ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ‘ਚ ਸ਼ਨੀਵਾਰ ਨੂੰ ਸਿੱਖ ਕੁੜੀ ਦੀਨਾ ਕੌਰ ਨੂੰ ਅਗਵਾ ਕਰ ਕੇ ਜ਼ਬਰਦਸਤੀ ਵਿਆਹ ਕਰਵਾ ਲੈਣ ਦਾ ਮਾਮਲਾ ਸਾਹਮਣੇ ਆਇਆ। ਇੰਨਾ ਹੀ ਨਹੀਂ ਸਿੱਖ ਲੜਕੀ ਦੇ ਵਿਆਹ ਤੋਂ ਪਹਿਲਾਂ ਉਸ ਦਾ ਧਰਮ ਪਰਿਵਰਤਨ ਵੀ ਕਰ ਦਿਆਤਾ ਗਿਆ। ਪਰਿਵਾਰ ਨੇ ਇਨਸਾਫ਼ ਲਈ ਪੁਲਿਸ ਤੋਂ ਮਦਦ ਮੰਗੀ ਤਾਂ ਪੁਲਿਸ ਅਧਿਕਾਰੀਆਂ ਨੇ ਉਨ੍ਹਾਂ ਦੀ ਸ਼ਿਕਾਇਤ ਲੈਣ ਤੋਂ ਵੀ ਇਨਕਾਰ ਕਰ ਦਿੱਤਾ।
ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਵਿੱਚ ਰਹਿਣ ਵਾਲੇ ਗੁਰਬਚਨ ਸਿੰਘ ਦੀ ਧੀ ਦੀਨਾ ਕੌਰ ਇੱਕ ਅਧਿਆਪਕਾ ਹੈ। ਸ਼ਨੀਵਾਰ ਸਵੇਰੇ ਉਹ ਸਕੂਲ ਜਾਣ ਲਈ ਘਰੋਂ ਨਿਕਲੀ ਸੀ। ਸਕੂਲ ਪਹੁੰਚਣ ਤੋਂ ਪਹਿਲਾਂ ਰਸਤੇ ‘ਚ ਹੀ ਉਸ ਨੂੰ ਅਗਵਾ ਕਰ ਲਿਆ ਗਿਆ। ਇਸ ਤੋਂ ਬਾਅਦ ਉਸ ਦਾ ਧਰਮ ਬਦਲ ਦਿੱਤਾ ਗਿਆ ਅਤੇ ਉਸ ਦਾ ਜ਼ਬਰਦਸਤੀ ਨਿਕਾਹ ਕਰਵਾਇਆ ਗਿਆ। ਦੀਨਾ ਕੌਰ ਦੇ ਅਗਵਾ ਹੋਣ ਦਾ ਪਤਾ ਲੱਗਣ ’ਤੇ ਗੁਰਬਚਨ ਸਿੰਘ ਅਤੇ ਇਲਾਕੇ ਦੇ ਲੋਕ ਪੁਲਿਸ ਕੋਲ ਗਏ ਤਾਂ ਪੁਲਿਸ ਨੇ ਉਨ੍ਹਾਂ ਨੂੰ ਇਹ ਕਹਿ ਕੇ ਚੁੱਪ ਰਹਿਣ ਲਈ ਕਿਹਾ ਕਿ ਲੜਕੀ ਨੇ ਧਰਮ ਪਰਿਵਰਤਨ ਕਰ ਲਿਆ ਹੈ। ਪੁਲਿਸ ਅਧਿਕਾਰੀਆਂ ਨੇ ਗੁਰਬਚਨ ਸਿੰਘ ਦੀ ਐਫਆਈਆਰ ਵੀ ਦਰਜ ਨਹੀਂ ਕੀਤੀ।
ਦੀਨਾ ਕੌਰ ਦੇ ਪਿਤਾ ਗੁਰਬਚਨ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਉਨ੍ਹਾਂ ਦੀ ਲੜਕੀ ਨੂੰ ਇੰਤਜ਼ਾਮੀਆਂ ਨੇ ਅਗਵਾ ਕਰ ਲਿਆ ਸੀ। ਇਸ ਤੋਂ ਬਾਅਦ ਧੀ ਨੂੰ ਜ਼ਬਰਦਸਤੀ ਧਰਮ ਪਰਿਵਰਤਨ ਕਰਵਾ ਕੇ ਵਿਆਹ ਕਰਵਾਇਆ ਗਿਆ। ਉਸ ਨੇ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਪਰ ਕਿਸੇ ਨੇ ਵੀ ਤਸੱਲੀਬਖਸ਼ ਜਵਾਬ ਨਹੀਂ ਦਿੱਤਾ। ਗੁਰਬਚਨ ਸਿੰਘ ਨੇ ਕਿਹਾ ਕਿ ਜਦੋਂ ਤੱਕ ਉਨ੍ਹਾਂ ਨੂੰ ਇਨਸਾਫ਼ ਨਹੀਂ ਮਿਲਦਾ ਉਹ ਸੜਕਾਂ ‘ਤੇ ਰੋਸ ਪ੍ਰਦਰਸ਼ਨ ਕਰਦੇ ਰਹਿਣਗੇ।
ਇਹ ਵੀ ਪੜ੍ਹੋ : ਮਾਨ ਸਰਕਾਰ ਦਾ 5 ਮਹੀਨਿਆਂ ‘ਚ ਭ੍ਰਿਸ਼ਟਾਚਾਰ ਖਿਲਾਫ ਐਕਸ਼ਨ, ਅਫਸਰਾਂ, ਮੰਤਰੀਆਂ ਸਣੇ 210 ਤੋਂ ਵੱਧ ਗ੍ਰਿਫ਼ਤਾਰ
ਇਸ ਦੌਰਾਨ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਇਸ ਸਾਰੀ ਘਟਨਾ ਦੀ ਨਿਖੇਧੀ ਕਰਦਿਆਂ ਕਿਹਾ ਕਿ ਪਾਕਿਸਤਾਨ ਵਿੱਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੋ ਰਹੀ ਹੈ। ਸਿਰਸਾ ਨੇ ਕਿਹਾ ਕਿ ਇੱਕ ਸਿੱਖ ਪਰਿਵਾਰ ਇਨਸਾਫ਼ ਲਈ ਸੜਕਾਂ ‘ਤੇ ਧਰਨਾ ਦੇ ਰਿਹਾ ਹੈ। ਭਾਰਤ, ਸਮੁੱਚੀ ਸਿੱਖ ਕੌਮ ਅਤੇ ਭਾਰਤ ਸਰਕਾਰ ਇਸ ਔਖੀ ਘੜੀ ਵਿੱਚ ਦੁਖੀ ਪਰਿਵਾਰ ਦੇ ਨਾਲ ਖੜੀ ਹੈ। ਸਿਰਸਾ ਨੇ ਕਿਹਾ ਕਿ ਉਹ ਇਸ ਮੁੱਦੇ ‘ਤੇ ਭਾਰਤ ਦੇ ਵਿਦੇਸ਼ ਮੰਤਰੀ ਡਾ. ਐੱਸ ਜੈਸ਼ੰਕਰ ਨਾਲ ਗੱਲ ਕਰਨਗੇ ਅਤੇ ਉਨ੍ਹਾਂ ਨੂੰ ਇਸ ਮੁੱਦੇ ਨੂੰ ਪਾਕਿਸਤਾਨ ਸਰਕਾਰ ਕੋਲ ਜ਼ੋਰਦਾਰ ਢੰਗ ਨਾਲ ਉਠਾਉਣ ਦੀ ਅਪੀਲ ਕਰਨਗੇ।
ਵੀਡੀਓ ਲਈ ਕਲਿੱਕ ਕਰੋ -: