ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਅੰਤਿਮ ਅਰਦਾਸ ਸ਼ੁਰੂ ਹੋ ਗਈ ਹੈ। ਮਾਨਸਾ ਦੀ ਅਨਾਜ ਮੰਡੀ ਵਿੱਚ ਵੱਡੀ ਗਿਣਤੀ ਵਿੱਚ ਮੂਸੇਵਾਲਾ ਦੇ ਪ੍ਰਸ਼ੰਸਕ ਪਹੁੰਚ ਰਹੇ ਹਨ। ਪੰਜਾਬ ਤੋਂ ਹੀ ਨਹੀਂ ਸਗੋਂ ਹਰਿਆਣਾ ਸਮੇਤ ਹੋਰ ਗੁਆਂਢੀ ਰਾਜਾਂ ਤੋਂ ਵੀ ਪ੍ਰਸ਼ੰਸਕ ਇੱਥੇ ਪੁੱਜੇ ਹਨ।
ਇਸ ਮੌਕੇ ਇੱਕ ਲੱਖ ਦੇ ਕਰੀਬ ਪ੍ਰਸ਼ੰਸਕਾਂ ਦੇ ਮਾਨਸਾ ਪੁੱਜਣ ਦੀ ਸੰਭਾਵਨਾ ਹੈ। ਇਸ ਸਮਾਗਮ ਦੇ ਮੱਦੇਨਜ਼ਰ ਪੰਜਾਬ ਪੁਲਿਸ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਇਸ ਦੇ ਨਾਲ ਹੀ ਪਰਿਵਾਰ ਨੇ ਸਾਰਿਆਂ ਨੂੰ ਪੱਗ ਬੰਨ੍ਹ ਕੇ ਆਉਣ ਦੀ ਅਪੀਲ ਕੀਤੀ ਹੈ, ਇਹੀ ਮੂਸੇਵਾਲਾ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।
ਸਿੱਧੂ ਮੂਸੇਵਾਲਾ ਦੇ ਭੋਗ ‘ਤੇ ਕਾਂਗਰਸ ਸੂਬਾ ਪ੍ਰਧਾਨ ਰਾਜਾ ਵੜਿੰਗ ਵੀ ਪੱਗ ਪਹਿਨ ਕੇ ਪਹੁੰਚੇ। ਉਹ ਲਗਾਤਾਰ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੇ ਨਾਲ ਨਜ਼ਰ ਆਏ। ਵੜਿੰਗ ਨੇ ਲੋਕਾਂ ਨੂੰ ਅੱਜ ਦੇ ਦਿਨ ਸਾਰੀਆਂ ਦੁਕਾਨਾਂ ਬੰਦ ਰੱਖਣ ਦੀ ਅਪੀਲ ਕੀਤੀ।
ਪੰਜਾਬੀ ਮਿਊਜ਼ਿਕ ਤੇ ਫਿਲਮ ਇੰਡਸਟਰੀ ਦੇ ਕਲਾਕਾਰ ਵੀ ਭੋਗ ਸਮਾਗਮ ‘ਤੇ ਪਹੁੰਚ ਰਹੇ ਹਨ। ਪੰਜਾਬੀ ਗਾਇਕਾ ਕੌਰ ਬੀ, ਗਾਇਕਾ ਜਸਵਿੰਦਰ ਬਰਾੜ, ਕਲਾਕਾਰ ਮੈਂਡੀ ਤੱਖੜ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਣ ਲਈ ਪਹੁੰਚ ਚੁੱਕੇ ਹਨ।
ਲੋਕ ਸਿੱਧੂ ਮੂਸੇਵਾਲਾ ਦੀਆਂ ਤਸਵੀਰਾਂ ਛਾਤੀ ਨਲ ਲਾਏ ਮਾਨਸਾ ਪਹੁੰਚ ਚੁੱਕੇ ਹਨ। ਹਰ ਕੋਈ ਆਪੋ-ਆਪਣੇ ਤਰੀਕੇ ਨਾਲ ਮੂਸੇਵਾਲਾ ਨੂੰ ਸ਼ਰਧਾਂਜਲੀ ਦੇ ਰਿਹਾ ਹੈ। ਮੂਸੇਵਾਲਾ ਦੀ ਅੰਤਿਮ ਅਰਦਾਸ ‘ਚ ਦਸਤਾਰ, ਬੂਟੇ ਤੇ ਪਾਣੀ ਦਾ ਲੰਗਰ ਲਾਇਆ ਗਿਆ ਹੈ। ਜਿਹੜੇ ਲੋਕ ਪੱਗ ਬੰਨ੍ਹ ਕੇ ਨਹੀਂ ਆਏ, ਉਨ੍ਹਾਂ ਨੂੰ ਇਥੇ ਪੱਗਾਂ ਬੰਨ੍ਹੀਆਂ ਜਾ ਰਹੀਆਂ ਹਨ।
ਅੰਤਿਮ ਅਰਦਾਸ ਵਾਲੀ ਥਾਂ ‘ਤੇ ਇਸ ਵਾਲੇ ਮੇਲੇ ਵਰਗਾ ਮਾਹੌਲ ਬਣਿਆ ਹੋਇਆ ਹੈ। ਲੋਕਾਂ ਦਾ ਆਉਣਾ ਲਗਾਤਾਰ ਜਾਰੀ ਹੈ। ਗਾਇਕ ਰੇਸ਼ਮ ਅਨਮੋਲ ਇਸ ਦੌਰਾਨ ਛਬੀਲ ਦੀ ਸੇਵਾ ਕਰਦੇ ਹੋਏ ਨਜ਼ਰ ਆਏ।