ਸਿੱਧੂ ਮੂਸੇਵਾਲਾ ਉਰਫ ਸ਼ੁਭਦੀਪ ਸਿੰਘ ਸਿੱਧੂ ਦੀ ਅੰਤਿਮ ਅਰਦਾਸ ‘ਤੇ ਅੱਜ ਉਸ ਦੇ ਪਿਤਾ ਨੇ ਆਪਣੇ ਅੰਦਰ ਭਰਿਆ ਸਾਰਾ ਦਰਦ ਉਥੇ ਪਹੁੰਚੇ ਲੋਕਾਂ ਨਾਲ ਸਾਝਾ ਕੀਤਾ। ਉਨ੍ਹਾਂ ਕਿਹਾ ਕਿ ਇਹ ਘਾਟਾ ਸਿਰਫ ਮੇਰਾ ਪਰਿਵਾਰ ਹੀ ਸਮਝ ਸਕਦਾ ਹੈ ਕਿ ਅਸੀਂ ਕਿੱਥੋਂ ਕਿੱਥੇ ਪਹੁੰਚ ਚੁੱਕੇ ਹਾਂ। ਪਰ ਕਿਸੇ ਵੀ ਹਾਲ ਵਿੱਚ ਜ਼ਿੰਦਗੀ ਨੂੰ ਚੱਲਦਾ ਰਖਾਂਗੇ।
ਸਿੱਧੂ ਦੇ ਬਚਪਨ ਤੋਂ ਹੀ ਚੱਲ ਰਹੇ ਸੰਘਰਸ਼ ਬਾਰੇ ਦੱਸਦਿਆਂ ਉਨ੍ਹਾਂ ਕਿਹਾ ਕਿ ਸਿੱਧੂ ਨਰਸਰੀ ਵਿੱਚ ਜਦੋਂ ਸਕੂਲ ਪੜ੍ਹਣ ਲੱਗਾ ਤਾਂ ਸਕੂਲ ਜਾਣ ਦਾ ਕੋਈ ਹੀਲਾ-ਵਸੀਲਾ ਨਹੀਂ ਸੀ। ਉਹ ਦੂਜੀ ਕਲਾਸ ਤੋਂ ਬਾਰ੍ਹਵੀਂ ਤੱਕ 24-24 ਕਿਲੋਮੀਟਰ ਸਕੂਲ ਤੇ ਟਿਊਸ਼ਨ ਜਾਂਦਾ ਰਿਹਾ। ਆਪਣੀ ਮਿਹਨਤ ਸਦਕਾ ਨਾਨ-ਮੈਡੀਕਲ ਕੀਤੀ ਤੇ ਡਿਗਰੀ ਲਈ। ਉਨ੍ਹਾਂ ਕਿਹਾ ਕਿ ਅਸੀਂ ਕੋਈ ਪੁਸ਼ਤੈਨੀ ਅਮੀਰ ਨਹੀਂ ਸੀ। ਉਹ ਜੇਬ ਖਰਚੇ ਲਈ ਗਾਣੇ ਲਿਖ ਕੇ ਸੇਲ ਕਰ ਲੈਂਦਾ ਸੀ। ਬੁਲੰਦੀਆਂ ‘ਤੇ ਪਹੁੰਚਣ ਦੇ ਬਾਵਜੂਦ ਉਸ ਨੇ ਕਦੇ ਆਪਣੀ ਜੇਬ ਵਿੱਚ ਪਰਸ ਨਹੀਂ ਰਖਿਆ ਸੀ, 1000-2000 ਦੀ ਲੋੜ ਹੁੰਦੀ ਤਾਂ ਮੇਰੇ ਕੋਲੋਂ ਹੀ ਆ ਕੇ ਮੰਗਦਾ।
