ਫਗਵਾੜਾ: ਪੁਲਿਸ ਨੇ ਨਸ਼ਾ ਤਸਕਰਾਂ ਖਿਲਾਫ ਵਿੱਢੀ ਮੁਹਿੰਮ ਤਹਿਤ ਥਾਣਾ ਰਾਵਲਪਿੰਡੀ ਅਤੇ ਕੋਤਵਾਲੀ ਕਪੂਰਥਲਾ ਖੇਤਰ ਤੋਂ ਦੋ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਦੋਵਾਂ ਕੋਲੋਂ 50 ਗ੍ਰਾਮ ਅਫੀਮ ਅਤੇ ਨਸ਼ੀਲੀ ਗੋਲੀਆਂ ਬਰਾਮਦ ਕੀਤੀਆਂ ਹਨ।
ਫੜੇ ਗਏ ਮੁਲਜ਼ਮਾਂ ਦੀ ਪਛਾਣ ਰਾਜਵੰਤ ਸਿੰਘ ਉਰਫ ਰਾਜੂ ਪੁੱਤਰ ਅਨੋਖ ਸਿੰਘ ਵਾਸੀ ਖਸਨ, ਭੁਲੱਥ ਅਤੇ ਸਮੀਰ ਮੁਹੰਮਦ ਪੁੱਤਰ ਮੰਗਲ ਹੁਸੈਨ ਵਾਸੀ ਪਿੰਡ ਪਲਾਹੀ ਫਗਵਾੜਾ ਵਜੋਂ ਹੋਈ ਹੈ।
ਐਸਐਸਪੀ ਕਪੂਰਥਲਾ ਹਰਕਮਲਪ੍ਰੀਤ ਸਿੰਘ ਖੱਖ ਨੇ ਪੁਲਿਸ ਦੀ ਸਫਲਤਾ ਦੀ ਪੁਸ਼ਟੀ ਕਰਦਿਆਂ ਅੱਜ ਇੱਥੇ ਇਸ ਪੱਤਰਕਾਰ ਨੂੰ ਦੱਸਿਆ ਕਿ ਪਹਿਲੇ ਕੇਸ ਵਿੱਚ ਇੱਕ ਜੇਲ੍ਹ ਕੈਦੀ ਰਾਜਵੰਤ ਸਿੰਘ ਉਰਫ ਰਾਜੂ ਨੂੰ ਜੇਲ੍ਹ ਵਿੱਚ ਨਸ਼ਾ ਤਸਕਰੀ ਕਰਨ ਲਈ ਗ੍ਰਿਫਤਾਰ ਕੀਤਾ ਗਿਆ ਸੀ, ਜਦੋਂਕਿ ਹਸਪਤਾਲ ਤੋਂ ਛੁੱਟੀ ਮਿਲਣ ’ਤੇ ਉਸ ਨੂੰ ਵਾਪਿਸ ਜੇਲ੍ਹ ਵਿੱਚ ਭੇਜਿਆ ਗਿਆ ਸੀ।
ਉਸ ਦਾ ਫੁੱਲਿਆ ਹੋਇਆ ਢਿੱਡ ਦੇਖ ਕੇ ਅਤੇ ਜ਼ਖਮੀ ਲੱਤ ਹੋਣ ਕਰਕੇ ਵਾਕਰ ਰਾਹੀਂ ਤੁਰਦਿਆਂ ਦੇਖ ਕੇ ਜੇਲ੍ਹ ਸੁਰੱਖਿਆ ਗਾਰਡਾਂ ਨੂੰ ਸ਼ੱਕ ਹੋਇਆ। ਉਨ੍ਹਾਂ ਨੇ ਥਾਣਾ ਕੋਤਵਾਲੀ ਦੀ ਪੁਲਿਸ ਪਾਰਟੀ ਨੂੰ ਬੁਲਾਇਆ ਅਤੇ ਉਸਦੀ ਤਲਾਸ਼ੀ ਦੌਰਾਨ ਪੁਲਿਸ ਨੇ 515 ਨਸ਼ੀਲੀਆਂ ਗੋਲੀਆਂ, 150 ਗ੍ਰਾਮ ਤੰਬਾਕੂ ਅਤੇ 800 ਰੁਪਏ ਦੀ ਭਾਰਤੀ ਕਰੰਸੀ ਬਰਾਮਦ ਹੋਈ।
ਅਪਰਾਧੀਆਂ ਖਿਲਾਫ ਥਾਣਾ ਕੋਤਵਾਲੀ ਕਪੂਰਥਲਾ ਵਿੱਚ ਧਾਰਾ 22 ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਦੂਜੇ ਮਾਮਲੇ ਵਿੱਚ ਥਾਣਾ ਰਾਵਲਪਿੰਡੀ ਦੀ ਪੁਲਿਸ ਪਾਰਟੀ ਨੇ ਟੀ-ਪੁਆਇੰਟ ਭੋਗਪੁਰ ਤੋਂ ਜੀਐਨਏ ਯੂਨੀਵਰਸਿਟੀ ਭੋਗੂਰ ਰੋਡ ‘ਤੇ ਚੈਕਿੰਗ ਦੌਰਾਨ ਨਸ਼ਾ ਸਮੱਗਲਰ ਸਮੀਰ ਮੁਹੰਮਦ ਨੂੰ ਰੋਕਿਆ।
ਇਹ ਵੀ ਪੜ੍ਹੋ : 12ਵੀਂ ਦੇ ਵਿਦਿਆਰਥੀ ਧਿਆਨ ਦੇਣ! 15 ਜੂਨ ਤੋਂ ਹੋਣਗੀਆਂ ਰਹਿੰਦੀਆਂ ਪ੍ਰੈਕਟੀਕਲ ਪ੍ਰੀਖਿਆਵਾਂ
ਮੁਲਜ਼ਮ ਨੇ ਪੁਲਿਸ ਨੂੰ ਵੇਖਦਿਆਂ ਹੀ ਪੈਕੇਟ ਸੁੱਟ ਦਿੱਤਾ ਅਤੇ ਮੌਕੇ ‘ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਪਾਰਟੀ ਤੁਰੰਤ ਉਸਨੂੰ ਕਾਬੂ ਕਰ ਲਿਆ ਅਤੇ ਪੈਕੇਟ ਵਿਚੋਂ 50 ਗ੍ਰਾਮ ਅਫੀਮ ਬਰਾਮਦ ਕੀਤੀ।
ਮੁਲਜ਼ਮ ਵਿਰੁੱਧ ਥਾਣਾ ਰਾਵਲਪਿੰਡੀ ਫਗਵਾੜਾ ਵਿੱਚ ਧਾਰਾ 18 ਐਨਡੀਪੀਐਸ ਤਹਿਤ ਕੇਸ ਦਰਜ ਕੀਤਾ ਗਿਆ ਹੈ। ਮੁਲਜ਼ਮਾਂ ਨੂੰ ਮੈਜਿਸਟਰੇਟ ਸਾਹਮਣੇ ਪੇਸ਼ ਕੀਤਾ ਜਾਵੇਗਾ ਅਤੇ ਅਗਲੇਰੀ ਜਾਂਚ ਲਈ ਇਨ੍ਹਾਂ ਦਾ ਪੁਲਿਸ ਰਿਮਾਂਡ ਲਿਆ ਜਾਵੇਗਾ।