ਚੋਰੀ ਦੇ ਮੋਬਾਈਲ ਰਿਪੇਅਰ ਕਰਕੇ ਪ੍ਰਵਾਸੀ ਲੋਕਾਂ ਨੂੰ ਸਸਤੇ ਭਾਅ ਵਿੱਚ ਵੇਚਣ ਵਾਲਾ ਬੰਦਾ ਅੱਜ ਲੁਧਿਆਣਾ ਪੁਲਿਸ ਦੇ ਹੱਥੇ ਚੜ੍ਹ ਗਿਆ। ਦੋਸ਼ੀ ਕੋਲੋਂ 22 ਚੋਰੀ ਦੇ ਮੋਬਾਈਲ ਮਿਲੇ ਹਨ। ਦੋਸ਼ੀ ਦੀ ਪਛਾਣ ਪ੍ਰਿੰਸ ਕੁਮਾਰ ਉਰਫ ਤੋਤਾ ਪੁੱਤਰ ਲੇਟ ਪਵਨ ਕੁਮਾਰ, ਵਾਸੀ ਮੁਹੱਲਾ ਹਰਗੋਬਿੰਦਪੁਰਾ, ਇਸਲਾਮ ਗੰਜ, ਲੁਧਿਆਣਾ ਵਜੋਂ ਹੋਈ ਹੈ। ਪੁਲਿਸ ਨੇ ਦੋਸ਼ੀ ਖਿਲਾਫ ਮੁਕੱਦਮਾ ਨੰਬਰ 223 ਅ/ਧ 411 ਆਈਪੀਸੀ ਥਾਣਾ ਡਵੀ. ਨੰ. 2 ਲੁਧਿਆਣਾ ਵਿਖੇ ਦਰਜ ਕੀਤਾ ਹੈ।
ਮਿਲੀ ਜਾਣਕਾਰੀ ਮੁਤਾਬਕ ਇੰਸਪੈਕਟਰ ਅੰਮ੍ਰਿਤਪਾਲ ਸਿੰਘ ਇੰਚਾਰਜ ਐਂਟੀ ਨਾਰਕੋਟਿਕਸ ਸੈੱਲ-2, ਲੁਧਿਆਣਾ ਦੀ ਅਗਵਾਈ ਹੇਠ ਬਣਾਈ ਗਈ ਬਣਾਏ ਗਏ ਐਂਟੀ ਨਾਰਕੋਟਿਕਸ ਸੈਲ-2 ਦੀ ਪੁਲਿਸ ਪਾਰਟੀ ਨੇ ਦੋਸ਼ੀ ਨੂੰ ਸੂਫੀਆ ਚੌਂਕ ਲੁਧਿਆਣਾ ਤੋਂ ਕਾਬੂ ਕੀਤਾ।
ਇਹ ਵੀ ਪੜ੍ਹੋ : ਕਾਂਗਰਸ ‘ਚੋਂ ਕੱਢਣ ਦਾ ਕਮਲਜੀਤ ਬਰਾੜ ਨੇ ਵੜਿੰਗ ਸਿਰ ਭੰਨਿਆ ਠੀਕਰਾ, ਕੀਤਾ ਸਿੱਧਾ ਚੈਲੰਜ
ਦੋਸ਼ੀ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਸ ਨੇ ਕਰੀਬ ਚਾਰ ਸਾਲਾਂ ਤੋਂ ਪ੍ਰਾਈਵੇਟ ਤੌਰ ‘ਤੇ ਯੂ-ਟਿਊਬ ਤੋਂ ਮੋਬਾਈਲ ਫੋਨ ਰਿਪੇਅਰ ਦਾ ਕੰਮ ਸਿੱਖ ਕੇ ਆਪਣੇ ਘਰ ਵਿੱਚ ਹੀ ਮੋਬਾਈਲ ਰਿਪੇਅਰ ਦੀ ਦੁਕਾਨ ਖੋਲ੍ਹੀ ਹੋਈ ਸੀ। ਉਸ ਕੋਲ ਕੁਝ ਅਣਪਛਾਤੇ ਲੋਕ ਚੋਰੀ ਦੇ ਮੋਬਾਈਲ ਸਸਤੇ ਭਾਅ ਵਿੱਚ ਵੇਚਣ ਲੱਗੇ ਅਤੇ ਉਹ ਕੁਝ ਫੋਨ ਰਿਪੇਅਰ ਕਰਕੇ ਪ੍ਰਵਾਸੀ ਮਜ਼ਦੂਰਾਂ ਨੂੰ ਸਸਤੇ ਰੇਟ ਵਿੱਚ ਵੇਚ ਦਿੰਦਾ ਸੀ। ਦੋਸ਼ੀ ਨੇ ਦੱਸਿਆ ਕਿ ਅਜਿਹੇ ਹੀ ਕੁਝ ਮੋਬਾਈਲ ਵੇਚਣ ਲਈ ਅੱਜ ਉਹ ਜਾ ਰਿਹਾ ਸੀ, ਜਦੋਂ ਪੁਲਿਸ ਨੇ ਉਸ ਨੂੰ ਕਾਬੂ ਕਰ ਲਿਆ।
ਵੀਡੀਓ ਲਈ ਕਲਿੱਕ ਕਰੋ -: