ਮੁੱਖ ਮੰਤਰੀ ਭਗਵੰਤ ਮਾਨ ਨੇ ਵੀਰਵਾਰ ਨੂੰ ਹੁਸ਼ਿਆਰਪੁਰ ਦਾ ਲਾਚੋਵਾਲ ਟੋਲ ਪਲਾਜ਼ਾ ਬੰਦ ਕਰਵਾ ਦਿੱਤਾ। ਉਨ੍ਹਾਂ ਇਸ ਮਾਮਲੇ ਸਬੰਧੀ ਦਸਤਾਵੇਜ਼ ਰੱਖਦਿਆਂ ਪ੍ਰੈੱਸ ਕਾਨਫਰੰਸ ਕੀਤੀ। ਮੁੱਖ ਮੰਤਰੀ ਨੇ ਦੱਸਿਆ ਕਿ ਲਾਚੋਵਾਲ ਟੋਲ ਪਲਾਜ਼ਾ ਅਧੀਨ 27.90 ਕਿਲੋਮੀਟਰ ਦੀ ਸੜਕ ਹੈ।
ਪੰਜਾਬ ਸਰਕਾਰ ਨੇ ਲੋਕਾਂ ਦੇ ਟੈਕਸ ਨਾਲ 7.76 ਕਰੋੜ ਰੁਪਏ ਵਿੱਚ ਇਹ ਸੜਕ ਬਣਾਈ ਸੀ ਪਰ 6 ਮਾਰਚ 2007 ਤੋਂ 14 ਦਸੰਬਰ 2022 ਤੱਕ ਕਰੀਬ 15 ਸਾਲਾਂ ਲਈ ਰੱਖ-ਰਖਾਅ ਦਾ ਠੇਕਾ ਪੀਡੀ ਅਗਰਵਾਲ ਇਨਫਰਾਸਟਰੱਕਚਰ ਲਿਮਟਿਡ ਨਾਮਕ ਕੰਪਨੀ ਨੂੰ ਦੇ ਦਿੱਤਾ।
ਸੀ.ਐੱਮ. ਮਾਨ ਨੇ ਕਿਹਾ ਕਿ ਇਸ ਟੋਲ ਦੀ ਰੋਜ਼ਾਨਾ ਉਗਰਾਹੀ 1.94 ਲੱਖ ਰੁਪਏ ਹੈ, ਜੋ ਪ੍ਰਤੀ ਸਾਲ 7 ਕਰੋੜ ਰੁਪਏ ਬਣਦੀ ਹੈ। ਹੁਣ ਲੋਕਾਂ ਦਾ ਇਹ ਪੈਸਾ ਅੱਜ ਤੋਂ ਹੀ ਬਚਣਾ ਸ਼ੁਰੂ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਰਕਮ 105 ਕਰੋੜ ਰੁਪਏ ਬਣਦੀ ਹੈ, ਜਦੋਂ ਸਰਕਾਰ ਨੇ 8.5 ਕਰੋੜ ਰੁਪਏ ਵਿੱਚ ਸੜਕ ਬਣਾਉਣ ਲਈ ਇੱਕ ਨਿੱਜੀ ਕੰਪਨੀ ਨੂੰ 7 ਕਰੋੜ ਰੁਪਏ ਪ੍ਰਤੀ ਸਾਲ ਦੇ ਹਿਸਾਬ ਨਾਲ 15 ਸਾਲਾਂ ਦਾ ਠੇਕਾ ਦਿੱਤਾ ਸੀ ਪਰ ਕੰਪਨੀ ਨੇ ਸਮਝੌਤੇ ਦੀ ਕੋਈ ਵੀ ਸ਼ਰਤ ਪੂਰੀ ਨਹੀਂ ਕੀਤੀ। ਸੜਕ ਦੀ ਸਾਂਭ-ਸੰਭਾਲ ਨਹੀਂ ਕੀਤੀ ਗਈ।
ਮੁੱਖ ਮੰਤਰੀ ਨੇ ਕਿਹਾ ਕਿ ਐਸਪਰੋ ਐਗਰੀਮੈਂਟ ਮੁਤਾਬਕ ਕੰਪਨੀ ਨੇ ਸਰਕਾਰ ਨੂੰ ਦੱਸੇ ਬਿਨਾਂ ਪੈਸਾ ਇੱਕ ਨਿੱਜੀ ਬੈਂਕ ਖਾਤੇ ਵਿੱਚ ਜਮ੍ਹਾ ਕਰਵਾਇਆ। ਇਸ ਤਰ੍ਹਾਂ ਸਰਕਾਰ ਨਾਲ ਧੋਖਾ ਹੋਇਆ ਹੈ। ਮਾਨ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਵਿੱਚੋਂ ਕਿਸੇ ਨੇ ਵੀ ਇਸ ਕੰਪਨੀ ਨੂੰ ਸਮਝੌਤੇ ਦੀਆਂ ਸ਼ਰਤਾਂ ਪੂਰੀਆਂ ਨਾ ਕਰਨ ‘ਤੇ ਸਮਝੌਤੇ ਨੂੰ ਰੱਦ ਕਰਨ ਲਈ ਨਹੀਂ ਕਿਹਾ।
ਸੀ.ਐੱਮ. ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਏਜੀ ਨਾਲ ਸਲਾਹ ਕਰਕੇ ਕੰਪਨੀ ਖ਼ਿਲਾਫ਼ ਧੋਖਾਧੜੀ ਦੇ ਤਹਿਤ ਕੇਸ ਦਰਜ ਕੀਤਾ ਹੈ। ਉਨ੍ਹਾਂ ਕਿਹਾ ਕਿ ਜੇ ਲੋੜ ਪਈ ਤਾਂ ਇਸ ਕੰਪਨੀ ਨੂੰ ਬਲੈਕਲਿਸਟ ਵੀ ਕੀਤਾ ਜਾਵੇਗਾ ਅਤੇ ਪੈਸੇ ਵੀ ਵਸੂਲ ਕੀਤੇ ਜਾਣਗੇ।
ਸੀ.ਐੱਮ. ਭਗਵੰਤ ਮਾਨ ਨੇ ਦੱਸਿਆ ਕਿ ਕੰਪਨੀ ਨਾਲ 6 ਮਾਰਚ 2007 ਤੋਂ 14 ਦਸੰਬਰ 2022 ਤੱਕ ਕੀਤਾ ਗਿਆ ਐਗਰੀਮੈਂਟ ਬੀਤੀ ਰਾਤ ਪੂਰਾ ਹੋ ਗਿਆ ਹੈ। ਜਦੋਂਕਿ ਕੰਪਨੀ ਨੇ ਸਰਕਾਰ ਤੋਂ ਮੁੜ 502 ਦਿਨਾਂ ਦਾ ਹੋਰ ਵਾਧਾ ਮੰਗਿਆ ਹੈ। ਕੰਪਨੀ ਨੇ ਇਸ ਦਾ ਆਧਾਰ ਕਿਸਾਨ ਅੰਦੋਲਨ ਅਤੇ ਕੋਰੋਨਾ ਮਹਾਮਾਰੀ ਕਰਕੇ ਹੋਇਆ ਨੁਕਸਾਨ ਦੱਸਿਆ।
ਇਹ ਵੀ ਪੜ੍ਹੋ : ‘ਟੋਲ ਪਲਾਜ਼ੇ ਨਹੀਂ ਲੱਗਣ ਦਿਆਂਗੇ, ਪੰਜਾਬੀਆਂ ਦੇ ਪੈਸੇ ਦੀ ਨਾਜਾਇਜ਼ ਲੁੱਟ ਨਹੀਂ ਹੋਣ ਦੇਵਾਂਗੇ–CM ਮਾਨ
ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਸਰਕਾਰ ਨੇ ਸੜਕ ਬਣਾਈ ਸੀ ਤਾਂ ਪੈਸੇ ਇਕੱਠੇ ਕਰਨ ਤੋਂ ਇਲਾਵਾ ਕੰਪਨੀ ਨੇ ਇਸ ਦੀ ਸਾਂਭ-ਸੰਭਾਲ ਨਹੀਂ ਕੀਤੀ ਤਾਂ ਨੁਕਸਾਨ ਕੀ ਹੋਇਆ? ਸੀ.ਐੱਮ. ਮਾਨ ਨੇ ਕਿਹਾ ਕਿ ਜੇ 522 ਦਿਨ ਦਾ ਵਾਧਾ ਦਿੱਤਾ ਜਾਵੇ ਤਾਂ ਇਸ ਹਿਸਾਬ ਨਾਲ 11 ਕਰੋੜ ਰੁਪਏ ਦੀ ਰਕਮ ਬਣਦੀ ਹੈ, ਜਦਕਿ ਉਨ੍ਹਾਂ ਨੇ ਅਜਿਹੀਆਂ ਕੰਪਨੀਆਂ ਅਤੇ ਸਰਕਾਰਾਂ ਤੋਂ ਪੰਜਾਬ ਦੇ ਇੱਕ-ਇੱਕ ਰੁਪਏ ਦਾ ਹਿਸਾਬ ਲੈਣਾ ਹੈ।
ਮੁੱਖ ਮੰਤਰੀ ਨੇ ਸਾਰੀਆਂ ਟੋਲ ਪਲਾਜ਼ਾ ਕੰਪਨੀਆਂ ਨੂੰ ਐਗਰੀਮੈਂਟ ਮੁਤਾਬਕ ਟੋਲ ਪਲਾਜ਼ਾ ‘ਤੇ ਸਮਾਂ ਸੀਮਾ ਖਤਮ ਹੋਣ ਦੀ ਸਮਾਂ ਹੱਦ ਲਗਾਉਣ ਦੇ ਹੁਕਮ ਦਿੱਤੇ ਹਨ।
ਵੀਡੀਓ ਲਈ ਕਲਿੱਕ ਕਰੋ -: