Navjot Sidhu praised Captain : ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੇ ਅੱਜ ਵਿਸ਼ੇਸ਼ ਇਜਲਾਸ ਦੇ ਦੂਸਰੇ ਦਿਨ ਪੰਜਾਬ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੇਂਦਰ ਦੇ ਖੇਤੀ ਕਾਨੂੰਨਾਂ ਖਿਲਾਫ 3 ਮਤੇ ਪੇਸ਼ ਕੀਤੇ ਗਏ, ਜੋਕਿ ਕਿਸਾਨਾਂ ਦੇ ਪੱਖ ਵਿੱਚ ਸਨ। ਉਨ੍ਹਾਂ ਕਿਹਾ ਕਿ ਇਸ ਨਾਲ ਪੰਜਾਬ ਦਾ ਆਪਣਾ ਕਾਨੂੰਨ ਹੋਵੇਗਾ ਅਤੇ ਕੇਂਦਰ ਮੁਤਾਬਕ ਕੋਈ ਵੀ ਕਾਰਵਾਈ ਨਹੀਂ ਹੋਵੇਗੀ। ਕੈਪਟਨ ਨੇ ਕਿਹਾ ਕਿ ਉਹ ਕਿਸਾਨਾਂ ਨਾਲ ਬੇਇਨਸਾਫੀ ਨਹੀਂ ਹੋਣ ਦੇਣਗੇ, ਚਾਹੇ ਇਸ ਦੇ ਲਈ ਉਨ੍ਹਾਂ ਨੂੰ ਅਸਤੀਫਾ ਜਾਂ ਬਰਖਾਸਤ ਕਿਉਂ ਨਾ ਹੋਣਾ ਪਵੇ। ਇਸ ਤੋਂ ਬਾਅਦ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਜੋਕਿ ਮੁੱਖ ਮੰਤਰੀ ਤੋਂ ਪਿਛਲੀ ਸੀਟ ‘ਤੇ ਬੈਠਦੇ ਸਨ, ਅੱਜ ਪਿਛਲੀ ਸੀਟ ‘ਤੇ ਨਜ਼ਰ ਆਏ, ਨੇ ਮੁੱਖ ਮੰਤਰੀ ਦੀ ਤਾਰੀਫ ਕਰਦਿਆਂ ਉਨ੍ਹਾਂ ਦੀ ਹਾਂ ਵਿੱਚ ਹਾਂ ਮਿਲਾਈ। ਉਨ੍ਹਾਂ ਮੁੱਖ ਮੰਤਰੀ ਦੇ ਫੈਸਲੇ ਨੂੰ ਕੇਂਦਰ ਦੇ ਮੂੰਹ ‘ਤੇ ਚਪੇੜ ਦੱਸਿਆ।
ਉਨ੍ਹਾਂ ਕਿਹਾ ਕਿ “ਅੱਜ ਸਾਰੀ ਵਿਧਾਨ ਸਭਾ ‘ਚ ਜੋ ਸੀ.ਐਮ ਸਾਬ੍ਹ ਦਾ ਫੈਸਲਾ ਹੈ, ਇਹ ਸੈਂਟਰ ਸਰਕਾਰ ਦੇ ਕਾਲੇ ਕਾਨੂੰਨਾਂ ਦੇ ਮੂੰਹ ‘ਤੇ ਚਪੇੜ ਹੈ ਤੇ ਏਸ ਚਪੇੜ ਦੀ ਗੂੰਜ ਪੂਰੇ ਹਿੰਦੁਸਤਾਨ ‘ਚ ਗਈ ਹੈ।” ਸਿੱਧੂ ਨੇ ਮੁੱਖ ਮੰਤਰੀ ਦੇ ਫੈਸਲੇ ਨੂੰ ਬਿਲਕੁਲ ਸਹੀ ਦੱਸਿਆ। ਹਾਲਾਂਕਿ ਮੁੱਖ ਮੁੰਤਰੀ ਦੇ ਭਾਸ਼ਣ ਤੋਂ ਬਾਅਦ ਸਪੀਕਰ ਵਿਧਾਨ ਸਭਾ ਦੁਆਰਾ ਨਵਜੋਤ ਸਿੱਧੂ ਨੂੰ ਬੋਲਣ ਲਈ ਸਮਾਂ ਦਿੱਤਾ ਗਿਆ। ਸਿੱਧੂ ਅਜੇ ਆਪਣਾ ਭਾਸ਼ਣ ਸ਼ੁਰੂ ਹੀ ਕਰਨ ਲੱਗੇ ਸੀ ਕਿ ਸੀ.ਐਮ ਕੈਪਟਨ ਅਮਰਿੰਦਰ ਸਿੰਘ ਦੇ ਫੇਸਬੁੱਕ ਤੋਂ ਚੱਲ ਰਿਹਾ ਲਾਈਵ ਟੈਲੀਕਾਸਟ ਉਥੇ ਹੀ ਬੰਦ ਹੋ ਗਿਆ। ਜਿਸ ‘ਤੇ ਵਿਰੋਧੀ ਧਿਰਾਂ ਨੇ ਇਤਰਾਜ਼ ਵੀ ਪ੍ਰਗਟਾਇਆ।
ਦੱਸਣਯੋਗ ਹੈ ਕਿ ਬੀਤੇ ਦਿਨ ਨਵਜੋਤ ਸਿੰਘ ਸਿੱਧੂ ਕਾਂਗਰਸ ਸਰਕਾਰ ਦੇ ਵਿਰੁੱਧ ਬੋਲਦੇ ਨਜ਼ਰ ਆਏ ਸਨ। ਉਨ੍ਹਾਂ ਕਿਹਾ ਸੀ ਕਿ ਜੇਕਰ ਪੰਜਾਬ ਸਰਕਾਰ ਕਿਸਾਨਾਂ ਦੀਆਂ ਫਸਲਾਂ ਨੂੰ ਘੱਟੋ ਘੱਟ ਸਮਰਥਨ ਮੁੱਲ (ਐਮਐਸਪੀ) ਮੁਹੱਈਆ ਨਹੀਂ ਕਰਵਾ ਸਕਦੀ ਤਾਂ ਉਨ੍ਹਾਂ ਨੂੰ ਸ਼ਰਾਬ, ਰੇਤ ਅਤੇ ਟਰਾਂਸਪੋਰਟ ਮਾਫੀਆ ਨੂੰ ਰੋਕਣਾ ਚਾਹੀਦਾ ਹੈ।