ਅਰਵਿੰਦ ਕੇਜਰੀਵਾਲ ਤੋਂ ਬਾਅਦ ਹੁਣ ਪੰਜਾਬ ਦੇ ਮੰਤਰੀ ਅਮਨ ਅਰੋੜਾ ਦੀ ਵਿਦੇਸ਼ ਯਾਤਰਾ ‘ਤੇ ਕੇਂਦਰ ਸਰਕਾਰ ਨੇ ਰੋਕ ਲਾ ਦਿੱਤੀ ਹੈ। ਦਰਅਸਲ ਉਨ੍ਹਾਂ ਨੇ ਨਿਊ ਰਿਨਿਊਏਬਲ ਐਨਰਜੀ ‘ਤੇ ਹੋਣ ਵਾਲੇ ਇੱਕ ਨਾਲੇਜ ਐਕਸਜੇਂ ਪ੍ਰੋਗਰਾਮ ਲਈ ਯੂਰਪ ਜਾਣਾ ਸੀ। ਪਰ ਉਨ੍ਹਾਂ ਨੂੰ ਇਸ ਯਾਤਰਾ ਦੀ ਇਜਾਜ਼ਤ ਨਹੀਂ ਦਿੱਤੀ ਗਈ।
ਇਸ ‘ਤੇ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਪਰਾਲੀ ‘ਤੇ ਕੇਂਦਰ ਸਰਕਾਰ ਪੰਜਾਬ ਸਰਕਾਰ ਦੀਆਂ ਕਮੀਆਂ ਤਾਂ ਕੱਢਦੀ ਹੈ ਪਰ ਜਿਥੋਂ ਹੱਲ ਨਿਕਲਦਾ ਹੈ ਉਥੇ ਜਾਣ ਦੀ ਇਜਾਜ਼ਤ ਨਹੀਂ ਦਿੰਦੀ। ਉਨ੍ਹਾਂ ਕਿਹਾ ਕਿ ਹਾਈਡ੍ਰੋਜਨ ਨਾਲ ਪ੍ਰਦੂਸ਼ਣ ਤੇ ਪਰਾਲੀ ਦੀ ਸਮੱਸਿਆ ਦੇ ਹੱਲ ਕੱਢੇ ਜਾ ਸਕਦੇ ਹਨ। ਪਰ ਸਿਆਸੀ ਕਰਨਾਂ ਕਰਕੇ ਮੇਰੀ ਯਾਤਰਾ ‘ਤੇ ਰੋਕ ਲਾ ਦਿੱਤੀ ਗਈ ਹੈ। ਕੇਂਦਰ ਨਹੀਂ ਚਾਹੁੰਦੀ ਕਿ ਦਿੱਲੀ ਤੇ ਪੰਜਾਬ ਸਰਕਾਰ ਪ੍ਰਦੂਸ਼ਣ ਦੀ ਸਮੱਸਿਆ ਦਾ ਹੱਲ ਕੱਢੇ। ਉਨ੍ਹਾਂ ਕਿਹਾ ਕਿ ਮੇਰੀ ਯਾਤਰਾ ‘ਤੇ ਸਰਕਾਰ ਦਾ ਇੱਕ ਰੁਪਇਆ ਵੀ ਨਹੀਂ ਖਰਚਿਆ ਜਾਣਾ ਸੀ।
ਦੱਸ ਦੇਈਏ ਕਿ ਅਮਨ ਅਰੋੜਾ ਨੇ 24 ਸਤੰਬਰ ਤੋਂ 2 ਅਕਤੂਬਰ ਤੱਕ ਤਿੰਨ ਦੇਸ਼ਾਂ ਦੀ ਯਾਤਰਾ ਕਰਨੀ ਸੀ, ਤਾਂ ਜੋ ਯੂਰਪ ਭਰ ਵਿੱਚ ਹਾਈਡ੍ਰੋਜਨ ਸੈਕਟਰ ਵਿੱਚ ਹੋਏ ਨਵੀਨਤਮ ਵਿਕਾਸ ਬਾਰੇ ਜਾਣਕਾਰੀ ਹਾਸਲ ਕੀਤੀ ਜਾ ਸਕੇ ਅਤੇ ਗ੍ਰੀਨ ਹਾਈਡ੍ਰੋਜਨ ਦੀ ਤਾਇਨਾਤੀ ਦੇ ਵੱਖ-ਵੱਖ ਪਹਿਲੂਆਂ ਬਾਰੇ ਗਲੋਬਲ ਮਾਹਿਰਾਂ, ਨੀਤੀ ਨਿਰਮਾਤਾਵਾਂ ਅਤੇ ਉਦਯੋਗਾਂ ਨਾਲ ਨੀਤੀ, ਨਿਯਮ, ਮਿਆਰ ਅਤੇ ਵਿੱਤ ਬਾਰੇ ਗੱਲਬਾਤ ਦਾ ਮੌਕਾ ਪ੍ਰਾਪਤ ਮਿਲ ਸਕੇ।
ਸਰਕਾਰੀ ਸੂਤਰਾਂ ਮੁਤਾਬਕ ਵਿਦੇਸ਼ ਮੰਤਰਾਲੇ ਵੱਲੋਂ ਮੰਤਰੀ ਅਰੋੜਾ ਨੂੰ ਇਸ ਲਈ ਮਨਜ਼ੂਰੀ ਦੇਣ ਤੋਂ ਇਨਕਾਰ ਕਰਨ ਬਾਰੇ ਕੋਈ ਸਪੱਸ਼ਟੀਕਰਨ ਨਹੀਂ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਅਰਵਿੰਦ ਕੇਜਰੀਵਾਲ ਦੀ ਵੀ ਵਿਦੇਸ਼ ਯਾਤਰਾ ‘ਤੇ ਰੋਕ ਲਾਈ ਸੀ ਜਿਥੇ ਉਨ੍ਹਾਂ ਨੂੰ ਦਿੱਲੀ ਮਾਡਲ ਪੇਸ਼ ਕਰਨ ਦਾ ਸੱਦਾ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ : ਕੈਨੇਡਾ ਜਾਣ ਵਾਲੇ ਸਟੂਡੈਂਟਸ ਹੋ ਜਾਣ ਸਾਵਧਾਨ! ਸਰਕਾਰ ਨੇ ਜਾਰੀ ਕੀਤਾ ਅਲਰਟ
ਅੱਠ ਰਾਜਾਂ ਅਤੇ ਕੇਂਦਰ ਸਰਕਾਰ ਦੀਆਂ ਪੰਜ ਸੰਸਥਾਵਾਂ ਦੇ 13 ਲੋਕਾਂ ਨੇ ਸੈਮੀਨਾਰ ਵਿੱਚ ਹਿੱਸਾ ਲੈਣ ਦੀ ਇੱਛਾ ਪ੍ਰਗਟਾਈ ਸੀ। ਇਸ ਸੂਚੀ ਵਿੱਚ ਸਿਰਫ਼ ਅਰੋੜਾ ਹੀ ਸਿਆਸੀ ਵਿਅਕਤੀ ਸਨ, ਜਦਕਿ ਬਾਕੀ ਸਾਰੇ ਟੈਕਨੋਕਰੇਟ ਅਤੇ ਨੌਕਰਸ਼ਾਹ ਹਨ। ਇਸ ਤੋਂ ਇਲਾਵਾ ਅਸਾਮ ਦੇ ਆਈਏਐਸ ਅਧਿਕਾਰੀ ਨੀਰਜ ਵਰਮਾ ਨੂੰ ਵੀ ਮਨਜ਼ੂਰੀ ਨਹੀਂ ਮਿਲੀ ਹੈ।
ਵੀਡੀਓ ਲਈ ਕਲਿੱਕ ਕਰੋ -: