ਅੱਜ ਸਵੇਰੇ ਲੁਧਿਆਣਾ ਵਿੱਚ ਵੱਡਾ ਹਾਦਸਾ ਵਾਪਰ ਗਿਆ। ਗਿਆਸਪੁਰਾ ਇਲਾਕੇ ਦੀ ਸੂਆ ਰੋਡ ‘ਤੇ ਇੱਕ ਫੈਕਟਰੀ ਤੋਂ ਗੈਸ ਲੀਕ ਹੋਣ ਕਾਰਨ ਘੱਟੋ-ਘੱਟ 9 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਬੀਮਾਰ ਹੋ ਗਏ।
ਅਧਿਕਾਰੀਆਂ ਵੱਲੋਂ ਮੌਕੇ ‘ਤੇ ਬਚਾਅ ਲਈ NDRF ਦੇ ਜਵਾਨਾਂ ਨੂੰ ਬੁਲਾਇਆ ਗਿਆ ਹੈ ਅਤੇ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ। ਸਥਾਨਕ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਜਾਣ ਲਈ ਕਿਹਾ ਗਿਆ ਹੈ।
ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਸਾਹ ਲੈਣ ‘ਚ ਤਕਲੀਫ ਦੀ ਸ਼ਿਕਾਇਤ ਕਰਨ ਵਾਲੇ ਕਰੀਬ 10 ਲੋਕਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਪੀੜਤਾਂ ਨੂੰ ਨੇੜਲੇ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਰਿਪੋਰਟਾਂ ਮੁਤਾਬਕ ਕੁਝ ਲੋਕ ਸੜਕ ‘ਤੇ ਮ੍ਰਿਤਕ ਪਾਏ ਗਏ। ਇਸ ਘਟਨਾ ਕਾਰਨ ਸਥਾਨਕ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ, ਜਿਨ੍ਹਾਂ ਵਿੱਚੋਂ ਕਈਆਂ ਨੇ ਜਾਨ ਬਚਾਉਣ ਲਈ ਆਪਣੇ ਘਰ ਵੀ ਛੱਡ ਦਿੱਤੇ।
ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਇਸ ਪੂਰੀ ਘਟਨਾ ‘ਤੇ ਦੁੱਖ ਜ਼ਾਹਰ ਕੀਤਾ। ਉਨ੍ਹਾਂ ਕਿਹਾ ਕਿ ਪੁਲਿਸ, ਪ੍ਰਸ਼ਾਸਨ ਤੇ NDRF ਟੀਮਾਂ ਮੌਕੇ ‘ਤੇ ਮੌਜੂਦ ਹਨ। ਹਰ ਸੰਭਵ ਮਦਦ ਪਹੁੰਚਾਈ ਜਾ ਰਹੀ ਹੈ।
ਮਿਲੀ ਜਾਣਕਾਰੀ ਮੁਤਾਬਕ ਗਿਆਸਪੁਰਾ ਸਥਿਤ ਇਮਾਰਤ ਵਿੱਚ ਹਾਦਸਾ ਸਵੇਰੇ 7.15 ਵਜੇ ਹੋਇਆ। ਇਥੇ ਵਿਧਾਇਕ ਰਾਜਿੰਦਰਪਾਲ ਕੌਰ ਨੇ ਕਿਹਾ ਕਿ ਇਮਾਰਤ ਵਿੱਚ ਮਿਲਕ ਬੂਥ ਬਣਿਆ ਹੋਇਆ ਸੀ ਅਤੇ ਜੋ ਵੀ ਸਵੇਰੇ ਇਥੇ ਦੁੱਧ ਲੈਣ ਗਿਆ ਉਹ ਵੀ ਬੇਹੋਸ਼ ਹੋ ਗਿਆ।
ਇਹ ਵੀ ਪੜ੍ਹੋ : ਮਾਨ ਸਰਕਾਰ ਵੱਲੋਂ ਰਾਜਿੰਦਰਾ ਹਸਪਤਾਲ ਲਈ 196.81 ਕਰੋੜ ਰੁ. ਜਾਰੀ, ਐਮਰਜੈਂਸੀ ਬੈੱਡ 100, ICU ਬੈੱਡ ਵੀ ਵਧੇ
ਇਸ ਤੋਂ ਬਾਅਦ ਘਟਨਾ ਦਾ ਪਤਾ ਲੱਗਾ। ਜਿਥੇ ਗੈਸ ਰਿਸਾਅ ਹੋਇਆ ਹੈ, ਉਸ ਇਮਾਰਤ ਦੇ 300 ਮੀਟਰ ਦੇ ਦਾਇਰੇ ਵਿੱਚ ਜਾਣ ‘ਤੇ ਲੋਕ ਬੇਹੋਸ਼ ਹੋ ਰਹੇ ਹਨ। ਕਿਸ ਗੈਸ ਦਾ ਰਿਸਾਅ ਹੋਇਆ ਅਤੇ ਇਸ ਦਾ ਕਾਰਨ ਕੀ ਹੈ, ਇਹ ਜਾਣਕਾਰੀ ਅਜੇ ਸਾਹਮਣੇ ਨਹੀਂ ਆਈ।
ਵੀਡੀਓ ਲਈ ਕਲਿੱਕ ਕਰੋ -: