Motorcycle installment not deposited : ਜਲੰਧਰ ਜ਼ਿਲ੍ਹੇ ਵਿੱਚ ਇੱਕ ਕੰਪਨੀ ਦੇ ਰਿਕਵਰੀ ਏਜੰਟ ਵੱਲੋਂ ਇੱਕ ਨੌਜਵਾਨ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾਂਦਾ ਹੈ ਕਿ ਕੋਰੋਨਾ ਲੌਕਡਾਊਨ ਕਾਰਨ ਕੰਮਕਾਜ ਠੱਪ ਹੋਣ ਕਾਰਨ ਮਜ਼ਦੂਰੀ ਕਰਨ ਵਾਲਾ ਨੌਜਵਾਨ ਮੋਟਰਸਾਈਕਲ ਦੀ ਕਿਸ਼ਤ ਨਹੀਂ ਦੇ ਸਕਿਆ। ਇਸੇ ਗੱਲ ’ਤੇ ਫਾਈਨਾਂਸ ਕੰਪਨੀ ਦੇ ਰਿਕਵਰੀ ਏਜੰਟ ਨਾਲ ਤੂੰ-ਤੂੰ-ਮੈਂ-ਮੈਂ ਹੋ ਗਈ। ਭੜਕੇ ਏਜੰਟ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਨੌਜਵਾਨ ਦੇ ਸਿਰ ‘ਤੇ ਕੱਸੀ ਨਾਲ ਵਾਰ ਕੀਤਾ। ਇਸ ਤੋਂ ਬਾਅਦ ਨੌਜਵਾਨ ਨੂੰ ਹਸਪਤਾਲ ਲਿਜਾਇਆ ਗਿਆ ਜਿਥੇ ਉਸ ਦੀ ਮੌਤ ਹੋ ਗਈ। ਪੁਲਿਸ ਨੇ ਰਿਕਵਰੀ ਏਜੰਟ ਅਤੇ ਉਸਦੇ ਚਾਰ ਸਾਥੀਆਂ ਖਿਲਾਫ ਕਤਲ ਦਾ ਮਾਮਲਾ ਦਰਜ ਕੀਤਾ ਹੈ।
ਜ਼ਿਲ੍ਹੇ ਦੇ ਬੀੜ ਬਲੋਕੀ ਨਿਵਾਸੀ ਸੋਨੂੰ ਨੇ ਦੱਸਿਆ ਕਿ ਉਹ ਇੱਕ ਹੇਅਰ ਡ੍ਰੈਸਰ ਹੈ ਅਤੇ ਉਸਦਾ ਛੋਟਾ ਭਰਾ ਜਸਵੰਤ ਉਰਫ ਮਨੀ ਮਜ਼ਦੂਰੀ ਕਰਦਾ ਸੀ। ਉਸ ਨੇ 2017 ਵਿੱਚ ਮੋਟਰਸਾਈਕਲ ਕਿਸ਼ਤਾਂ ‘ਤੇ ਖਰੀਦਿਆ ਸੀ। ਇਸਦੇ ਲਈ, ਉਸਨੂੰ ਫਾਈਨਾਂਸ ਕੰਪਨੀ ਅਪ ਮਨੀ ਦੀ ਨੂਰਮਹਿਲ ਬ੍ਰਾਂਚ ਨੇ ਫਾਈਨਾਂਸ ਕੀਤਾ ਸੀ। ਉਧੋਵਾਲ ਨਿਵਾਸੀ ਸੰਦੀਪ ਜੋ ਕਿ ਰਿਕਵਰੀ ਏਜੰਟ ਸੀ, ਕਿਸ਼ਤਾਂ ਲੈਂਦਾ ਸੀ। ਕੋਰੋਨਾ ਮਹਾਮਾਰੀ ਕਾਰਨ ਲੌਕਡਾਊਨ ਹੋਣ ‘ਤੇ ਸਾਰਾ ਕੰਮ ਰੁਕ ਗਿਆ, ਜਿਸ ਕਾਰਨ ਜਸਵੰਤ ਮੋਟਰਸਾਈਕਲ ਦੀਆਂ ਕਿਸ਼ਤਾਂ ਨਹੀਂ ਦੇ ਸਕਿਆ।
ਸੋਨੂੰ ਨੇ ਦੱਸਿਆ ਕਿ 19 ਸਤੰਬਰ ਨੂੰ ਸੰਦੀਪ ਰਿਕਵਰੀ ਕਰਨ ਲਈ ਘਰ ਆ ਕੇ ਗਾਲ੍ਹਾਂ ਕੱਢਣ ਲੱਗਾ। ਉਸਨੇ ਆਪਣੇ ਸਾਥੀਆਂ ਨੂੰ ਬੁਲਾ ਲਿਆ। ਉਸ ਦੇ ਸਾਥੀ ਪਿੰਡ ਦੇ ਹੀ ਕਿਸੇ ਘਰ ਵਿੱਚ ਬੈਠੇ ਹੋਏ ਸਨ। ਚਾਰੇ ਮੁੰਡੇ ਉਥੇ ਪਹੁੰਚ ਗਏ ਅਤੇ ਉਨ੍ਹਾਂ ਨੇ ਜਸਵੰਤ ਨਾਲ ਲੜਨਾ ਸ਼ੁਰੂ ਕਰ ਦਿੱਤਾ। ਉਸਨੇ ਕੱਸੀ ਨਾਲ ਉਸਦੇ ਸਿਰ ’ਤੇ ਬਹੁਤ ਵਾਰ ਕੀਤੇ। ਇਸ ਬਾਰੇ ਪਤਾ ਲੱਗਦਿਆਂ ਹੀ ਸਰਪੰਚ ਜਗੀਰ ਚੰਦ ਅਤੇ ਸਾਬਕਾ ਸਰਪੰਚ ਪ੍ਰਕਾਸ਼ ਚੰਦ ਮੌਕੇ ‘ਤੇ ਪਹੁੰਚ ਗਏ ਅਤੇ ਉਸ ਨੂੰ ਬਚਾ ਲਿਆ ਅਤੇ ਗੰਭੀਰ ਹਾਲਤ ਵਿੱਚ ਹਸਪਤਾਲ ਦਾਖਲ ਕਰਵਾਇਆ। ਕੱਲ੍ਹ ਰਾਤ ਉਸ ਦੇ ਸਿਰ ਵਿੱਚ ਤੇਜ਼ ਦਰਦ ਹੋਇਆ ਅਤੇ ਉਸਦੀ ਮੌਤ ਹੋ ਗਈ। ਇਸ ਮਾਮਲੇ ਵਿੱਚ ਪੁਲਿਸ ਨੇ ਰਿਕਵਰੀ ਏਜੰਟ ਸੰਦੀਪ ਅਤੇ ਉਸਦੇ ਸਾਥੀਆਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਹੈ। ਦੂਜੇ ਪਾਸੇ ਥਾਣਾ ਮਹਿਤਪੁਰ ਦੇ ਇੰਚਾਰਜ ਇੰਸਪੈਕਟਰ ਲਖਵੀਰ ਸਿੰਘ ਦਾ ਕਹਿਣਾ ਹੈ ਕਿ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ। ਹਾਲਾਂਕਿ ਪੁਲਿਸ ਨੂੰ ਦੋਵਾਂ ਪਾਸਿਆਂ ਤੋਂ ਰਾਜ਼ੀਨਾਮਾ ਕਰਨ ਦੀ ਜਾਣਕਾਰੀ ਵੀ ਮਿਲੀ ਹੈ, ਪਰ ਪੁਲਿਸ ਉਨ੍ਹਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਖਿਲਾਫ ਚਲਾਨ ਪੇਸ਼ ਕਰੇਗੀ।