ਕਪੂਰਥਲਾ ‘ਚ ਵਿਧਾਇਕ ਰਾਣਾ ਗੁਰਜੀਤ ਸਿੰਘ ਦੇ ਖਾਸ ਮੰਨੇ ਜਾਂਦੇ ਪਿੰਡ ਬੂਟ ਦੇ ਸਰਪੰਚ ਅਤੇ ਪੰਚ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ। ਦੋਵਾਂ ‘ਤੇ ਦੋਸ਼ ਹੈ ਕਿ ਪੰਚ ਨੇ ਪੰਚਾਇਤੀ ਜ਼ਮੀਨ ਨੂੰ ਨਾਜਾਇਜ਼ ਕਬਜ਼ਿਆਂ ਤੋਂ ਮੁਕਤ ਕਰਵਾਉਣ ਦੀ ਬਜਾਏ ਪੰਚਾਇਤੀ ਜ਼ਮੀਨ ‘ਤੇ ਟਾਈਲਾਂ ਦੀ ਫੈਕਟਰੀ ਲਗਾ ਦਿੱਤੀ ਸੀ। ਵਿਕਾਸ ਫੰਡਾਂ ਦੀ ਸਹੀ ਵਰਤੋਂ ਨਹੀਂ ਕੀਤੀ ਗਈ। ਬੀਡੀਪੀਓ ਅਮਰਜੀਤ ਸਿੰਘ ਨੇ ਦੱਸਿਆ ਕਿ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਡਾਇਰੈਕਟਰ ਵੱਲੋਂ ਉਨ੍ਹਾਂ ਦੀ ਰਿਪੋਰਟ ਤੋਂ ਬਾਅਦ ਦੋਵਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।
ਪਿੰਡ ਬੂਟ ਦੇ ਲੋਕਾਂ ਨੇ ਸਰਪੰਚ ਰਾਜਪਾਲ ਸਿੰਘ ਅਤੇ ਪੰਚ ਬਲਵਿੰਦਰ ਖ਼ਿਲਾਫ਼ ਸ਼ਿਕਾਇਤ ਕੀਤੀ ਸੀ। ਡੀਡੀਪੀਓ ਕਪੂਰਥਲਾ ਨੇ ਵਿਭਾਗ ਨੂੰ ਸੂਚਿਤ ਕੀਤਾ ਸੀ ਕਿ ਰਾਜਪਾਲ ਸਿੰਘ ਸਰਪੰਚ ਗ੍ਰਾਮ ਪੰਚਾਇਤ ਬੂਟ ਨੇ ਨਾਜਾਇਜ਼ ਕਬਜ਼ੇ ਹਟਾਉਣ ਲਈ ਕੋਈ ਕਾਰਵਾਈ ਨਹੀਂ ਕੀਤੀ। ਦੂਜੇ ਪਾਸੇ ਸੁਭਾਨਪੁਰ-ਕਪੂਰਥਲਾ ਰੋਡ ’ਤੇ ਦੁਕਾਨਾਂ ਅਤੇ ਮਕਾਨ ਬਣੇ ਹੋਏ ਹਨ।
ਉਥੇ ਪੰਚ ਬਲਵਿੰਦਰ ਸਿੰਘ ਨੇ ਟਾਈਲਾਂ ਦੀ ਫੈਕਟਰੀ ਲਗਾਈ ਹੋਈ ਹੈ। ਪੰਚਾਇਤ ਦਾ ਮੁੱਖ ਇਲਾਕਾ ਸੜਕ ’ਤੇ ਹੋਣ ਕਾਰਨ ਸਰਪੰਚ, ਸਰਪੰਚ ਦੇ ਪਰਿਵਾਰ ਅਤੇ ਹੋਰ ਕਈ ਵਿਅਕਤੀਆਂ ਵੱਲੋਂ ਨਾਜਾਇਜ਼ ਕਬਜ਼ਿਆਂ ਕਾਰਨ ਪੰਚਾਇਤ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਹੈ। ਰਾਜਪਾਲ ਸਿੰਘ ਸਰਪੰਚ ਅਤੇ ਬਲਵਿੰਦਰ ਸਿੰਘ ਪੰਚ ਵਿਰੁੱਧ ਨਾਜਾਇਜ਼ ਕਬਜ਼ਿਆਂ ਅਤੇ ਫੰਡਾਂ ਦੀ ਦੁਰਵਰਤੋਂ ਕਰਨ ਸਬੰਧੀ ਕਾਰਵਾਈ ਕੀਤੀ ਜਾਵੇ।
ਇਹ ਵੀ ਪੜ੍ਹੋ : ਅੰਬਾਲਾ ‘ਚ ਛੱਤ ‘ਤੇ ਖੇਡ ਰਹੇ 8 ਸਾਲਾਂ ਮਾਸੂਮ ਦੇ ਗੱਲ ‘ਚ ਫਸੀ ਰੱਸੀ, ਦਮ ਘੁੱਟਣ ਨਾਲ ਹੋਈ ਮੌਤ
ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਡਾਇਰੈਕਟਰ ਗੁਰਪ੍ਰੀਤ ਸਿੰਘ ਖਹਿਰਾ ਨੇ ਰਾਜਪਾਲ ਸਿੰਘ ਸਰਪੰਚ ਅਤੇ ਬਲਵਿੰਦਰ ਸਿੰਘ ਪੰਚ ਨੂੰ ਨੋਟਿਸ ਜਾਰੀ ਕਰਕੇ ਸਪੱਸ਼ਟੀਕਰਨ ਮੰਗਿਆ ਸੀ। ਦੋਵਾਂ ਦੇ ਜਵਾਬ ਤਸੱਲੀਬਖਸ਼ ਨਾ ਹੋਣ ‘ਤੇ ਦੋਵਾਂ ‘ਤੇ ਕਾਰਵਾਈ ਕੀਤੀ ਗਈ ਹੈ। ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਡਾਇਰੈਕਟਰ ਨੇ ਇਨ੍ਹਾਂ ’ਤੇ ਲੱਗੇ ਦੋਸ਼ਾਂ ਦੇ ਸਬੰਧ ਵਿੱਚ ਸਰਪੰਚ ਰਾਜਪਾਲ ਸਿੰਘ ਅਤੇ ਬਲਵਿੰਦਰ ਸਿੰਘ ਪੰਚ ਨੂੰ ਤੁਰੰਤ ਪ੍ਰਭਾਵ ਨਾਲ ਸਸਪੈਂਡ ਕਰ ਦਿੱਤਾ ਹੈ। ਬੀਡੀਪੀਓ ਢਿਲਵਾਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਉਨ੍ਹਾਂ ਨਾਲ ਸਬੰਧਤ ਬੈਂਕ ਖਾਤੇ ਤੁਰੰਤ ਸੀਲ ਕੀਤੇ ਜਾਣ।
ਬੀਡੀਪੀਓ ਦਿਲਵਾ ਅਮਰਜੀਤ ਸਿੰਘ ਨੇ ਦੱਸਿਆ ਕਿ ਵਿਭਾਗ ਦੇ ਡਾਇਰੈਕਟਰ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਸਾਰੇ ਬੈਂਕ ਖਾਤੇ ਸੀਲ ਕਰ ਦਿੱਤੇ ਗਏ ਹਨ। ਆਉਣ ਵਾਲੇ ਦਿਨਾਂ ਵਿੱਚ ਬਾਕੀ ਰਹਿੰਦੇ 7 ਪੰਚਾਂ ਦੀ ਸਹਿਮਤੀ ਨਾਲ ਕਾਰਜਕਾਰੀ ਸਰਪੰਚ ਦੀ ਚੋਣ ਕੀਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -: