ਇਜ਼ਰਾਈਲ ਨੇ ਕੋਰੋਨਾ ਵਾਇਰਸ ਦੇ ਨਵੇਂ ਵੈਰੀਐਂਟ ਓਮੀਕ੍ਰੋਨ ਕਾਰਨ ਸਾਰੇ ਵਿਦੇਸ਼ੀ ਯਾਤਰੀਆਂ ਦੀ ਐਂਟਰੀ ‘ਤੇ ਪਾਬੰਦੀ ਲਗਾ ਦਿੱਤੀ ਹੈ। ਸ਼ੁੱਕਰਵਾਰ ਨੂੰ ਹੀ ਦੇਸ਼ ‘ਚ ਓਮੀਕ੍ਰੋਨ ਵੈਰੀਐਂਟ ਨਾਲ ਸੰਕਰਮਿਤ ਪਹਿਲਾ ਮਰੀਜ਼ ਮਿਲਿਆ ਸੀ। ਇਸ ਤੋਂ ਬਾਅਦ ਹੀ ਇਜ਼ਰਾਈਲ ਨੇ ਕਈ ਦੱਖਣੀ ਅਫਰੀਕੀ ਦੇਸ਼ਾਂ ਦੇ ਯਾਤਰੀਆਂ ‘ਤੇ ਪਾਬੰਦੀ ਲਗਾ ਦਿੱਤੀ ਸੀ।
ਹੁਣ ਦੇਸ਼ ‘ਚ ਸਾਰੇ ਵਿਦੇਸ਼ੀਆਂ ਦੇ ਦਾਖਲੇ ‘ਤੇ 14 ਦਿਨਾਂ ਦੀ ਪਾਬੰਦੀ ਲਗਾ ਦਿੱਤੀ ਗਈ ਹੈ। ਵਿਦੇਸ਼ੀਆਂ ਦੇ ਦਾਖਲੇ ‘ਤੇ ਪਾਬੰਦੀ ਲਗਾਉਣ ਵਾਲਾ ਇਹ ਪਹਿਲਾ ਦੇਸ਼ ਹੈ। ਨਵੇਂ ਨਿਯਮਾਂ ਮੁਤਾਬਕ ਹੁਣ ਜੇਕਰ ਕੋਈ ਵੀ ਵੈਕਸੀਨੇਟਿਡ ਇਜ਼ਰਾਈਲੀ ਨਾਗਰਿਕ ਦੇਸ਼ ਵਾਪਸ ਆਉਂਦਾ ਹੈ ਤਾਂ ਉਸ ਨੂੰ ਕੋਰੋਨਾ ਟੈਸਟ ਕਰਵਾਉਣਾ ਹੋਵੇਗਾ। 72 ਘੰਟੇ ਕੁਆਰੰਟੀਨ ਰਹਿਣਾ ਹੋਵੇਗਾ। ਕੁਆਰੰਟੀਨ ਖਤਮ ਹੋਣ ‘ਤੇ ਦੁਬਾਰਾ ਕਰੋਨਾ ਟੈਸਟ ਹੋਵੇਗਾ। ਸਾਰੀਆਂ ਰਿਪੋਰਟਾਂ ਨੈਗੇਟਿਵ ਆਉਣੀਆਂ ਚਾਹੀਦੀਆਂ ਹਨ ਤੇ ਜਿਸ ਵਿਅਕਤੀ ਦਾ ਟੀਕਾਕਰਨ ਪੂਰਾ ਨਹੀਂ ਹੋਇਆ ਹੈ, ਉਸ ਨੂੰ 7 ਦਿਨਾਂ ਲਈ ਕੁਆਰੰਟੀਨ ਵਿੱਚ ਰਹਿਣਾ ਪਵੇਗਾ। ਇਸ ਤੋਂ ਬਾਅਦ ਕੋਰੋਨਾ ਟੈਸਟ ਦੀ ਨੈਗੇਟਿਵ ਰਿਪੋਰਟ ਦਿਖਾਉਣੀ ਪਵੇਗੀ।
ਵੀਡੀਓ ਲਈ ਕਲਿੱਕ ਕਰੋ -:
“ਪੇਂਡੂ ਤਰੀਕੇ ਨਾਲ ਬਣਾਉ ਸਰੋਂ ਦਾ ਸਾਗ “
ਨਵੇਂ ਵੇਰੀਐਂਟ ਦੇ ਖੌਫ ਨਾਲ ਬ੍ਰਿਟੇਨ, ਸਾਊਦੀ ਅਰਬ, ਈਰਾਨ, ਅਮਰੀਕਾ ਅਤੇ ਸ਼੍ਰੀਲੰਕਾ ਨੇ ਵੀ ਕਈ ਅਫਰੀਕੀ ਦੇਸ਼ਾਂ ‘ਤੇ ਯਾਤਰਾ ਲਈ ਪਾਬੰਦੀ ਲਗਾ ਦਿੱਤੀ ਹੈ। ਓਮੀਕ੍ਰੋਨ ਨਾਲ ਨਜਿੱਠਣ ਲਈ, ਅਫਰੀਕਾ ਦੇ ਸੱਤ ਤੋਂ ਅੱਠ ਦੇਸ਼ਾਂ ਨੇ ਜਹਾਜ਼ਾਂ ਅਤੇ ਯਾਤਰੀਆਂ ਦੇ ਆਉਣ ‘ਤੇ ਪਾਬੰਦੀ ਲਗਾਉਣੀ ਸ਼ੁਰੂ ਕਰ ਦਿੱਤੀ ਹੈ।
ਗੌਰਤਲਬ ਹੈ ਕਿ ਨਵੇਂ ਵੈਰੀਐਂਟ ‘ਤੇ ਚਰਚਾ ਲਈ ਸ਼ੁੱਕਰਵਾਰ ਨੂੰ ਬੁਲਾਈ ਗਈ ਕੈਬਨਿਟ ਮੀਟਿੰਗ ਵਿਚ ਪ੍ਰਧਾਨ ਮੰਤਰੀ ਨਫਤਾਲੀ ਬੇਨੇਟ ਨੇ ਕਿਹਾ ਸੀ – ਨਵਾਂ ਵੇਰੀਐਂਟ ਜ਼ਿਆਦਾ ਤੇਜ਼ੀ ਨਾਲ ਫੈਲਦਾ ਹੈ। ਇਸ ਸਬੰਧੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ ਕਿ ਕੀ ਇਹ ਵੈਕਸੀਨ ਓਮੀਕਰੋਨ ‘ਤੇ ਅਸਰਦਾਰ ਹੈ ਜਾਂ ਨਹੀਂ। ਇਹ ਐਮਰਜੈਂਸੀ ਵਰਗੇ ਹਾਲਾਤ ਹਨ।