Navjot Sidhu dropped out : ਨਵੀਂ ਦਿੱਲੀ : ਪੰਜਾਬ ਦੇ ਸਾਬਕਾ ਮੰਤਰੀ ਅਤੇ ਕੌਮੀ ਸਟਾਰ ਪ੍ਰਚਾਰਕ ਨਵਜੋਤ ਸਿੰਘ ਸਿੱਧੂ ਦਾ ਨਾਂ ਬਿਹਾਰ ਚੋਣਾਂ ਲਈ ਅੱਜ ਜਾਰੀ ਹੋਈ 30 ਸਟਾਰ ਪ੍ਰਚਾਰਕਾਂ ਦੀ ਸੂਚੀ ਵਿੱਚੋਂ ਗਾਇਬ ਨਜ਼ਰ ਆਇਆ ਹੈ। ਇਸ ਸੂਚੀ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸ਼ਾਮਲ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਨਵਜੋਤ ਸਿੰਘ ਸਿੱਧੂ 2017 ਦੀਆਂ ਚੋਣਾਂ ਵਿੱਚ ਪਾਰਟੀ ਦੇ ਸਟਾਰ ਪ੍ਰਚਾਰਕਾਂ ਵਿੱਚ ਸ਼ੁਮਾਰ ਕੀਤਾ ਗਿਆ ਸੀ।
ਕਿਆਸ ਲਗਾਏ ਜਾ ਰਹੇ ਹਨ ਕਿ ਹਾਈਕਮਾਂਡ ਦੀ ਸਿੱਧੂ ਤੋਂ ਨਾਰਾਜ਼ਗੀ ਦੇ ਚੱਲਦਿਆਂ ਉਨ੍ਹਾਂ ਦਾ ਨਾਂਅ ਇਸ ਸੂਚੀ ਵਿੱਚੋਂ ਬਾਹਰ ਰੱਖ਼ਿਆ ਗਿਆ ਹੈ। ਸੂਤਰਾਂ ਮੁਤਾਬਕ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਰਾਹੁਲ ਗਾਂਧੀ ਦੇ ਪੰਜਾਬ ਵਿੱਚ ਤਿੰਨ ਦਿਨਾ ਦੌਰੇ ਦੌਰਾਨ ਪਹਿਲੇ ਦਿਨ ਨਵਜੋਤ ਸਿੰਘ ਸਿੱਧੂ ਨੂੰ ਰੈਲੀ ਵਿੱਚ ਆਉਣ ਲਈ ਹਰੀਸ਼ ਰਾਵਤ ਵੱਲੋਂ ਮਨਾਇਆ ਗਿਆ ਸੀ। ਪਰ ਰੈਲੀ ਦੌਰਾਨ ਜਦੋਂ ਸਟੇਜ ’ਤੇ ਸਿੱਧੂ ਨੂੰ ਬੋਲਣ ਦਾ ਮੌਕਾ ਮਿਲਿਆ ਤਾਂ ਉਨ੍ਹਾਂ ਨੇ ਕਾਂਗਰਸ ਸਰਕਾਰ ਖਿਲਾਫ ਹੀ ਬੋਲ ਦਿੱਤਾ ਅਤੇ ਸਟੇਜ ’ਤੇ ਉਨ੍ਹਾਂ ਦੇ ਵਤੀਰੇ ਤੋਂ ਵੀ ਪਾਰਟੀ ਹਾਈਕਮਾਨ ਨਾਖੁਸ਼ ਨਜ਼ਰ ਆਈ।
ਦੱਸਣਯੋਗ ਹੈ ਕਿ ਸਿੱਧੂ ਲਗਭਗ 17 ਮਹੀਨਿਆਂ ਬਾਅਦ ਕਾਂਗਰਸ ਸਰਕਾਰ ਨਾਲ ਨਜ਼ਰ ਆਏ ਸਨ ਪਰ ਇਸ ਦੌਰਾਨ ਵੀ ਮੋਗਾ ਰੈਲੀ ’ਚ ਪਹਿਲੇ ਹੀ ਦਿਨ ਉਨ੍ਹਾਂ ਦੇ ਵਤੀਰੇ ਤੋਂ ਮੁੱਖ ਮੰਤਰੀ ਸਣੇ ਕਾਂਗਰਸੀ ਮੰਤਰੀ ਉਨ੍ਹਾਂ ਤੋਂ ਨਾਰਾਜ਼ ਹੋ ਗਏ। ਜਿਸ ਤੋਂ ਬਾਅਦ ਅਗਲੇ ਦੋ ਦਿਨਾਂ ਦੀ ਰੈਲੀ ਵਿੱਚ ਉਹ ਸ਼ਾਮਲ ਨਹੀਂ ਹੋਏ। ਇਸ ਤੋਂ ਬਾਅਦ ਹਰੀਸ਼ ਰਾਵਤ ਵੱਲੋਂ ਵੀ ਉਨ੍ਹਾਂ ਲਈ ਅਜੇ ਕਾਂਗਰਸ ਸਰਕਾਰ ’ਨੋ ਵੈਕੇਂਸੀ’ ਕਹਿ ਦਿੱਤਾ ਗਿਆ, ਹਾਲਾਂਕਿ ਪਹਿਲਾਂ ਰਾਵਤ ਨੇ ਉਨ੍ਹਾਂ ਨੂੰ ਕਾਂਗਰਸ ਸਰਕਾਰ ਵਿੱਚ ਕੋਈ ਵੱਡਾ ਅਹੁਦਾ ਦੇਣ ਦੀ ਗੱਲ ਕਹੀ ਸੀ ਫਿਰ ਅਚਾਨਕ ਹੀ ਉਨ੍ਹਾਂ ਨੇ ਯੂ-ਟਰਨ ਲੈ ਲਿਆ ਅਤੇ ਉਨ੍ਹਾਂ ਦੇ ਸਰਕਾਰ ਵਿੱਚ ਉਪ ਮੁੱਖ ਮੰਤਰੀ ਜਾਂ ਸੂਬਾ ਕਾਂਗਰਸ ਪ੍ਰਧਾਨ ਲਗਾਉਣ ਦੇ ਕਿਆਸਾਂ ਦਾ ਅੰਤ ਕਰ ਦਿੱਤਾ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਵੀ ਸਪੱਸ਼ਟ ਕਰ ਦਿੱਤਾ ਕਿ ਇੱਕ ਵਿਅਕਤੀ ਖੁਸ਼ ਕਰਨ ਲਈ ਉਹ ਬਾਕੀ ਮੰਤਰੀਆਂ ਨੂੰ ਨਾਰਾਜ਼ ਨਹੀਂ ਕਰ ਸਕਦੇ।