ਦੋਰਾਹਾ ਥਾਣਾ ਅਧੀਨ ਪੈਂਦੇ ਪਿੰਡ ਬੁਆਣੀ ਇਲਾਕੇ ਵਿੱਚ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਇੱਕ ਕਾਂਗਰਸੀ ਆਗੂ ਦੇ ਘਰ ਵਿੱਚ ਬਹੁਤ ਹੀ ਮਾੜੀ ਹਾਲਤ ਵਿੱਚ ਉਸ ਦੀ ਲਾਸ਼ ਮਿਲੀ। ਮ੍ਰਿਤਕ ਦੇ ਗੁਆਂਢ ਵਿੱਚ ਰਹਿਣ ਵਾਲੇ ਲੋਕਾਂ ਤੇ ਪੰਚਾਇਤ ਨੇ ਘਰ ਵਿੱਚੋਂ ਬਦਬੂ ਆਉਣ ਕਰਕੇ ਪੁਲਿਸ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਪੁਲਿਸ ਮੌਕੇ ‘ਤੇ ਪਹੁੰਚੀ।
ਪੁਲਿਸ ਨੇ ਲਾਸ਼ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਕਰਵਾਉਣ ਸਰਕਾਰੀ ਸਿਵਲ ਹਸਪਤਾਲ ਵਿਖੇ ਭੇਜ ਦਿੱਤੀ ਹੈ। ਮ੍ਰਿਤਕ ਦੀ ਪਛਾਣ 62 ਸਾਲਾ ਹਰਜਿੰਦਰ ਸਿੰਘ ਪੁੱਤਰ ਅਜਮੇਰ ਸਿੰਘ ਝੱਜ ਵਜੋਂ ਹੋਈ ਹੈ, ਜੋਕਿ ਇੱਕ ਕਾਂਗਰਸੀ ਆਗੂ ਸੀ।
ਲਾਸ਼ ਘਰ ਦੀ ਰਸੋਈ ਵਿੱਚੋਂ ਗਲੀ-ਸੜੀ ਹਾਲਤ ਵਿੱਚ ਪਈ ਹੋਈ ਸੀ। ਉਸ ਦੇ ਮੱਥੇ ‘ਤੇ ਸੱਟਾਂ ਦੇ ਨਿਸ਼ਾਨ ਹਨ ਅਤੇ ਗਲੇ ‘ਤੇ ਕੱਪੜਾ ਬੱਝਾ ਹੋਇਆ ਹੈ, ਜਿਸ ਤੋਂ ਲੱਗਦਾ ਹੈ ਕਿ ਕਿਸੇ ਨੇ ਗਲਾ ਘੁੱਟ ਕੇ ਉਸ ਦਾ ਕਤਲ ਕੀਤਾ ਹੈ। ਲਾਸ਼ ਨੂੰ ਵੇਖ ਕੇ ਲੱਗਦਾ ਹੈ ਕਿ ਕਤਲ ਕੀਤੇ ਨੂੰ ਕੁਝ ਦਿਨ ਹੋ ਚੁੱਕੇ ਹਨ।
ਇਹ ਵੀ ਪੜ੍ਹੋ : ਜਲੰਧਰ ‘ਚ ਦਿਵਿਆਂਗਾਂ ਨੂੰ ਘਰ ਬੈਠੇ ਲੱਗੇਗੀ ਕੋਰੋਨਾ ਵੈਕਸੀਨ, ਪ੍ਰਸ਼ਾਸਨ ਨੇ ਜਾਰੀ ਕੀਤਾ ਹੈਲਪਲਾਈਨ ਨੰਬਰ
ਇਸ ਤੋਂ ਇਲਾਵਾ ਘਰ ਵਿੱਚ ਸਾਮਾਨ ਵੀ ਖਿਲਰਿਆ ਪਿਆ ਸੀ। ਪਤਾ ਲੱਗਾ ਹੈ ਕਿ ਮ੍ਰਿਤਕ ਆਪਣੇ ਜੱਦੀ ਘਰ ਦੀ ਪੁਰਾਣੀ ਹਵੇਲੀ (ਵੱਡੇ ਘਰ) ਵਿਚ ਇਕੱਲਾ ਰਹਿੰਦਾ ਸੀ ਅਤੇ ਉਸਦੀ ਪਤਨੀ ਆਪਣੇ ਪੇਕੇ ਘਰ ਪਿੰਡ ਖੰਟ ਵਿਖੇ ਰਹਿੰਦੀ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕਰਦੇ ਹੋਏ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।