ਪੰਜਾਬ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਚੁੱਕੇ ਨਵਜੋਤ ਸਿੱਧੂ ਨੂੰ ਮਨਾਉਣ ਲਈ ਚੰਡੀਗੜ੍ਹ ਦੇ ਪੰਜਾਬ ਭਵਨ ਵਿੱਚ ਹੋ ਰਹੀ ਮੀਟਿੰਗ ਖ਼ਤਮ ਹੋ ਗਈ ਹੈ। ਇਹ ਮੀਟਿੰਗ ਕਰੀਬ 2 ਘੰਟੇ ਚੱਲੀ। ਮੀਟਿੰਗ ਤੋਂ ਬਾਅਦ ਸਾਂਝੀ ਪ੍ਰੈਸ ਕਾਨਫਰੰਸ ਕੀਤੀ ਜਾਣੀ ਸੀ। ਪਰ ਮੁੱਖ ਮੰਤਰੀ ਚਰਨਜੀਤ ਚੰਨੀ ਮੀਡੀਆ ਨਾਲ ਗੱਲਬਾਤ ਕਰਨ ਤੋਂ ਬਾਅਦ ਪੰਜਾਬ ਭਵਨ ਛੱਡ ਗਏ। ਚੰਨੀ ਨਾਲ ਮੀਟਿੰਗ ਵਿੱਚ ਕੇਂਦਰੀ ਨਿਗਰਾਨ ਹਰੀਸ਼ ਚੌਧਰੀ ਵੀ ਮੌਜੂਦ ਸਨ।
ਨਿਯੁਕਤੀਆਂ ਨੂੰ ਲੈ ਕੇ ਨਾਰਾਜ਼ ਮੁੱਖ ਮੰਤਰੀ ਚੰਨੀ ਨਾਲ ਸਿੱਧੂ ਦੀ ਮੁਲਾਕਾਤ ਬੇਸਿੱਟਾ ਰਹੀ ਹੈ। ਇਸ ਮੀਟਿੰਗ ਵਿੱਚ ਕਈ ਵਿਧਾਇਕ ਵੀ ਮੌਜੂਦ ਸਨ ਪਰ ਚੰਨੀ ਅਤੇ ਸਿੱਧੂ ਦਰਮਿਆਨ ਹੋਈ ਗੱਲਬਾਤ ਦੌਰਾਨ ਸਾਰੇ ਚੁੱਪ ਰਹੇ। ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਾ ਹੈ ਕਿ ਸਿੱਧੂ ਡੀਜੀਪੀ ਅਤੇ ਏਜੀ ਦੀ ਨਿਯੁਕਤੀ ਰੱਦ ਕਰਨ ‘ਤੇ ਅੜੇ ਹੋਏ ਹਨ।
ਤੁਹਾਨੂੰ ਦੱਸ ਦੇਈਏ ਕਿ ਨਵਜੋਤ ਸਿੰਘ ਸਿੱਧੂ ਨੇ ਡੀਜੀਪੀ ਅਤੇ ਏਪੀਐਸ ਦਿਓਲ, ਐਡਵੋਕੇਟ ਜਨਰਲ ਵਜੋਂ ਨਿਯੁਕਤ ਕੀਤੇ ਗਏ ਇਕਬਾਲਪ੍ਰੀਤ ਸਿੰਘ ਸਹੋਤਾ ਦੀ ਨਿਯੁਕਤੀ ਨਾਲ ਅਸਹਿਮਤ ਹੋਏ ਸਨ ਅਤੇ ਪਾਰਟੀ ਮੁਖੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।
ਇਹ ਵੀ ਪੜ੍ਹੋ : ਗਿੱਦੜਬਾਹਾ ‘ਚ ਕਿਸਾਨਾਂ ਨੇ ਘੇਰਿਆ ਕੈਬਨਿਟ ਮੰਤਰੀ ਰਾਜਾ ਵੜਿੰਗ, ਹੋਈ ਚੰਗੀ ਬਹਿਸ
ਸਿੱਧੂ ਨੇ ਦੋਸ਼ ਲਾਇਆ ਕਿ ਡੀਜੀਪੀ ਇਕਬਾਲਪ੍ਰੀਤ ਸਿੰਘ ਸਹੋਤਾ ਉਹੀ ਵਿਅਕਤੀ ਹਨ ਜਿਨ੍ਹਾਂ ਨੂੰ ਬਰਗਾੜੀ ਬੇਅਦਬੀ ਮਾਮਲੇ ਵਿੱਚ ਬਣਾਈ ਗਈ ਐਸਆਈਟੀ ਦਾ ਮੈਂਬਰ ਬਣਾਇਆ ਗਿਆ ਸੀ ਅਤੇ ਇਸ ਮਾਮਲੇ ਵਿੱਚ ਬਾਦਲਾਂ ਨੂੰ ਕਲੀਨ ਚਿੱਟ ਦਿੱਤੀ ਗਈ ਸੀ।
ਇੰਨਾ ਹੀ ਨਹੀਂ ਉਸ ਨੇ ਇਸ ਮਾਮਲੇ ਵਿੱਚ ਦੋ ਸਿੱਖ ਨੌਜਵਾਨਾਂ ਨੂੰ ਨਾਜਾਇਜ਼ ਢੰਗ ਨਾਲ ਤਸੀਹੇ ਵੀ ਦਿੱਤੇ ਸਨ। ਜਿਸ ਦਾ ਸਿੱਧੂ ਅਤੇ ਉਪ ਮੁੱਖ ਮੰਤਰੀ ਰੰਧਾਵਾ ਵੱਲੋਂ ਸਖਤ ਵਿਰੋਧ ਕੀਤਾ ਗਿਆ। ਜਦੋਂ ਕਿ ਏਜੀ ਦਿਓਲ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਦਾ ਕੇਸ ਲੜ ਰਹੇ ਹਨ, ਜਿਸਦਾ ਨਾਮ ਕੋਟਕਪੂਰਾ ਗੋਲੀਕਾਂਡ ਵਿੱਚ ਹੈ।