MLA reported corona positive : ਪੰਜਾਬ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਵਧਦਾ ਹੀ ਜਾ ਰਿਹਾ ਹੈ। ਅੱਜ ਸੰਗਰੂਰ ਤੋਂ ਕੋਰੋਨਾ ਦੇ 22, ਤੋਂ ਤਰਨਤਾਰਨ ਤੋਂ 6 ਮਾਮਲੇ ਸਾਹਮਣੇ ਆਏ ਹਨ ਉਥੇ ਹੀ ਬਟਾਲਾ ਤੋਂ ਇਕ ਅਕਾਲੀ ਵਿਧਾਇਕ ਅਤੇ ਜਲਾਲਾਬਾਦ ਤੋਂ ਦੋ ਪੁਲਿਸ ਮੁਲਾਜ਼ਮਾਂ ਦੀ ਰਿਪੋਰਟ ਵੀ ਕੋਰੋਨਾ ਪਾਜ਼ੀਟਿਵ ਆਈ ਹੈ। ਦੱਸਣਯੋਗ ਹੈ ਕਿ ਬਟਾਲਾ ਤੋਂ ਇਕ ਅਕਾਲੀ ਵਿਧਾਇਕ ਲਖਬੀਰ ਸਿੰਘ ਲੋਧੀ ਨੰਗਲ ਦੀ ਵੀ ਰਿਪੋਰਟ ਵਿਚ ਕੋਰਨਾ ਵਾਇਰਸ ਪਾਜ਼ੀਟਿਵ ਹੋਣ ਦੀ ਪੁਸ਼ਟੀ ਹੋਈ ਹੈ। ਉਨ੍ਹਾਂ ਦੀ ਤਬੀਅਤ ਖਰਾਬ ਹੋਣ ਦੇ ਚੱਲਦਿਆਂ ਉਨ੍ਹਾਂ ਨੇ ਆਪਣੇ ਪਰਿਵਾਰ ਸਣੇ ਕੋਰੋਨਾ ਟੈਸਟ ਕਰਵਾਇਆ ਸੀ, ਜਿਸ ਵਿਚ ਉਨ੍ਹਾਂ ਦੀ ਰਿਪੋਰਟ ਅੱਜ ਕੋਰੋਨਾ ਪਾਜ਼ੀਟਿਵ ਆਈ ਹੈ।
ਸੰਗਰੂਰ ਵਿਚ ਇਕੱਠੇ 22 ਮਾਮਲੇ ਸਾਹਮਣੇ ਆਉਣ ਨਾਲ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਇਨ੍ਹਾਂ ਮਾਮਲਿਆਂ ਦੇ ਸਾਹਮਣੇ ਆਉਣ ਨਾਲ ਹੁਣ ਜ਼ਿਲੇ ਵਿਚ ਕੁਲ ਕੋਰੋਨਾ ਪੀੜਤਾਂ ਦੇ ਐਕਟਿਵ ਮਾਮਲਿਆਂ ਦੀ ਗਿਣਤੀ ਵਧ ਕੇ 180 ਹੋ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਅੱਜ ਸਾਹਮਣੇ ਆਏ ਮਾਮਲਿਆਂ ਵਿਚ ਸ਼ੇਰਪੁਰ ਦੇ ਪਿੰਡ ਬਾਦਸ਼ਾਹਪੁਰ ਦੀ ਇਕ ਲੜਕੀ, ਜੋਕਿ ਮਾਲੇਰਕੋਟਲਾ ਵਿਖੇ ਇਕ ਫੈਕਟਰੀ ’ਚ ਕੰਮ ਕਰਦੀ ਹੈ, ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ। ਇਸ ਤੋਂ ਇਲਾਵਾ 7 ਮਾਮਲੇ ਸੰਗਰੂਰ, 7 ਮਾਮਲੇ ਲਹਿਰਾਗਾਗਾ, 1 ਮਾਮਲਾ ਮੂਨਕ, 2 ਮਾਮਲੇ ਧੂਰੀ, ਦੋ ਮਾਮਲੇ ਮਾਲੇਰਕੋਟਲਾ ਅਤੇ ਇਕ ਮਾਮਲਾ ਅਮਰਗੜ੍ਹ ਨਾਲ ਸਬੰਧਤ ਹੈ।
ਤਰਨਤਾਰਨ ਵਿਚ ਕੋਰੋਨਾ ਦੇ 6 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਕੁਲ ਮਰੀਜ਼ਾਂ ਦੀ ਗਿਣਤੀ 248 ਹੋ ਗਈ ਹੈ, ਜਿਨ੍ਹਾਂ ਵਿਚੋਂ 211 ਲੋਕ ਠੀਕ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ। ਉਥੇ ਹੀ ਜ਼ਿਲੇ ਵਿਚ 6 ਲੋਕ ਇਸ ਮਹਾਮਾਰੀ ਨਾਲ ਆਪਣੀ ਜਾਨ ਗੁਆ ਚੁੱਕੇ ਹਨ। ਅੱਜ ਆਏ ਮਾਮਲਿਆਂ ਦੀ ਪਸ਼ਟੀ ਕਰਦਿਆੰ ਸਿਵਲ ਸਰਜਨ ਡਾ. ਅਨੂਪ ਸਿੰਘ ਨੇ ਦੱਸਿਆ ਕਿ ਇਨ੍ਹਾਂ ਵਿਚ ਇਕ ਗਰਭਵਤੀ ਔਰਤ ਵੀ ਸ਼ਾਮਲ ਹੈ। ਉਧਰ ਜਲਾਲਾਬਾਦ ਤੋਂ ਦੋ ਪੁਲਿਸ ਮੁਲਾਜ਼ਮਾਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ। ਇਸ ਦੀ ਪੁਸ਼ਟੀ ਸਿਵਲ ਸਰਜਨ ਫਿਰੋਜ਼ਪੁਰ ਵੱਲੋਂ ਕਰਦਿਆੰ ਦੱਸਿਆ ਗਿਆ ਕਿ ਇਨ੍ਹਾਂ ਦੇ 20 ਜੁਲਾਈ ਨੂੰ ਸੈਂਪਲ ਲਏ ਗਏ ਸਨ, ਜਿਨ੍ਹਾਂ ਦੀ ਰਿਪੋਰਟ ਵਿਚ ਅੱਜ ਪਾਜ਼ੀਟਿਵ ਆਈ ਹੈ। ਇਨ੍ਹਾਂ ਵਿਚੋਂ ਇਕ ਮੁਲਾਜ਼ਮ ਪੁਲਿਸ ਕੁਆਰਟਰਾਂ ’ਚ ਜਦਕਿ ਇਕ ਪਿੰਡ ਮਿੱਢਾ ਨਾਲ ਸਬੰਧਤ ਹੈ।