ਉਤਰਾਖੰਡ ਦੇ ਰੁਦਰ ਪ੍ਰਯਾਗ ‘ਚ ਭਾਰੀ ਮੀਂਹ ਤੋਂ ਬਾਅਦ ਪਹਾੜੀ ‘ਤੇ ਢਿੱਗਾਂ ਡਿੱਗ ਗਈਆਂ। ਇਹ ਘਟਨਾ ਗੌਰੀ ਕੁੰਡ ਨੇੜੇ ਵਾਪਰੀ। ਪਹਾੜੀ ਤੋਂ ਮਲਬਾ ਡਿੱਗਣ ਕਾਰਨ ਕੇਦਾਰਨਾਥ ਯਾਤਰਾ ਦਾ ਰਸਤਾ ਜਾਮ ਹੋ ਗਿਆ। ਰਿਪੋਰਟਾਂ ਮੁਤਾਬਕ ਕਈ ਲੋਕਾਂ ਦੇ ਮਲਬੇ ਹੇਠਾਂ ਦੱਬੇ ਹੋਣ ਦਾ ਖਦਸ਼ਾ ਹੈ। 19 ਲੋਕ ਲਾਪਤਾ ਦੱਸੇ ਜਾ ਰਹੇ ਹਨ।
ਗੌਰੀ ਕੁੰਡ ਖੇਤਰ ‘ਚ ਵੀਰਵਾਰ ਦੇਰ ਰਾਤ ਤੋਂ ਭਾਰੀ ਬਾਰਿਸ਼ ਜਾਰੀ ਹੈ। ਇਸ ਕਾਰਨ ਮੰਦਾਕਿਨੀ ਨਦੀ ਵਿਚ ਉਛਾਲ ਹੈ। ਜ਼ਮੀਨ ਖਿਸਕਣ ਤੋਂ ਬਾਅਦ NDRF ਅਤੇ SDRF ਬਚਾਅ ਕਾਰਜ ‘ਚ ਲੱਗੇ ਹੋਏ ਹਨ, ਖਰਾਬ ਮੌਸਮ ਕਾਰਨ ਇਸ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਦੂਜੇ ਪਾਸੇ ਹਿਮਾਚਲ ਵਿੱਚ ਇਸ ਮਾਨਸੂਨ ਸੀਜ਼ਨ ਵਿੱਚ ਹੁਣ ਤੱਕ 199 ਲੋਕਾਂ ਦੀ ਮੌਤ ਹੋ ਚੁੱਕੀ ਹੈ। 31 ਲਾਪਤਾ ਹਨ। 199 ਮੌਤਾਂ ਵਿੱਚੋਂ 57 ਜ਼ਮੀਨ ਖਿਸਕਣ ਅਤੇ ਹੜ੍ਹਾਂ ਕਾਰਨ ਹੋਈਆਂ, ਜਦੋਂ ਕਿ 142 ਲੋਕ ਮਾਨਸੂਨ ਦੇ ਸਮੇਂ ਦੌਰਾਨ ਸੜਕ ਹਾਦਸਿਆਂ ਕਾਰਨ ਮਾਰੇ ਗਏ।
ਰਾਜ ਸਰਕਾਰ ਦੇ ਆਫ਼ਤ ਪ੍ਰਬੰਧਨ ਦੇ ਪ੍ਰਮੁੱਖ ਸਕੱਤਰ ਨੇ ਕਿਹਾ ਕਿ ਇਸ ਮਾਨਸੂਨ ਸੀਜ਼ਨ ਵਿੱਚ ਹਿਮਾਚਲ ਨੂੰ ਬਹੁਤ ਨੁਕਸਾਨ ਹੋਇਆ ਹੈ। ਹੁਣ ਤੱਕ 6,563.58 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।
ਮੀਂਹ ਕਾਰਨ ਆਏ ਹੜ੍ਹਾਂ ਕਾਰਨ ਸੂਬੇ ‘ਚ 774 ਘਰ ਪੂਰੀ ਤਰ੍ਹਾਂ ਤਬਾਹ ਹੋ ਗਏ ਹਨ ਜਦਕਿ 7,317 ਘਰ ਅੰਸ਼ਿਕ ਤੌਰ ‘ਤੇ ਨੁਕਸਾਨੇ ਗਏ ਹਨ। 254 ਦੁਕਾਨਾਂ ਅਤੇ 2,337 ਗਊਸ਼ਾਲਾਵਾਂ ਨੂੰ ਵੀ ਨੁਕਸਾਨ ਪਹੁੰਚਿਆ। ਅੰਕੜਿਆਂ ਮੁਤਾਬਕ ਰਾਜ ਵਿੱਚ ਜ਼ਮੀਨ ਖਿਸਕਣ ਦੀਆਂ 79 ਘਟਨਾਵਾਂ ਵਾਪਰੀਆਂ।
ਇਹ ਵੀ ਪੜ੍ਹੋ : ਚੰਡੀਗੜ੍ਹ ‘ਚ ਜ਼ਮੀਨ ਨਾ ਦੇਣ ‘ਤੇ ਮਚਿਆ ਸਿਆਸੀ ਘਮਾਸਾਨ, ‘ਆਪ’ ਨੇ ਦਿੱਤੀ ਚਿਤਾਵਨੀ
ਸੂਬੇ ਵਿੱਚ ਕਰੀਬ 300 ਸੜਕਾਂ ਬੰਦ ਹਨ। 274 ਬਿਜਲੀ ਅਤੇ 42 ਜਲ ਸਪਲਾਈ ਸਕੀਮਾਂ ਅਜੇ ਵੀ ਬੰਦ ਹਨ। ਰਾਜ ਆਫ਼ਤ ਪ੍ਰਬੰਧਨ ਅਥਾਰਟੀ ਨੇ ਵੀਰਵਾਰ ਨੂੰ ਅਗਲੇ ਦੋ ਦਿਨਾਂ ਦੌਰਾਨ ਰਾਜ ਵਿੱਚ ਭਾਰਤੀ ਮੌਸਮ ਵਿਭਾਗ ਵੱਲੋਂ ਜਾਰੀ ਕੀਤੀ ਭਾਰੀ ਬਾਰਿਸ਼ ਦੀ ਚਿਤਾਵਨੀ ਦੇ ਵਿਚਕਾਰ ਇੱਕ ਅਲਰਟ ਜਾਰੀ ਕੀਤਾ।
ਵੀਡੀਓ ਲਈ ਕਲਿੱਕ ਕਰੋ -: