ਅੰਮ੍ਰਿਤਸਰ ਵਿੱਚ ਬਰਾਮਦ 48 ਵਿਦੇਸ਼ੀ ਪਿਸਤੌਲ ਅਤੇ ਗੋਲੀਆਂ ਅੱਤਵਾਦੀ ਸੰਗਠਨ ਕੇਐਲਐਫ ਅਤੇ ਬੱਬਰ ਖਾਲਸਾ ਦੁਆਰਾ ਭਾਰਤ-ਪਾਕਿ ਸਰਹੱਦ ਤੋਂ ਤਸਕਰੀ ਕਰਵਾ ਕੇ ਭੇਜੇ ਸਨ। ਇਨ੍ਹਾਂ ਨੂੰ ਪੰਜਾਬ ਤੋਂ ਇਲਾਵਾ ਹੋਰ ਰਾਜਾਂ ਵਿੱਚ ਅੱਤਵਾਦੀ ਕਾਰਵਾਈਆਂ ਵਿੱਚ ਵਰਤਿਆ ਜਾਣਾ ਸੀ।
ਇਹ ਖੁਲਾਸਾ ਪੰਜਾਬ ਦੀ ਖੁਫੀਆ ਏਜੰਸੀ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐਸਐਸਓਸੀ) ਵੱਲੋਂ ਗ੍ਰਿਫਤਾਰ ਕੀਤੇ ਗਏ ਜਗਜੀਤ ਸਿੰਘ ਉਰਫ ਜੱਗੂ ਤੋਂ ਮੁੱਢਲੀ ਪੁੱਛਗਿੱਛ ਦੇ ਅਧਾਰ ‘ਤੇ ਕੀਤਾ ਗਿਆ ਹੈ।
ਐਸਐਸਓਸੀ ਦੇ ਡੀਐਸਪੀ ਹਰਵਿੰਦਰਪਾਲ ਸਿੰਘ ਅਤੇ ਐਸਐਚਓ ਇੰਸਪੈਕਟਰ ਸੁਖਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਜੱਗੂ ਦੇ ਹੈਂਡਲਰ ਦਰਮਨਜੋਤ ਸਿੰਘ ਉਰਫ ਦਰਮਨਜੋਤ ਕਾਹਲੋਂ ਦੇ ਪਾਕਿਸਤਾਨ ਵਿਚ ਬੈਠੇ ਅੱਤਵਾਦੀ ਪਰਮਜੀਤ ਸਿੰਘ ਪੰਜਵੜ ਅਤੇ ਮਹਾਰਾਸ਼ਟਰ ਦੇ ਨਾਂਦੇੜ ਨਾਲ ਸਬੰਧਤ ਗੈਂਗਸਟਰ ਹਰਵਿੰਦਰ ਸਿੰਘ ਉਰਫ ਰਿੰਦਾ ਸੰਧੂ ਨਾਲ ਡੂੰਘੇ ਸੰਬੰਧ ਸਨ।
ਪਿੰਡ ਤਲਵੰਡੀ ਖੁੰਮਣ ਦਾ ਰਹਿਣ ਵਾਲਾ ਦਰਮਨ ਇਸ ਸਮੇਂ ਲਾਸ ਏਂਜਲਸ ਵਿਚ ਡਰਾਈਵਿੰਗ ਕਰਦਾ ਹੈ। ਦਰਮਨਜੋਤ ਜਾਣਦਾ ਸੀ ਕਿ ਜੱਗੂ ਨੂੰ ਪੈਸੇ ਦੀ ਲੋੜ ਸੀ। ਇਸ ਲਈ ਉਸਨੇ ਉਸ ਤੋਂ ਕੰਸਾਈਨਮੈਂਟ ਰਿਸੀਵ ਕਰਨ ਲਈ 4 ਲੱਖ ਰੁਪਏ ਵਿੱਚ ਡੀਲ ਕੀਤੀ ਸੀ। ਐਸਐਸਓਸੀ ਮੁਤਾਬਕ ਅਜੇ ਬਰਾਮਦ ਕੀਤੇ ਹਥਿਆਰ ਗੈਂਗਸਟਰਾਂ ਨੂੰ ਸਪਲਾਈ ਕੀਤੇ ਜਾਣ ਦਾ ਕੋਈ ਪਹਿਲੂ ਸਾਹਮਣੇ ਨਹੀਂ ਆਇਆ ਹੈ।
ਇਹ ਵੀ ਪੜ੍ਹੋ : ਕਾਂਗਰਸ ਦੀ ਪੋਸਟਰ ਵਾਰ ‘ਚ ਹੁਣ ਬਾਜਵਾ ਵੀ ਸ਼ਾਮਲ- ਬਾਜਵਾ ਦੇ ਹੱਕ ‘ਚ ਲੱਗੇ ਹੋਰਡਿੰਗਸ ਤੋਂ ਕੈਪਟਨ ਤੇ ਜਾਖੜ ਦੀ ਫੋਟੋ ਗਾਇਬ
ਦਸੰਬਰ 2020 ਵਿਚ ਦੁਬਈ ਤੋਂ ਵਾਪਸੀ ਤੋਂ ਜਗਜੀਤ ਉਰਫ ਜੱਗੂ ਆਵਾਰਾਗਰਦੀ ਕਰਦਾ ਸੀ। ਪਿਤਾ ਪਾਵਰਕਾਮ ਵਿਚ ਲਾਈਨਮੈਨ ਹਨ ਅਤੇ ਖੇਤੀਬਾੜੀ ਵੀ ਕਰਦੇ ਹਨ। ਦੁਬੱ ਵਿੱਚ ਜੱਗੂ ਦੇ ਨਾਲ ਦਰਮਨ ਇੰਟਰਨੈੱਟ ਕਾਲਿੰਗ ਨਾਲ ਸੰਪਰਕ ਵਿੱਚ ਰਹਿੰਦਾ ਸੀ। ਭਾਰਤ ਆ ਕੇ ਵੀ ਇਹ ਸਿਲਸਿਲਾ ਜਾਰੀ ਰਿਹਾ। ਖੇਪ ਅੱਗੇ ਪਹੁੰਚਾਉਣ ਤੋਂ ਪਹਿਲਾਂ ਹੀ ਜੱਗੂ ਪੁਲਿਸ ਦੇ ਅੜਿੱਕੇ ਚੜ੍ਹ ਗਿਆ।
ਜੱਗੂ ਨੂੰ ਹਥਿਆਰਾਂ ਪਹੁੰਚਾਉਣ ਵਾਲੇ ਸ਼ਖਸ ਬਾਰੇ ਵੀ ਕਈ ਅਹਿਮ ਜਾਣਕਾਰੀਆਂ ਮਿਲੀਆਂ ਹਨ, ਜਿਸ ਨੂੰ ਛੇਤੀ ਗ੍ਰਿਫਤਾਰ ਕਰ ਲਿਆ ਜਾਵੇਗਾ। ਉਧਰ, ਪੁਲਿਸ ਨੇ ਦਰਮਨਜੋਤ ਕਾਹਲੋਂ ਦੇ ਕੁਝ ਪਰਿਵਾਰ ਵਾਲਿਆਂ ਨੂੰ ਵੀ ਰਾਊਂਡਅਪ ਕੀਤਾ ਹੈ, ਤਾਂਕਿ ਉਸ ਨੂੰ ਸਰੈਂਡਰ ਕਰਵਾਇਆ ਜਾ ਸਕੇ।