ਨਵੀਂ ਦਿੱਲੀ : ਕੌਮੀ ਰਾਜਧਾਨੀ ਦੀ ਹਵਾ ਦੀ ਕੁਆਲਿਟੀ ਐਤਵਾਰ ਸਵੇਰੇ “ਬਹੁਤ ਮਾੜੀ” ਸ਼੍ਰੇਣੀ ਵਿੱਚ ਪਹੁੰਚਣ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਗੁਆਂਢੀ ਸੂਬਿਆਂ ਵਿੱਚ ਪਰਾਲੀ ਸਾੜਨ ਕਾਰਨ ਪ੍ਰਦੂਸ਼ਣ ਵਧਿਆ ਹੈ ਕਿਉਂਕਿ ਉੱਥੋਂ ਦੀਆਂ ਸਰਕਾਰਾਂ ਇਸ ਨੂੰ ਰੋਕਣ ਵਿੱਚ ਅਸਮਰੱਥ ਹਨ। ਉਹ ਕਿਸਾਨਾਂ ਦੀ ਮਦਦ ਲਈ ਕੁਝ ਨਹੀਂ ਕਰ ਰਹੀਆਂ ਹਨ।
ਕੇਜਰੀਵਾਲ ਨੇ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੀਆਂ ਸਰਕਾਰਾਂ ਨੂੰ ਅਪੀਲ ਕੀਤੀ ਕਿ ਉਹ ਪਰਾਲੀ ਘੱਟ ਸਾੜਨ ਅਤੇ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਪ੍ਰਤੀ ਆਪਣੀ ਜ਼ਿੰਮੇਵਾਰੀ ਸਮਝਣ।
ਸ਼ਾਲੀਮਾਰ ਬਾਗ ਵਿੱਚ ਨਵੇਂ ਹਸਪਤਾਲ ਦਾ ਨੀਂਹ ਪੱਥਰ ਰੱਖਦਿਆਂ ਕੇਜਰੀਵਾਲ ਨੇ ਕਿਹਾ ਕਿ ਪਿਛਲੇ ਇੱਕ ਮਹੀਨੇ ਤੋਂ ਮੈਂ ਦਿੱਲੀ ਵਿੱਚ ਹਵਾ ਦੀ ਕੁਆਲਿਟੀ ਬਾਰੇ ਅੰਕੜੇ ਟਵੀਟ ਕਰ ਰਿਹਾ ਹਾਂ। ਪਿਛਲੇ ਤਿੰਨ-ਚਾਰ ਦਿਨਾਂ ਤੋਂ ਪ੍ਰਦੂਸ਼ਣ ਵਧਿਆ ਹੈ ਅਤੇ ਇਸ ਦਾ ਕਾਰਨ ਗੁਆਂਢੀ ਸੂਬਿਆਂ ਵਿੱਚ ਪਰਾਲੀ ਸਾੜਣਾ ਹੈ। ਗੁਆਂਢੀ ਸੂਬਿਆਂ ਦੇ ਕਿਸਾਨ ਪਰਾਲੀ ਸਾੜਨ ਲਈ ਮਜਬੂਰ ਹਨ ਕਿਉਂਕਿ ਸਰਕਾਰਾਂ ਉਨ੍ਹਾਂ ਲਈ ਕੁਝ ਨਹੀਂ ਕਰ ਰਹੀਆਂ।
ਮੁੱਖ ਮੰਤਰੀ ਨੇ ਕਿਹਾ ਕਿ ਕੌਮੀ ਰਾਜਧਾਨੀ ਵਿੱਚ ਦੋ ਤਰ੍ਹਾਂ ਦੇ ਪ੍ਰਦੂਸ਼ਣ ਹਨ, ਇੱਕ ਅੰਦਰੂਨੀ ਪ੍ਰਦੂਸ਼ਣ ਹੈ ਜੋ ਗੱਡੀਆਂ, ਧੂੜ ਆਦਿ ਕਰਕੇ ਪੈਦਾ ਹੁੰਦਾ ਹੈ ਅਤੇ ਦੂਸਰਾ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਵਰਗੇ ਗੁਆਂਢੀ ਸੂਬਿਆਂ ਵਿੱਚ ਪਰਾਲੀ ਸਾੜਨ ਕਾਰਨ ਹੁੰਦਾ ਹੈ।
ਵੀਡੀਓ ਲਈ ਕਲਿੱਕ ਕਰੋ -:
Dry Fruit Laddu | ਕੈਲਸ਼ੀਅਮ ਦੀ ਕਮੀ ‘ਤੇ ਹੱਡੀਆ ‘ਚ ਦਰਦ ਨੂੰ ਦੂਰ ਕਰੇ Laddu For Winters
ਕੇਜਰੀਵਾਲ ਨੇ ਕਿਹਾ ਕਿ ਦਿੱਲੀ ਸਰਕਾਰ ਸ਼ਹਿਰ ਦੇ ਅੰਦਰਲੇ ਪ੍ਰਦੂਸ਼ਣ ਨੂੰ ਰੋਕਣ ਲਈ ਹਰ ਕਦਮ ਚੁੱਕ ਰਹੀ ਹੈ, ਧੂੜ-ਰੋਕੂ ਮੁਹਿੰਮ ਤੋਂ ਲੈ ਕੇ ਖੇਤਾਂ ਵਿੱਚ ਬਾਇਓ-ਡੀਗਰੇਡੇਬਲ ਸਪਰੇਅ ਕਰਨ ਤੱਕ ਹਰ ਕਦਮ ਚੁੱਕਿਆ ਜਾ ਰਿਹਾ ਹੈ, ਪਰ ਗੁਆਂਢੀ ਸੂਬਿਆਂ ਨੇ ਅਜੇ ਤੱਕ ਕੁਝ ਨਹੀਂ ਕੀਤਾ।
ਉਨ੍ਹਾਂ ਸਵਾਲ ਕੀਤਾ ਕਿ ਦਿੱਲੀ ਵਿੱਚ ਪਰਾਲੀ ਸਾੜਨ ਤੋਂ ਰੋਕਣ ਲਈ ਖੇਤਾਂ ਵਿੱਚ ਬਾਇਓ-ਡੀਗਰੇਡੇਬਲ ਸਪਰੇਅ ਕੀਤਾ ਗਿਆ। ਉਸ ਦਾ ਛਿੜਕਾਅ ਕਰਨ ਤੋਂ ਬਾਅਦ ਕਿਸਾਨਾਂ ਨੂੰ ਪਰਾਲੀ ਸਾੜਨ ਦੀ ਜ਼ਰੂਰਤ ਨਹੀਂ ਹੈ। ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੀਆਂ ਸਰਕਾਰਾਂ ਇਸ ਸਪਰੇਅ ਦਾ ਛਿੜਕਾਅ ਕਿਉਂ ਨਹੀਂ ਕਰਵਾ ਸਕਦੀਆਂ?
ਇਹ ਵੀ ਪੜ੍ਹੋ : ਰਣਜੀਤ ਸਾਗਰ ਡੈਮ ‘ਤੇ ਕ੍ਰੈਸ਼ ਹੋਏ ਹੈਲੀਕਾਪਟਰ ਦੇ ਪਾਇਲਟ ਦੀ ਢਾਈ ਮਹੀਨੇ ਪਿੱਛੋਂ ਮ੍ਰਿਤਕ ਦੇਹ ਮਿਲੀ
ਉਨ੍ਹਾਂ ਕਿਹਾ ਕਿ ਮੈਂ ਗੁਆਂਢੀ ਸੂਬਿਆਂ ਦੀਆਂ ਸਰਕਾਰਾਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਪਰਾਲੀ ਸਾੜਨ ਨੂੰ ਰੋਕਣ ਲਈ ਆਪਣੀ ਜ਼ਿੰਮੇਵਾਰੀ ਸਮਝਣ ਅਤੇ ਜ਼ਿੰਮੇਵਾਰ ਤਰੀਕੇ ਨਾਲ ਕਿਸਾਨਾਂ ਦੀ ਮਦਦ ਕਰਨ।
ਦੱਸਣਯੋਗ ਹੈ ਕਿ ਐਤਵਾਰ ਨੂੰ ਦੁਪਹਿਰ 2 ਵਜੇ ਦਿੱਲੀ ਵਿੱਚ ਏ. ਕਿਊ. ਆਈ. 339 ਸੀ, ਜੋ ਕਿ ‘ਬਹੁਤ ਮਾੜੀ’ ਸ਼੍ਰੇਣੀ ਵਿੱਚ ਆਉਂਦਾ ਹੈ। ਜ਼ੀਰੋ ਅਤੇ 50 ਦੇ ਵਿਚਕਾਰ ਏ. ਕਿਊ. ਆਈ. ਨੂੰ ਚੰਗਾ, 51-100 ਸੰਤੋਖਜਨਕ, 101-200 ਦਰਮਿਆਨਾ, 201-300 ਮਾੜਾ, 301-400 ਬਹੁਤ ਮਾੜਾ ਅਤੇ 401-500 ਗੰਭੀਰ ਮੰਨਿਆ ਜਾਂਦਾ ਹੈ।