ਟਾਂਡਾ ਨੇੜੇ ਦਾਰਾਪੁਰ ਬਾਈਪਾਸ ਉੱਤੇ ਸਵੇਰੇ ਕਰੀਬ 11.30 ਵਜੇ ਇਕ ਸਕੂਟਰੀ ਅਤੇ ਕਾਰ ਵਿਚਾਲੇ ਹੋਈ ਟੱਕਰ ਕਾਰਨ ਸਕੂਟਰੀ ਸਵਾਰ ਮਾਂ-ਧੀ ਦੀ ਮੌਤ ਹੋ ਗਈ।
ਮ੍ਰਿਤਕਾਂ ਦੀ ਪਛਾਣ ਸੰਗੀਤਾ ਭਾਰਦਵਾਜ ਪਤਨੀ ਸਵਰਗੀ ਕਮਲ ਭਾਰਦਵਾਜ ਅਤੇ ਬੇਟੀ ਪ੍ਰਿਆ ਭਾਰਦਵਾਜ ਵਾਸੀ ਖੁੱਡਾ ਵਜੋਂ ਹੋਈ ਹੈ । ਹਾਦਸਾ ਕਾਰ ਦੇ ਜ਼ਿਆਦਾ ਤੇਜ਼ ਹੋਣ ਕਾਰਨ ਹੋਇਆ । ਇਸ ਦੌਰਾਨ ਦੋਵੇਂ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ।
ਹਾਦਸੇ ਤੋਂ ਬਾਅਦ ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ । ਘਟਨਾ ਦੀ ਜਾਣਕਾਰੀ ਮਿਲਦੇ ਹੀ ਟਾਂਡਾ ਥਾਣੇ ਦੀ ਪੁਲਸ ਪਹੁੰਚੀ ਅਤੇ ਦੋਵਾਂ ਵਾਹਨਾਂ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ । ਥਾਣਾ ਇੰਚਾਰਜ ਟਾਂਡਾ ਦੇ ਇੰਸਪੈਕਟਰ ਬਿਕਰਮ ਸਿੰਘ ਨੇ ਦੱਸਿਆ ਕਿ ਦੋਸ਼ੀ ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਹੈ, ਜਿਸ ਨੂੰ ਤੁਰੰਤ ਕਾਬੂ ਕਰ ਲਿਆ ਜਾਵੇਗਾ, ਇਸ ਲਈ ਛਾਪੇਮਾਰੀ ਜਾਰੀ ਹੈ।
ਉਨ੍ਹਾਂ ਦੱਸਿਆ ਕਿ ਲਾਸ਼ਾਂ ਨੂੰ ਪੋਸਟਮਾਰਟਮ ਲਈ ਹਸਪਤਾਲ ਵਿੱਚ ਰੱਖਿਆ ਗਿਆ ਹੈ। ਸੰਗੀਤਾ ਦੇ ਬੇਟੇ ਦੇ ਵਿਦੇਸ਼ ਤੋਂ ਵਾਪਸ ਆਉਣ ਤੋਂ ਬਾਅਦ ਹੀ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਰਿਸ਼ਤੇਦਾਰਾਂ ਦੀ ਸਹਿਮਤੀ ਅਨੁਸਾਰ ਲਾਸ਼ਾਂ ਨੂੰ ਪੋਸਟਮਾਰਟਮ ਤੋਂ ਬਾਅਦ ਸੌਂਪਿਆ ਜਾਵੇਗਾ।
ਇਹ ਵੀ ਪੜ੍ਹੋ : ਨਿਊ ਚੰਡੀਗੜ੍ਹ ‘ਚ ਬਣੇਗੀ ਦੇਸ਼ ਦੀ ਦੂਜੀ ਸਭ ਤੋਂ ਵੱਡੀ NIV ਲੈਬ, ਹੁਣ ਪੁਣੇ ਨਹੀਂ ਭੇਜਣੇ ਪੈਣਗੇ ਸੈਂਪਲ
ਲੋਕਾਂ ਨੇ ਦੱਸਿਆ ਕਾਰ ਦੀ ਰਫਤਾਰ ਬਹੁਤ ਜ਼ਿਆਦਾ ਸੀ । ਇਸ ਕਾਰਨ ਕਾਰ ਚਾਲਕ ਨੇ ਕਾਰ ਦਾ ਕੰਟਰੋਲ ਗੁਆ ਦਿੱਤਾ ਅਤੇ ਟਾਂਡਾ ਤੋਂ ਵਾਪਸ ਆਪਣੇ ਪਿੰਡ ਸਕੂਟਰੀ ਉੱਤੇ ਜਾ ਰਹੀ ਮਾਂ-ਧੀ ਨੂੰ ਟੱਕਰ ਮਾਰ ਦਿੱਤੀ । ਟੱਕਰ ਇੰਨੀ ਜ਼ਬਰਦਸਤ ਸੀ ਕਿ ਮਾਂ ਅਤੇ ਧੀ ਨੂੰ ਕਾਫ਼ੀ ਦੂਰ ਤੱਕ ਘਸੀਟਦੀਆਂ ਗਈਆਂ, ਜਦੋਂਕਿ ਇਸ ਹਾਦਸੇ ਤੋਂ ਬਾਅਦ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਗੰਭੀਰ ਰੂਪ ਨਾਲ ਜ਼ਖਮੀ ਹੋਈ ਮਾਂ ਅਤੇ ਧੀ ਨੂੰ ਰਾਹਗੀਰਾਂ ਨੇ ਹਸਪਤਾਲ ਪਹੁੰਚਾਇਆ ਪਰ ਉਦੋਂ ਤੱਕ ਦੋਵਾਂ ਦੀ ਮੌਤ ਹੋ ਚੁੱਕੀ ਸੀ । ਇਸ ਹਾਦਸੇ ਕਾਰਨ ਖੁੱਡਾ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ।