Murder of Cousin Brother : ਮੁਹਾਲੀ ਜ਼ਿਲ੍ਹੇ ਵਿੱਚ ਇੱਕ ਨੌਜਵਾਨ ਵੱਲੋਂ ਨਸ਼ੇ ਦੀ ਹਾਲਤ ਵਿੱਚ ਆਪਣੇ ਹੀ ਚਚੇਰੇ ਭਰਾ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਗੁਰਵਿੰਦਰ ਸਿੰਘ ਬੈਦਵਾਨ (32) ਵਜੋਂ ਹੋਈ ਹੈ। ਜਦੋਂਕਿ ਕਤਲ ਦੇ ਦੋਸ਼ੀ ਦੀ ਪਛਾਣ ਲਖਵਿੰਦਰ ਵਜੋਂ ਹੋਈ ਹੈ। ਦੋਸ਼ੀ ਲਖਵਿੰਦਰ ਜੋਕਿ ਗੁਰਵਿੰਦਰ ਦੇ ਤਾਏ ਦਾ ਮੁੰਡਾ ਹੈ, ਨੇ ਗੰਡਾਸੇ ਨਾਲ ਗੁਰਵਿੰਦਰ ’ਤੇ ਵਾਰ ਕੀਤਾ, ਜਿਸ ਤੋਂ ਬਾਅਦ ਉਸ ਨੂੰ ਜ਼ਖਮੀ ਹਾਲਤ ਵਿੱਚ ਸੋਹਾਣਾ ਹਸਪਤਾਲ ਪਹੁੰਚਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਦੋਸ਼ੀ ਲਖਵਿੰਦਰ ਸਿੰਘ ਨੇ ਖੁਦ ਹੀ ਪੁਲਿਸ ਅੱਗੇ ਆਤਮ-ਸਮਰਪਣ ਕਰ ਦਿੱਤਾ। ਪੁਲਿਸ ਵੱਲੋਂ ਦੋਸ਼ੀ ਲਖਵਿੰਦਰ ਖਿਲਾਫ ਆਈਪੀਸੀ ਦੀ ਧਾਰਾ 302 ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮ੍ਰਿਤਕ ਗੁਰਵਿੰਰ ਸਿੰਘ ਦਾ ਫੇਜ਼-6 ਦੇ ਸਿਵਲ ਹਸਪਤਾਲ ਵਿੱਚ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰ ਵਾਲਿਆਂ ਦੇ ਹਵਾਲੇ ਕਰ ਦਿੱਤੀ ਗਈ ਹੈ।
ਮਿਲੀ ਜਾਣਕਾਰੀ ਮੁਤਾਬਕ ਗੁਰਵਿੰਦਰ ਦੇ ਘਰ ਤੋਂ 100 ਮੀਟਰ ਦੀ ਦੂਰੀ ‘ਤੇ ਉਨ੍ਹਾਂ ਦੇ ਗੁਆਂਢੀ ਵਿਆਹ ਸੀ। ਦੋਵੇਂ ਭਰਾ ਉਥੇ ਗਏ ਸਨ। ਜਦੋਂ ਉਹ ਰਾਤ ਨੂੰ ਉਹ ਵਾਪਿਸ ਆ ਰਹੇ ਸਨ ਤਾਂ ਦੋਵਾਂ ਵਿੱਚ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ। ਇਸ ਦੌਰਾਨ ਲਖਵਿੰਦਰ ਘਰੋਂ ਗੰਡਾਸੀ ਲੈ ਕੇ ਆਇਆ ਅਤੇ ਗੁਰਵਿੰਦਰ ਦੇ ਗਲੇ ‘ਤੇ ਵਾਰ ਕਰ ਦਿੱਤਾ, ਜਿਸ ਕਾਰਨ ਉਸਦੀ ਮੌਤ ਹੋ ਗਈ। ਪੁਲਿਸ ਨੇ ਘਟਨਾ ਵਾਲੀ ਥਾਂ ਤੋਂ ਗੰਡਾਸੀ ਵੀ ਬਰਾਮਦ ਕੀਤੀ ਹੈ।
ਇਸ ਘਟਨਾ ਵਿੱਚ ਮ੍ਰਿਤਕਾਂ ਅਤੇ ਦੋਸ਼ੀ ਭਰਾਵਾਂ ਦੇ ਦੋਵੇਂ ਪਰਿਵਾਰਾਂ ਉਜੜੇ ਗਏ। ਦੋਵਾਂ ਭਰਾਵਾਂ ਦੇ ਪਿਤਾ ਦੀ ਵੀ ਮੌਤ ਹੋ ਚੁੱਕੀ ਹੈ। ਗੁਰਵਿੰਦਰ ਦਾ ਇੱਕ 5 ਸਾਲ ਦਾ ਲੜਕਾ ਅਤੇ 7 ਸਾਲ ਦੀ ਇੱਕ ਲੜਕੀ ਹੈ, ਜਦੋਂਕਿ ਹਮਲਾਵਰ ਦਾ ਇੱਕ ਮਹੀਨੇ ਦਾ ਲੜਕਾ ਅਤੇ ਇੱਕ 5 ਸਾਲ ਦੀ ਲੜਕੀ ਹੈ। ਦੋਵੇਂ ਭਰਾ ਖੇਤੀ ਅਤੇ ਦੁੱਧ ਦੀ ਸਪਲਾਈ ਦਾ ਕੰਮ ਕਰਦੇ ਹਨ। ਦੋਵੇਂ ਕਿਸਾਨ ਪਰਿਵਾਰ ਵਿੱਚੋਂ ਹਨ। ਗੁਰਵਿੰਦਰ ਦੇ ਗੁਆਂਢੀ ਹਰਜੀਤ ਨੇ ਦੱਸਿਆ ਕਿ ਗੁਰਵਿੰਦਰ ਕਿਸਾਨ ਅੰਦੋਲਨ ਦੌਰਾਨ ਦਿੱਲੀ ਗਿਆ ਸੀ ਅਤੇ 30 ਨਵੰਬਰ ਨੂੰ ਉਥੋਂ ਵਾਪਸ ਆਇਆ ਸੀ।