ਸਿੱਧੂ ਦੇ ਪਿਤਾ ਨੇ ਕਿਹਾ ਕਿ ਉਹ ਹਮੇਸ਼ਾ ਬਾਹਰ ਜਾਣ ਦੀ ਇਜਾਜ਼ਤ ਲੈ ਕੇ ਜਾਂਦਾ ਸੀ, ਸਾਡੇ ਪੈਰੀਂ ਹੱਥ ਲਾ ਕੇ ਜਾਂਦਾ ਸੀ। ਪਰ 29 ਤਰੀਕ ਨੂੰ ਉਸ ਦੀ ਮਾਂ ਕਿਤੇ ਮਰਗ ‘ਤੇ ਗਈ ਹੋਈ ਸੀ, ਮੈਂ ਖੇਤਾਂ ਤੋਂ ਆਇਆ ਸੀ ਮੈਂ ਕਿਹਾ ਮੈਂ ਨਾਲ ਚੱਲਦਾ ਹਾਂ। ਉਸ ਨੇ ਕਿਹਾ ਕਿ ਤੁਹਾਡੇ ਕੱਪੜੇ ਗੰਦੇ ਨੇ, ਮੈਂ ਜੂਸ ਪੀ ਕੇ ਪੰਜ ਮਿੰਟ ਵਿੱਚ ਵਾਪਿਸ ਆਉਂਦਾ ਹਾਂ। ਮੈਂ ਸਾਰੀ ਉਮਰ ਸਿੱਧੂ ਦੇ ਨਾਲ ਰਿਹਾ ਪਰ ਅਖੀਰ ਮੈਂ ਪਿੱਛੇ ਰਹਿ ਗਿਆ। ਹੁਣ ਸਿਵਾਏ ਪਛਤਾਵੇ ਦੇ ਕੁਝ ਵੀ ਹੱਥ ਨਹੀਂ ਹੈ।
ਕਿਹਾ ਕਿ ਮੈਨੂੰ ਅਜੇ ਤੱਕ ਨਹੀਂ ਪਤਾ ਲੱਗਾ ਕਿ ਮੇਰੇ ਬੱਚੇ ਦਾ ਕਸੂਰ ਕੀ ਸੀ। ਮੇਰੇ ਕੋਲ ਅੱਜ ਤੱਕ ਉਸ ਦਾ ਕੋਈ ਉਲਾਂਭਾ ਨਹੀਂ ਆਇਆ ਸੀ। ਸਿੱਧੂ ਕਈ ਵਾਰ ਮੇਰੇ ਗੱਲ ਲੱਗ ਕੇ ਰੋਇਆ ਕਿ ਹਰ ਗੱਲ (ਵਿਵਾਦ) ਮੇਰੇ ਨਾਲ ਕਿਉਂ ਜੁੜ ਜਾਂਦੀ ਹੈ। ਅਸੀਂ ਉਸ ਤੋਂ ਸਹੁੰ ਵੀ ਚੁਕਵਾਈ ਸੀ ਕਿ ਉਹ ਕਿਸੇ ਅਜਿਹੀ ਗੱਲ ਨਾਲ ਜੁੜਿਆ ਤਾਂ ਨਹੀਂ ਤਾਂ ਉਸ ਨੇ ਕਿਹਾ ਕਿ ਉਹ ਕੋਈ ਗਲਤ ਕੰਮ ਨਾਲ ਨਹੀਂ ਜੁੜਿਆ।
ਬਲਕੌਰ ਸਿੰਘ ਨੇ ਕਿਹਾ ਕਿ ਜੇ ਉਹ ਕੋਈ ਗਲਤ ਕੰਮ ਕਰਦਾ ਹੁੰਦਾ ਤਾਂ ਆਪਣੇ ਨਾਲ ਪ੍ਰਾਈਵੇਟ ਗੰਨਮੈਨ ਰਖਦਾ। ਪਰ ਉਸ ਦੇ ਮਨ ਵਿੱਚ ਕੋਈ ਪਾਪ ਨਹੀਂ ਸੀ, ਜੇ ਅਜਿਹਾ ਹੁੰਦਾ ਤਾਂ ਉਹ ਇਕੱਲਾ ਨਾ ਨਿਕਲਦਾ। ਉਸ ਨੇ ਸ਼ੁਰੂ ਤੋਂ ਬਹੁਤ ਮਿਹਨਤ ਕੀਤੀ।
ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ਨੇ ਹਮੇਸ਼ਾ ਸਿੱਧੂ ਬਾਰੇ ਹਰ ਗੱਲ ਵਧਾ-ਚੜ੍ਹਾ ਕੇ ਦੱਸੀ। ਉਨ੍ਹਾਂ ਸੋਸ਼ਲ ਮੀਡੀਆ ਨੂੰ ਅਪੀਲ ਕੀਤੀ ਕਿ ਮੇਰੇ ਪਰਿਵਾਰ ਤੇ ਸਿੱਧੂ ਨੂੰ ਲੈ ਕੇ ਵੱਖ-ਵੱਖ ਖਬਰਾਂ ਨਾ ਬਣਾਈਓ। ਮੇਰਾ ਹਿਰਦਾ ਵਲੂੰਧਰਿਆ ਜਾਂਦਾ ਹੈ। ਸਿੱਧੂ ਕਦੇ ਕਦੇ ਨੁਕਸਾਨ ਨਹੀਂ ਕਰਨਾ ਚਾਹੁੰਦਾ ਸੀ। ਉਹ ਸਾਧ ਸੁਭਾਅ ਦਾ ਮੁੰਡਾ ਸੀ।
ਸਿੱਧੂ ਦੇ ਪਿਤਾ ਨੇ ਇਹ ਵੀ ਸਪੱਸ਼ਟ ਕੀਤਾ ਕਿ ਉਸ ਨੂੰ ਇਲੈਕਸ਼ਨ ਵਿੱਚ ਕੋਈ ਨਹੀਂ ਲੈ ਕੇ ਆਇਆ, ਉਸ ਦਾ ਆਪਣਾ ਮਨ ਸੀ, ਰਾਜਾ ਵੜਿੰਗ ਨੇ ਵੀ ਉਸ ਨੂੰ ਰੋਕਿਆ ਸੀ, ਇਸ ਲਈ ਕਿਸੇ ਨੂੰ ਵੀ ਕਿਸੇ ਨੂੰ ਬੁਰਾ-ਭਲਾ ਨਾ ਬੋਲੋ, ਇਹ ਉਸ ਦਾ ਆਪਣਾ ਫੈਸਲਾ ਸੀ। ਉਨ੍ਹਾਂ ਭਾਵੁਕ ਹੁੰਦਿਆਂ ਕਿਹਾ ਕਿ ਮੈਂ ਇੱਕ ਬਦਕਿਸਮਤ ਬਾਪ ਹਾਂ, ਮੈਂ ਬਚਪਨ ਵੀ ਮਾੜਾ ਵੇਖਿਆ ਤੇ ਮੈਂ ਆਪਣਾ ਬੁਢਾਪਾ ਵੀ ਮਾੜਾ ਵੇਖਿਆ ਹੈ। ਜੇ ਸਿੱਧੂ ਨੇ ਜਾਂ ਮੇਰੇ ਪਰਿਵਾਰ ਨੇ ਕਿਸੇ ਨੂੰ ਚੰਗਾ-ਮਾੜਾ ਬੋਲਿਆ ਹੋਵੇ ਤਾਂ ਮੈਂ ਮਾਫੀ ਮੰਗਦਾ ਹਾਂ। ਮੈਂ ਚਾਹੁੰਦਾ ਹਾਂ ਕਿ ਮੈਂ 5-7 ਸਾਲ ਤਾਂ ਬੱਚੇ ਨੂੰ ਜਿਊਂਦਾ ਰਖਾ, ਉਹ ਗੀਤਾਂ ਰਾਹੀਂ ਜਿਊਂਦਾ ਰਹੇਗਾ।
ਵੀਡੀਓ ਲਈ ਕਲਿੱਕ ਕਰੋ -: