ਕੋਟਾ ਦੀ ਰਹਿਣ ਵਾਲੀ 15 ਸਾਲ ਦੀ ਗੌਰਾਂਸ਼ੀ, ਜੋਕਿ ਜਨਮ ਤੋਂ ਹੀ ਸੁਣ-ਬੋਲ ਨਹੀਂ ਸਕਦੀ, ਨੇ ਆਪਣੇ ਜਨੂੰਨ ਦੇ ਦਮ ‘ਤੇ ਬ੍ਰਾਜ਼ੀਲ ਵਿੱਚ ਆਪਣੀ ਸਫਲਤਾ ਦੇ ਝੰਡੇ ਗੱਡ ਦਿੱਤੇ ਹਨ। ਰਾਮਗੰਜਮੰਡੀ ਦੀ ਰਹਿਣ ਵਾਲੀ ਗੌਰਾਂਸ਼ੀ ਨੇ ਮਈ ‘ਚ ਬ੍ਰਾਜ਼ੀਲ ‘ਚ ਹੋਈਆਂ ਡੈਫ ਓਲੰਪਿਕ ਖੇਡਾਂ ‘ਚ ਬੈਡਮਿੰਟਨ ‘ਚ ਦੇਸ਼ ਦੀ ਅਗਵਾਈ ਕਰਦੇ ਹੋਏ ਸੋਨ ਤਮਗਾ ਜਿੱਤਿਆ ਹੈ।
ਇਸ ਜਿੱਤ ਦਾ ਜਸ਼ਨ ਬ੍ਰਾਜ਼ੀਲ ਤੋਂ ਲੈ ਕੇ ਰਾਮਗੰਜਮੰਡੀ ਤੱਕ ਮਨਾਇਆ ਜਾ ਰਿਹਾ ਹੈ। ਰਾਮਗੰਜਮੰਡੀ ਪਹੁੰਚਣ ‘ਤੇ ਗੌਰਾਂਸ਼ੀ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। 16 ਕਿਲੋਮੀਟਰ ਤੱਕ ਫੁੱਲਾਂ ਦੀ ਵਰਖਾ ਕੀਤੀ ਗਈ।
ਜਿੱਤ ਦੇ ਇਸ ਮੁਕਾਮ ‘ਤੇ ਪਹੁੰਚਣ ਲਈ ਗੌਰਾਂਸ਼ੀ ਦਾ ਸਫ਼ਰ ਸੌਖਾ ਨਹੀਂ ਸੀ। ਉਸ ਨੇ ਇੱਕ ਵਾਰ ਤਾਂ ਮੌਤ ਨੂੰ ਵੀ ਹਰਾਇਆ ਹੈ। ਗੌਰਾਂਸ਼ੀ ਜਨਮ ਤੋਂ ਹੀ ਗੂੰਗੀ ਤੇ ਬੋਲ਼ੀ ਹੈ। ਦੋ ਸਾਲ ਦੀ ਉਮਰ ਵਿੱਚ ਖੇਡਦਿਆਂ ਉਬਲਦਾ ਦੁੱਧ ਉਸ ਉੱਤੇ ਡਿੱਗ ਪਿਆ ਸੀ। ਇਸ ਕਰਕੇ ਉਹ 50 ਫੀਸਦੀ ਝੁਲਸ ਗਈ ਸੀ। ਉਸ ਦਾ ਅੱਧਾ ਸਰੀਰ ਸੜ ਗਿਆ। ਡਾਕਟਰ ਵੀ ਇੱਕ ਵਾਰ ਹਾਰ ਗਏ ਸਨ ਪਰ 6 ਮਹੀਨੇ ਦੇ ਇਲਾਜ ਤੋਂ ਬਾਅਦ ਵੀ ਉਸ ਦੇ ਮਾਪਿਆਂ ਨੇ ਹੌਂਸਲਾ ਨਹੀਂ ਹਾਰਿਆ। ਅਖੀਰ ਗੌਰਾਂਸ਼ੀ ਠੀਕ ਹੋ ਕੇ ਘਰ ਪਰਤ ਆਈ। ਇਸ ਦੇ ਨਾਲ ਹੀ ਪਿਤਾ ਗੌਰਵ ਸ਼ਰਮਾ ਅਤੇ ਮਾਂ ਪ੍ਰੀਤੀ ਸ਼ਰਮਾ ਨੇ ਦ੍ਰਿੜ ਸੰਕਲਪ ਲਿਆ ਹੈ ਕਿ ਉਹ ਬੇਟੀ ਨੂੰ ਇਸ ਮੁਕਾਮ ‘ਤੇ ਲੈ ਕੇ ਜਾਣਗੇ ਕਿ ਉਹ ਦੂਜਿਆਂ ਲਈ ਮਿਸਾਲ ਬਣ ਸਕੇ।
ਗੌਰਾਂਸ਼ੀ ਦੇ ਮਾਪੇ ਵੀ ਬੋਲੇ ਅਤੇ ਗੂੰਗੇ ਹਨ। ਉਹ ਪਹਿਲਾਂ ਗੌਰਾਂਸ਼ੀ ਨੂੰ ਤੈਰਾਕ ਬਣਾਉਣਾ ਚਾਹੁੰਦੇ ਸਨ, ਪਰ ਉਸ ਦੀ ਦਿਲਚਸਪੀ ਬੈਡਮਿੰਟਨ ਵਿੱਚ ਸੀ, ਇਸ ਲਈ ਉਸ ਨੇ ਬੈਡਮਿੰਟਨ ਵਿੱਚ ਸਪੈਸ਼ਲ਼ ਕੋਚਿੰਗ ਅਕੈਡਮੀ ਵਿੱਚ ਦਾਖਲਾ ਲਿਆ। ਗੌਰਾਂਸ਼ੀ ਨੇ ਸੱਤ ਸਾਲ ਦੀ ਉਮਰ ਵਿੱਚ ਖੇਡਣਾ ਸ਼ੁਰੂ ਕਰ ਦਿੱਤਾ ਸੀ। ਉਹ ਦਿਨ ਵਿੱਚ ਅੱਠ ਘੰਟੇ ਪ੍ਰੈਕਟਿਸ ਕਰਦੀ ਹੈ। 20 ਕਿ.ਮੀ. ਸਾਈਕਲ ਚਲਾਉਂਦੀ ਹੈ, ਉਸ ਤੋਂ ਬਾਅਦ ਪੰਜ ਕਿਲੋਮੀਟਰ ਦੀ ਦੌੜ।
ਇਸ ਸਫਲਤਾ ਵਿੱਚ ਉਸ ਦੇ ਮਾਪਿਆਂ ਦਾ ਵੱਡਾ ਯੋਗਦਾਨ ਹੈ। ਗੌਰਾਂਸ਼ੀ ਨੂੰ ਮੱਧ ਪ੍ਰਦੇਸ਼ ਸਰਕਾਰ ਵੱਲੋਂ 2020 ਵਿੱਚ ਏਕਲਵਿਆ ਖੇਡ ਪੁਰਸਕਾਰ ਲਈ ਵੀ ਚੁਣਿਆ ਗਿਆ ਸੀ।
ਇਸ ਤੋਂ ਪਹਿਲਾਂ ਗੌਰਾਂਸ਼ੀ ਦਾ ਪਰਿਵਾਰ ਰਾਮਗੰਜਮੰਡੀ ‘ਚ ਰਹਿੰਦਾ ਸੀ। ਉਨ੍ਹਾਂ ਦਾ ਕੋਟਾ ਸਟੋਨ ਦਾ ਕਾਰੋਬਾਰ ਹੈ। ਇੱਥੇ ਸਹੂਲਤਾਂ ਨਾ ਮਿਲਣ ‘ਤੇ ਗੌਰਾਂਸ਼ੀ ਦੇ ਦਾਦਾ ਪ੍ਰਮੋਦ ਸ਼ਰਮਾ ਨੇ ਮਾਤਾ-ਪਿਤਾ ਨੂੰ ਭੋਪਾਲ ਸ਼ਿਫਟ ਕਰ ਦਿੱਤਾ। ਗੌਰਾਂਸ਼ੀ 8 ਸਾਲਾਂ ਤੋਂ ਆਪਣੇ ਮਾਤਾ-ਪਿਤਾ ਨਾਲ ਉੱਥੇ ਰਹਿ ਰਹੀ ਹੈ। ਪਿਤਾ ਗੌਰਵ ਉਸ ਨੂੰ ਟ੍ਰੇਨਿੰਗ ਲਈ ਲੈ ਕੇ ਜਾਂਦੇ ਸਨ।
ਗੌਰਾਂਸ਼ੀ ਬਾਹਰ ਨਿਕਲਦੀ ਤਾਂ ਵਿਸ਼ਵ ਬੈਡਮਿੰਟਨ ਚੈਂਪੀਅਨ ਸਾਇਨਾ ਨੇਹਵਾਲ ਦੀ ਤਸਵੀਰ ਦੇਖ ਕੇ ਰੁਕ ਜਾਂਦੀ। ਜਦੋਂ ਪਿਤਾ ਨੇ ਦੇਖਿਆ ਕਿ ਉਹ ਰੋਜ਼ ਬੈਡਮਿੰਟਨ ਵਿਸ਼ਵ ਚੈਂਪੀਅਨ ਦੀ ਤਸਵੀਰ ਧਿਆ ਨਾਲ ਵੇਖਦੀ ਹੈ ਤਾਂ ਪਿਤਾ ਨੂੰ ਗੌਰਾਂਸ਼ੀ ਦੀ ਬੈਡਮਿੰਟਨ ਵਿੱਚ ਰੁਚੀ ਦਾ ਪਤਾ ਲੱਗਾ ਤੇ ਉਨ੍ਹਾਂ ਨੇ ਉਸ ਨੂੰ ਬੈਡਮਿੰਟਨ ਦੀ ਤਿਆਰੀ ਸ਼ੁਰੂ ਕਰ ਦਿੱਤੀ।
ਗੌਰਾਂਸ਼ੀ ਦੀ ਇਸ ਕਾਮਯਾਬੀ ਤੋਂ ਬਾਅਦ ਵਧਾਈਆਂ ਦਾ ਦੌਰ ਜਾਰੀ ਹੈ। ਸੰਸਦ ਮੈਂਬਰ ਸ਼ਿਵਰਾਜ ਸਿੰਘ ਚੌਹਾਨ, ਲੋਕ ਸਭਾ ਸਪੀਕਰ ਓਮ ਬਿਰਲਾ ਅਤੇ ਸਾਬਕਾ ਸੀਐੱਮ ਵਸੁੰਧਰਾ ਰਾਜੇ ਨੇ ਵਧਾਈ ਦਿੱਤੀ ਹੈ। ਸ਼ਨੀਵਾਰ ਨੂੰ ਪੀ.ਐੱਮ, ਮੋਦੀ ਨੇ ਵੀ ਉਸ ਨਾਲ ਮੁਲਾਕਾਤ ਕੀਤੀ।