ਪਟਿਆਲਾ ‘ਚ ਇੱਕ ਬੰਦੇ ਵੱਲੋਂ ਖੁਦ ਨੂੰ ਅੱਗ ਲਾ ਕੇ ਖਤਮ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਰਨ ਤੋਂ ਪਹਿਲਾਂ ਉਸ ਨੇ ਇੱਕ ਵੀਡੀਓ ਬਣਾ ਕੇ ਡੀ.ਐੱਸ.ਪੀ. ਸਣੇ ਕਈ ਪੁਲਿਸ ਮੁਲਾਜ਼ਮਾਂ ‘ਤੇ ਵੱਡੇ ਦੋਸ਼ ਲਾਉਂਦੇ ਹੋਏ ਉਨ੍ਹਾਂ ਨੂੰ ਖੁਦਕੁਸ਼ੀ ਕਰਨ ਲਈ ਜ਼ਿੰਮੇਵਾਰ ਠਹਿਰਾਇਆ।
ਗੁਰਮੁਖ ਸਿੰਘ ਧਾਲੀਵਾਲ ਨਾਂ ਦੇ ਇਸ 42 ਸਾਲਾ ਵਿਅਕਤੀ ਨੇ ਇਸ ਸਾਲ ਪੰਜਾਬ ਵਿਧਾਨ ਸਭਾ ਦੀ ਚੋਣ ਵੀ ਆਜ਼ਾਦ ਉਮੀਦਵਾਰ ਵਜੋਂ ਲੜੀ ਸੀ, ਪਰ ਹਾਰ ਦਾ ਮੂੰਹ ਦੇਖਣਾ ਪਿਆ ਸੀ।
ਗੁਰਮੁੱਖ ਸਿੰਘ ਧਾਲੀਵਾਲ ਵਾਸੀ ਮਰਕਲ ਕਾਲੋਨੀ, ਪਟਿਆਲਾ ਨੇ ਖ਼ੁਦਕੁਸ਼ੀ ਤੋਂ ਪਹਿਲਾਂ ਬਣਾਈ ਵੀਡੀਓ ਵਿੱਚ ਪੁਲਿਸ ’ਤੇ ਦੋਸ਼ ਲਾਉਂਦਿਆਂ ਕਿਹਾ ਕਿ ਅਕਤੂਬਰ 2022 ਵਿੱਚ ਉਸ ਖ਼ਿਲਾਫ਼ ਜੂਆ ਖੇਡਣ ਅਤੇ ਧੋਖਾਧੜੀ ਦਾ ਕੇਸ ਦਰਜ ਹੋਇਆ ਸੀ। ਜਿਸ ‘ਚ ਉਸ ‘ਤੇ 66 ਲੱਖ ਰੁਪਏ ਤੋਂ ਵੱਧ ਦੀ ਰਕਮ ਵਰਤਣ ਦਾ ਦੋਸ਼ ਸੀ। ਇਸ ਤੋਂ ਬਾਅਦ ਉਸ ਦੇ ਘਰ ਦੀਆਂ ਔਰਤਾਂ ‘ਤੇ ਵੀ ਝੂਠੇ ਕੇਸ ਦਰਜ ਕੀਤੇ ਗਏ। ਉਸ ਦੇ ਪਰਿਵਾਰ ‘ਤੇ ਤਸ਼ੱਦਦ ਕੀਤਾ ਜਾਂਦਾ ਸੀ, ਜਿਸ ਕਾਰਨ ਉਹ ਖੁਦਕੁਸ਼ੀ ਕਰਨ ਲਈ ਮਜਬੂਰ ਹੋਇਆ। 10 ਮਿੰਟ ਦੀ ਵੀਡੀਓ ਵਿੱਚ ਉਹ ਪੁਲਿਸ ਨੂੰ ਮੌਤ ਲਈ ਜ਼ਿੰਮੇਵਾਰ ਠਹਿਰਾ ਰਿਹਾ ਹੈ।
ਇਹ ਵੀ ਪੜ੍ਹੋ : ਮਮਤਾ ਸਾਹਮਣੇ ‘ਰੰਗ ਦੇ ਤੂ ਮੋਹੇ ਗੇਰੁਆ’ ਗਾਉਣ ‘ਤੇ ਅਰਿਜੀਤ ਸਿੰਘ ਦਾ ਕੰਸਰਟ ਰੱਦ! ਗਰਮਾਈ ਸਿਆਸਤ
ਇਸ ਮਾਮਲੇ ਸਬੰਧੀ ਥਾਣਾ ਕੋਤਵਾਲੀ ਦੇ ਏਐਸਆਈ ਮੰਗਤ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਸਨੌਰੀ ਅੱਡਾ ਇਲਾਕੇ ਵਿੱਚ ਇੱਕ ਵਿਅਕਤੀ ਨੇ ਆਪਣੇ ਆਪ ਨੂੰ ਅੱਗ ਲਾ ਲਈ ਹੈ।
ਜਦੋਂ ਉਹ ਮੌਕੇ ‘ਤੇ ਪਹੁੰਚੇ ਤਾਂ ਆਸ-ਪਾਸ ਦੇ ਦੁਕਾਨਦਾਰਾਂ ਨੇ ਉਕਤ ਵਿਅਕਤੀ ਨੂੰ ਦਫਤਰ ਤੋਂ ਬਾਹਰ ਕੱਢ ਦਿੱਤਾ ਸੀ, ਜਿੱਥੇ ਉਸ ਨੇ ਖੁਦ ਨੂੰ ਅੱਗ ਲਗਾ ਲਈ। ਗੁਰਮੁੱਖ ਸਿੰਘ ਨੂੰ ਜਦੋਂ ਹਸਪਤਾਲ ਲਿਜਾਇਆ ਗਿਆ ਤਾਂ ਉਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਏਐਸਆਈ ਮੰਗਤ ਸਿੰਘ ਨੇ ਦੱਸਿਆ ਕਿ ਹੁਣ ਵੀਡੀਓ ਦੇ ਆਧਾਰ ’ਤੇ ਜਾਂਚ ਕਰਕੇ ਕਾਰਵਾਈ ਕੀਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -: