, ਹਸਪਤਾਲ, ਬੈਂਕਾਂ, ਏਟੀਐਮ, ਸੁਰੱਖਿਆ ਬੈਂਕਾਂ, ਦਫਤਰਾਂ ਅਤੇ ਪੁਲਿਸ ਸਟੇਸ਼ਨ ਵਿਚ ਰੈਗੂਲਰ ਤੌਰ ‘ਤੇ ਸੈਨੀਟਾਈਜ਼ਰ ਅਤੇ ਡਿਸਇਨਫੈਕਟੈਂਟ ਦਾ ਛਿੜਕਾਅ ਕੀਤਾ ਜਾਂਦਾ ਹੈ। ਉਨ੍ਹਾਂ ਨੇ ਦੱਸਿਆ ਕਿ ਸ਼ਾਹਪੁਰਕੰਡੀ ਟਾਊਨਸ਼ਿਪ ਕੇਸ਼ਵ ਹਾਲ ਵਿਚ ਪ੍ਰਵਾਸੀ ਮਜ਼ਦੂਰਾਂ ਲਈ ਸਿਵਲ ਸੁਸਾਇਟੀ ਗਰੁੱਪ ਦੀ ਸਹਾਇਤਾ ਨਾਲ 125 ਵਿਅਕਤੀਆਂ ਲਈ ਕੁਆਰੰਟਾਈਨ ਕੇਂਦਰ ਵੀ ਸਥਾਪਿਤ ਕੀਤਾ ਗਿਆ ਹੈ।
ਡੈਮ ਪ੍ਰਾਜੈਕਟ ਪ੍ਰਸ਼ਾਸਨ ਦੇ ਲਗਭਗ 12 ਵਾਹਨ ਪਠਾਨਕੋਟ ਜ਼ਿਲਾ ਪ੍ਰਸ਼ਾਸਨ ਨੂੰ ਕੋਵਿਡ-19 ਸਬੰਧੀ ਡਿਊਟੀਆਂ ਲਈ ਦੇਣ ਤੋਂ ਇਲਾਵਾ ਰਣਜੀਤ ਸਾਗਰ ਡੈਮ ਪ੍ਰਾਜੈਕਟ ਦੇ ਅੱਠ ਅਧਿਕਾਰੀ ਕਾਰਜਕਾਰੀ ਮੈਜਿਸਟ੍ਰੇਟ ਵਜੋਂ ਡਿਊਟੀ ਨਿਭਾ ਰਹੇ ਹਨ ਜਿਸ ਨਾਲ ਜ਼ਿਲਾ ਵਿਚ ਸੂਬਾਈ ਸਰਾਕਰ ਦੇ ਹੁਕਮਾਂ ਦੀ ਪਾਲਣਾ ਯਕੀਨੀ ਬਣਾਇਆ ਜਾ ਸਕੇ। ਮੁੱਖ ਇੰਜੀਨੀਅਰ ਨੇ ਦੱਸਿਆ ਕਿ ਰਣਜੀਤ ਸਾਗਰ ਡੈਮ ਦੇ ਨਿਗਰਾਨੀ ਇੰਜੀਨੀਅਰ ਹੈੱਡਕੁਆਰਟਰ ਨੂੰ ਜ਼ਿਲਾ ਕੋਵਿਡ ਜਾਗਰੂਕਤਾ ਅਫਸਰ ਵਜੋਂ ਤਾਇਨਾਤ ਕੀਤਾ ਗਿਆ ਹੈ ਜਿਸ ਨਾਲ ਲੋਕਾਂ ਨੂੰ ਇਸ ਬੀਮਾਰੀ ਤੋਂ ਬਚਾਅ ਅਤੇ ਰੋਕਥਾਮ ਬਾਰੇ ਜਾਗਰੂਕ ਕੀਤਾ ਜਾ ਸਕੇ।