8 ਅਗਸਤ ਨੂੰ ਅਜਨਾਲਾ ਦੇ ਸ਼ਰਮਾ ਫਿਲਿੰਗ ਸਟੇਸ਼ਨ ‘ਤੇ ਹੋਏ ਆਈ.ਈ.ਡੀ ਟਿਫ਼ਿਨ ਬੰਬ ਧਮਾਕਾ ਮਾਮਲੇ ਦੀ ਜਾਂਚ ਲਈ ਅੱਜ ਐੱਨ.ਐੱਸ.ਜੀ ਦੀ ਇੱਕ ਟੀਮ ਅਜਨਾਲਾ ਪਹੁੰਚੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸਐਸਪੀ ਦਿਹਾਤੀ ਅੰਮ੍ਰਿਤਸਰ ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਅੱਜ ਅਜਨਾਲਾ ਪਹੁੰਚੀ ਐਨ.ਐੱਸ.ਜੀ ਟੀਮ ਦੇ ਮੈਂਬਰਾਂ ਵੱਲੋਂ ਸਭ ਤੋਂ ਪਹਿਲਾਂ ਸ਼ਰਮਾ ਫਿਲਿੰਗ ਸਟੇਸ਼ਨ ਤੇ ਜਾ ਕੇ ਧਮਾਕੇ ਵਾਲੀ ਜਗ੍ਹਾ ਦਾ ਜਾਇਜ਼ਾ ਲਿਆ ਅਤੇ ਬਾਅਦ ਵਿਚ ਥਾਣਾ ਅਜਨਾਲਾ ‘ਚ ਖੜੇ ਧਮਾਕੇ ਕਾਰਨ ਨੁਕਸਾਨੇ ਤੇਲ ਵਾਲੇ ਟੈਂਕਰ ਦੀ ਵੀ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕੀਤੀ ਗਈ।
ਉਨ੍ਹਾਂ ਦਸਿਆ ਕਿ ਟੀਮ ਵੱਲੋਂ ਘਟਨਾ ਸਥਲ ਦੀ ਫੋਰੇਂਸਿਕ ਜਾਂਚ ਕੀਤੀ ਜਾਏਗੀ ਕਿ ਧਮਕਾ ਕਿਸ ਪ੍ਰਕਾਰ ਦਾ ਸੀ ਜਿਸਦੀ ਫੋਰਮਲ ਰਿਪੋਰਟ ਵੀ ਤਿਆਰ ਕੀਤੀ ਜਾਏਗੀ। ਐਸਐਸਪੀ ਦਿਹਾਤੀ ਨੇ ਕਿਹਾ ਕਿ ਪਹਿਲਾਂ ਵੀ ਐਨ ਐਸ ਜੀ ਵਲੋਂ ਅਜਿਹੇ ਮਾਮਲਿਆਂ ਦੀ ਜਾਚ ਕੀਤੀ ਗਈ ਹੈ ਜਿਸ ਨਾਲ ਅਜਨਾਲਾ ਵਿਖੇ ਹੋਏ ਧਮਾਕੇ ਸੰਬੰਧੀ ਜਾਂਚ ਕਰਨ ਵਿਚ ਅਸਾਨੀ ਹੋਵੇਗੀ।
ਦੱਸ ਦਈਏ ਕਿ ਇਹ ਟੀਮ ਬਾਅਦ ਦੁਪਹਿਰ ਅਜਨਾਲਾ ਪਹੁੰਚੀ ਅਤੇ ਕਈ ਘੰਟਿਆਂ ਦੀ ਜਾਂਚ ਤੋਂ ਬਾਅਦ ਟੀਮ ਅੰਮ੍ਰਿਤਸਰ ਵੱਲ ਨੂੰ ਰਵਾਨਾ ਹੋ ਗਈ। ਇੱਥੇ ਦੱਸ ਦੇਈਏ ਕਿ ਤੇਲ ਟੈਂਕਰ ਆਈ.ਈ.ਡੀ ਟਿਫ਼ਿਨ ਬੰਬ ਧਮਾਕਾ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਚਾਰ ਦਹਿਸ਼ਤਗਰਦਾਂ ਰੂਬਲ ਸਿੰਘ ਵਾਸੀ ਭੱਖਾ ਤਾਰਾ ਸਿੰਘ, ਵਿੱਕੀ ਭੱਟੀ ਵਾਸੀ ਬਲੜ੍ਹਵਾਲ, ਗੁਰਪ੍ਰੀਤ ਸਿੰਘ ਗੋਪੀ ਅਤੇ ਮਲਕੀਤ ਸਿੰਘ ਦੋਵੇਂ ਵਾਸੀ ਉੱਗਰ ਔਲਖ ਕੋਲੋਂ ਵੀ ਪੁਲਸ ਵੱਲੋਂ ਬਾਰੀਕੀ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਇਨ੍ਹਾਂ ਚਾਰਾਂ ਦਹਿਸ਼ਤਗਰਦਾਂ ਦੇ ਫੜੇ ਜਾਣ ਤੋਂ ਬਾਅਦ ਕਈ ਏਜੰਸੀਆਂ ਵੱਲੋਂ ਸਾਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਆਉਂਦੇ ਵਿਚ ਟਿਫ਼ਿਨ ਬੰਬ ਮਾਮਲੇ ਧਮਾਕੇ ਨਾਲ ਸੰਬੰਧਿਤ ਹੋਰ ਵੀ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ : ਰਣਜੀਤ ਬਾਵਾ ਦਾ ਦੀਪ ਸਿੱਧੂ ਨੂੰ ਜਵਾਬ- ਮੋਰਚੇ ‘ਚ ਜਾਨ ਗੁਆਉਣ ਵਾਲਾ ਕਿਸਾਨ ਸ਼ਹੀਦ ਹੀ ਅਖਵਾਊ
ਰੂਬਲ ਸਿੰਘ ਕੋਲੋਂ ਮਹਿਲ ਬੁਖ਼ਾਰੀ ਕਤਲ ਮਾਮਲੇ ‘ਚ ਵਰਤੀ ਕਿਰਚ ਬਰਾਮਦ
ਉਧਰ ਇਸ ਮਾਮਲੇ ਦੇ ਮੁੱਖ ਮੁਲਜ਼ਮ ਦੱਸੇ ਜਾ ਰਹੇ ਰੂਬਲ ਸਿੰਘ ਪੁੱਤਰ ਚਰਨ ਸਿੰਘ ਵਾਸੀ ਭੱਖਾ ਤਾਰਾ ਸਿੰਘ ਦਾ ਮਹਿਲ ਬੁਖ਼ਾਰੀ ਕਤਲ ਮਾਮਲੇ ਵਿਚ ਪੁਲਸ ਰਿਮਾਂਡ ਖ਼ਤਮ ਹੋਣ ਉਪਰੰਤ ਥਾਣਾ ਅਜਨਾਲਾ ਦੀ ਪੁਲਸ ਵੱਲੋਂ ਉਸਨੂੰ ਅੱਜ ਮੁੜ ਅਦਾਲਤ ਵਿਚ ਪੇਸ਼ ਕੀਤਾ ਗਿਆ। ਐੱਸ.ਐੱਚ.ਓ ਅਜਨਾਲਾ ਇੰਸਪੈਕਟਰ ਮੋਹਿਤ ਕੁਮਾਰ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਰੂਬਲ ਸਿੰਘ ਕੋਲੋਂ ਪੁਲਸ ਰਿਮਾਂਡ ਦੌਰਾਨ ਕੀਤੀ ਪੁੱਛਗਿੱਛ ਤੋਂ ਬਾਅਦ ਉਸਦੀ ਨਿਸ਼ਾਨਦੇਹੀ ‘ਤੇ ਜਗਦੇਵ ਖ਼ੁਰਦ ਰੋਡ ਤੇ ਸਥਿਤ ਉਸਦੇ ਮੁਰਗੀਖ਼ਾਨੇ ਵਿਚੋਂ ਪੱਪੂ ਮਸੀਹ ਵਾਸੀ ਪਿੰਡ ਬੋਹਲੀਆਂ ਦਾ ਕਤਲ ਕਰਨ ਲਈ ਵਰਤੀ ਗਈ ਕਿਰਚ ਵੀ ਬਰਾਮਦ ਕਰ ਲਈ ਗਈ ਹੈ।