Man killed wife lover : ਅੰਮ੍ਰਿਤਸਰ : ਕੁਝ ਦਿਨ ਪਹਿਲਾਂ ਪੁਲਿਸ ਨੇ ਗਟਰ ਵਿੱਚ ਮਿਲੇ ਨੌਜਵਾਨ ਦੀ ਲਾਸ਼ ਦੇ ਟੁਕੜਿਆਂ ਦੀ ਗੁੱਥੀ ਨੂੰ ਸੁਲਝਾ ਲਿਆ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਨਿਊ ਗੋਲਡਨ ਐਵੀਨਿਊ ਸਥਿਤ ਗਲੀ ਨੰਬਰ ਇੱਕ ਵਿੱਚ ਰਹਿਣ ਵਾਲੇ ਸੰਜੇ ਅਤੇ 40 ਖੂਹ ਦੇ ਕੋਲ ਰਹਿਣ ਵਾਲੀ ਮੰਜੂ ਨੂੰ ਗ੍ਰਿਫ਼ਤਾਰ ਕੀਤਾ ਹੈ। ਸੰਜੇ ਨੇ ਮੰਜੂ ਦੇ ਨਾਲ ਮਿਲਕੇ ਸ਼ੁਭਮ ਮਹਾਜਨ ਨਾਮ ਦੇ ਇਕ ਨੌਜਵਾਨ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ। ਕਤਲ ਤੋਂ ਬਾਅਦ ਲਾਸ਼ ਨੂੰ ਕੱਟ ਕੇ ਗਟਰ ਵਿੱਚ ਸੁੱਟ ਦਿੱਤਾ ਗਿਆ। ਸ਼ੁਭਮ ਮਹਾਜਨ ਦੇ ਸੰਜੇ ਦੀ ਪਤਨੀ ਨਾਲ ਸੰਬੰਧ ਸਨ। ਇਸ ਤੋਂ ਨਾਰਾਜ਼ ਹੋ ਕੇ ਸੰਜੇ ਨੇ ਮੰਜੂ ਦੇ ਸਾਥ ਨਾਲ ਉਸ ਦਾ ਕਤਲ ਕੀਤਾ।
ਥਾਣਾ ਛੇਹਰਟਾ ਦੇ ਇੰਚਾਰਜ ਇੰਸਪੈਕਟਰ ਸੁਖਬੀਰ ਸਿੰਘ ਦੇ ਅਨੁਸਾਰ ਗ੍ਰਿਫਤਾਰ ਕੀਤੇ ਗਏ ਸੰਜੇ ਨੇ ਅਪਰਾਧ ਕਬੂਲ ਕੀਤਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇੰਸਪੈਕਟਰ ਸੁਖਬੀਰ ਸਿੰਘ ਨੇ ਦੱਸਿਆ ਕਿ 24 ਸਾਲਾ ਸ਼ੁਭਮ ਮਹਾਜਨ ਵਾਸੀ ਨਰੈਣਗੜ ਕਟਰਾ ਆਹਲੂਵਾਲਾ ਵਿੱਚ ਕਪੜੇ ਦੀ ਦੁਕਾਨ ‘ਤੇ ਕੰਮ ਕਰਦਾ ਸੀ। ਉਸ ਦੇ ਗੋਲਡਨ ਐਵੇਨਿਊ ਨਿਵਾਸੀ ਸੰਜੇ ਦੀ ਪਤਨੀ ਪੂਜਾ ਨਾਲ ਪ੍ਰੇਮ ਸੰਬੰਧ ਸੀ। ਸੰਜੇ ਗਲੀ-ਗਲੀ ਜਾ ਕੇ ਕੁਰਸੀਆਂ ਦੀ ਮੁਰੰਮਤ ਕਰਕੇ ਪਰਿਵਾਰ ਪਾਲਦਾ ਸੀ। ਸੰਬੰਧਾਂ ਦੇ ਸ਼ੱਕ ਕਾਰਨ ਪੂਜਾ ਤੇ ਉਸ ਦੇ ਪਤੀ ਸੰਜੇ ਦੇ ਰਿਸ਼ਤੇ ਠੀਕ ਨਹੀਂ ਸਨ। ਪੂਜਾ ਨੇ ਸੰਜੇ ਤੋਂ ਵੱਖ ਹੋ ਕੇ ਸ਼ੁਭਮ ਨਾਲ ਜ਼ਿੰਦਗੀ ਬਿਤਾਉਣ ਦੀ ਠਾਣ ਲਈ ਸੀ। ਉਸ ਨੇ ਲਗਭਗ ਇੱਕ ਸਾਲ ਪਹਿਲਾਂ ਪਤੀ ਸੰਜੇ ਖਿਲਾਫ ਕੋਰਟ ਵਿੱਚ ਤਲਾਕ ਦੀ ਪਟੀਸ਼ਨ ਵੀ ਦਾਇਰ ਕਰ ਦਿੱਤੀ ਸੀ। ਪਤਨੀ ਦੇ ਪ੍ਰੇਮ ਸੰਬੰਧਾਂ ਦਾ ਪਤਾ ਲੱਗਣ ’ਤੇ ਸੰਜੇ ਨੇ ਸ਼ਿਵਮ ਦਾ ਮੋਬਾਈਲ ਨੰਬਰ ਆਪਣੀ ਜਾਣਕਾਰ ਮੰਜੂ ਨੂੰ ਦੇ ਦਿੱਤਾ।
ਉਸ ਨੇ ਮੰਜੂ ਨੂੰ ਸ਼ੁਭਮ ਨੂੰ ਆਪਣੇ ਪਿਆਰ ਦੇ ਜਾਲ ਵਿੱਚ ਫਸਾਉਣ ਲਈ ਕਿਹਾ। ਇਸ ਦੌਰਾਨ ਸ਼ੁਭਮ ਅਤੇ ਮੰਜੂ ਵਿੱਚ ਗੱਲਬਾਤ ਸ਼ੁਰੂ ਹੋਈ। ਸੰਜੇ ਦੇ ਕਹਿਣ ‘ਤੇ ਮੰਜੂ ਨੇ ਸ਼ੁਭਮ ਨੂੰ 17 ਮਾਰਚ ਨੂੰ ਮਿਲਣ ਲਈ ਉਜੈਨ ਨਗਰ ਬੁਲਾਇਆ। ਸੰਜੇ ਹੋਰ ਸਾਥੀ ਲਲਿਤ ਦੇ ਨਾਲ ਉਥੇ ਪਹੁੰਚੇ। ਦੋਸ਼ੀ ਨੇ ਪਹਿਲਾਂ ਸ਼ੁਭਮ ਨੂੰ ਕੁੱਟਿਆ। ਬਾਅਦ ਵਿਚ ਉਸ ਦਾ ਕਤਲ ਕਰ ਦਿੱਤਾ ਅਤੇ ਲਾਸ਼ ਨੂੰ ਕੱਟ ਕੇ ਘਰ ਦੇ ਬਾਹਰ ਗਟਰ ਵਿਚ ਵਹਾ ਦਿੱਤਾ। ਦੂਜੇ ਪਾਸੇ, ਸ਼ੁਭਮ ਦੇ ਲਾਪਤਾ ਹੋਣ ਤੋਂ ਬਾਅਦ ਉਸਦੇ ਪਰਿਵਾਰ ਨੇ 22 ਮਾਰਚ ਨੂੰ ਛੇਹਰਟਾ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ। ਜਦੋਂ ਪੁਲਿਸ ਨੇ ਸ਼ੁਭਮ ਦੇ ਮੋਬਾਈਲ ਲੋਕੇਸ਼ਨ ਦੀ ਜਾਂਚ ਕੀਤੀ ਤਾਂ ਉਸ ਦੀ ਆਖਰੀ ਲੋਕੇਸ਼ਨ ਨਿਊ ਅਮ੍ਰਿਤਸਰ ਵਿੱਚ ਮਿਲੀ। ਇੰਸਪੈਕਟਰ ਸੁਖਬੀਰ ਸਿੰਘ ਨੇ ਦੱਸਿਆ ਕਿ ਜਦੋਂ ਪੁਲਿਸ ਨੇ ਸੰਜੇ ਨੂੰ ਹਿਰਾਸਤ ਵਿੱਚ ਲਿਆ ਤਾਂ ਉਸਨੇ ਸਾਰੀ ਸੱਚਾਈ ਕਬੂਲ ਕਰ ਲਈ। ਉਸ ਦੀ ਨਿਸ਼ਾਨਦੇਹੀ ’ਤੇ ਸ਼ਿਵਮ ਦੀ ਲਾਸ਼ ਦੇ ਟੁੱਕੜੇ ਬਰਾਮਦ ਕਰ ਲਏ ਗਏ ਅਤੇ ਫਿਰ ਮੰਜੂ ਨੂੰ ਗ੍ਰਿਫਤਾਰ ਕੀਤਾ। ਸ ਦੇ ਇੱਕ ਹੋਰ ਸਾਥੀ ਲਲਿਤ ਦੀ ਭਾਲ ਕੀਤੀ ਜਾ ਰਹੀ ਹੈ।