ਬਠਿੰਡਾ ਵਿੱਚ ਬੱਸ ਸਟੈਂਡ ਚੌਕੀ ਦੀ ਪੁਲਿਸ ਨੇ ਇੱਕ ਅਜਿਹਾ ਗਿਰੋਹ ਫੜਿਆ ਹੈ ਜੋ ਵਿਆਹ ਕਰਵਾ ਕੇ ਲੁੱਟਦਾ ਸੀ। ਇਸ ਗਿਰੋਹ ਨੂੰ ਭਰਾ-ਭੈਣ ਚਲਾ ਰਹੇ ਸਨ। ਭਰਾ ਵਿਚੋਲਾ ਬਣ ਕੇ ਵਿਆਹ ਕਰਵਾਉਂਦਾ ਸੀ ਅਤੇ ਦੁਲਹਨ ਬਣ ਕੇ ਭੈਣ ਦੋ ਦਿਨ ਬਾਅਦ ਹੀ ਗਹਿਣੇ ਅਤੇ ਰੁਪਏ ਲੈ ਲੁੱਟ ਕੇ ਫਰਾਰ ਹੋ ਜਾਂਦੀ ਸੀ।
ਗਿਰੋਹ ਵਿੱਚ ਸ਼ਾਮਲ ਬਾਕੀ ਮੁਲਜ਼ਮ ਵੀ ਰਿਸ਼ਤੇਦਾਰਾਂ ਵਜੋਂ ਵਿਆਹ ਵਿੱਚ ਸ਼ਾਮਲ ਹੁੰਦੇ ਸਨ। ਗਿਰੋਹ ਵਿੱਚ ਕੁੱਲ ਪੰਜ ਲੋਕ ਹਨ। ਪੁਲਿਸ ਨੇ ਪਿਛਲੇ ਦਿਨ ਬਠਿੰਡਾ ਬੱਸ ਸਟੈਂਡ ਤੋਂ ਲਾੜੀ ਦੇ ਭਰਾ ਗੁਰਪ੍ਰੀਤ ਨੂੰ ਗ੍ਰਿਫਤਾਰ ਕੀਤਾ ਸੀ। ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਕਿ ਇਹ ਪਤਾ ਲਗਾਇਆ ਜਾ ਸਕੇ ਕਿ ਹੁਣ ਤੱਕ ਕਿੰਨੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਚੁੱਕੇ ਹਨ।
ਏਐਸਆਈ ਗੁਰਮੇਲ ਸਿੰਘ ਨੇ ਇਸ ਗਿਰੋਹ ਬਾਰੇ ਦੱਸਿਆ ਕਿ ਗੁਰਪ੍ਰੀਤ ਸਿੰਘ ਅਤੇ ਉਸਦੀ ਭੈਣ ਸੁਖਬੀਰ ਕੌਰ, ਜੋ ਨੰਨ੍ਹੀ ਛਾਵ ਚੌਕ ਨੇੜੇ ਰਹਿੰਦੇ ਹਨ, ਲੁੱਟ ਦਾ ਗਿਰੋਹ ਬਣਾਇਆ ਹੋਇਆ ਸੀ। ਇਹ ਲੋਕ ਸ਼ਹਿਰ ਵਿਚ ਅਜਿਹੇ ਲੋਕਾਂ ਦੀ ਭਾਲ ਕਰਦੇ ਸਨ, ਜਿਨ੍ਹਾਂ ਦੇ ਘਰ ਵਿਆਹ ਯੋਗ ਉਮਰ ਦਾ ਨੌਜਵਾਨ ਹੈ ਜਾਂ ਫਿਰ ਉਸ ਦੀ ਵਿਆਹ ਦੀ ਉਮਰ ਲੰਘ ਗਈ ਹੋਵੇ।
ਗੁਰਪ੍ਰੀਤ ਖ਼ੁਦ ਵਿਚੋਲੇ ਦਾ ਕੰਮ ਕਰਦਾ ਸੀ ਅਤੇ ਆਪਣੀ ਭੈਣ ਸੁਖਬੀਰ ਕੌਰ ਨਾਲ ਵਿਆਹ ਕਰਵਾ ਦਿੰਦਾ ਸੀ। ਵੀਰਪਾਲ ਕੌਰ ਅਤੇ ਅਮਨਦੀਪ ਕੌਰ ਨਿਵਾਸੀ ਭਦੌੜ ਅਤੇ ਇੱਕ ਹੋਰ ਵਿਅਕਤੀ ਰਿਸ਼ਤੇਦਾਰ ਦੀ ਭੂਮਿਕਾ ਨਿਭਾਉਂਦੇ ਸਨ, ਜੋ ਵਿਆਹ ਦੀਆਂ ਰਸਮਾਂ ਵਿੱਚ ਸ਼ਾਮਲ ਹੁੰਦੇ ਸਨ। ਵਿਆਹ ਦੇ ਦੋ ਦਿਨ ਬਾਅਦ ਸੁਖਬੀਰ ਕੌਰ ਗਹਿਣੇ ਅਤੇ ਨਕਦੀ ਲੈ ਕੇ ਲੜਕੇ ਦੇ ਘਰੋਂ ਫਰਾਰ ਹੋ ਜਾਂਦੀ ਸੀ।
ਇਹ ਵੀ ਪੜ੍ਹੋ : ਰਵਨੀਤ ਬਿੱਟੂ ਦੇ ਵਿਵਾਦਿਤ ਬਿਆਨ ਦਾ ਮੁੱਦਾ ਮੁੜ ਭੱਖਿਆ- ਮੁਆਫੀਨਾਮੇ ‘ਚ ਮੁਆਫੀ ਦਾ ਜ਼ਿਕਰ ਨਹੀਂ
ਇਸ ਤੋਂ ਬਾਅਦ ਜੇ ਮੁੰਡੇ ਦੇ ਰਿਸ਼ਤੇਦਾਰ ਇਸ ਖਿਲਾਫ ਆਵਾਜ਼ ਚੁੱਕਦੇ ਤਾਂ ਉਨ੍ਹਾਂ ਨੂੰ ਬਲਾਤਕਾਰ ਦੇ ਕੇਸ ਵਿੱਚ ਫਸਾਉਣ ਦੀ ਧਮਕੀ ਦਿੰਦੇ ਸਨ। ਇਹੀ ਨਹੀਂ, ਕਈ ਮਾਮਲਿਆਂ ਵਿੱਚ ਤਾਂ ਮੁੰਡੇ ਵਾਲਿਆਂ ਨੂੰ ਲੁੱਟਣ ਤੋਂ ਬਾਅਦ ਵ ਮਾਮਲਾ ਨਿਪਟਾਉਣ ਦੇ ਨਾਂ ‘ਤੇ ਪੈਸੇ ਲੈਂਦੇ ਸਨ। ਦੂਜੇ ਪਾਸੇ ਇਨ੍ਹਾਂ ਦੇ ਸ਼ਿਕਾਰ ਹੋਣ ਵਾਲੇ ਲੜਕੇ ਦੇ ਪਰਿਵਾਰ ਵਾਲੇ ਸਮਾਜ ਵਿੱਚ ਬਦਨਾਮੀ ਦੇ ਡਰੋਂ ਪੁਲਿਸ ਕੋਲ ਸ਼ਿਕਾਇਤ ਵੀ ਨਹੀਂ ਕਰਦੇ ਸਨ।