ਪੰਜਾਬ ਦੇ ਨਵੇਂ ਮੰਤਰੀ ਅੱਜ ਸ਼ਾਮ 4.30 ਵਜੇ ਸਹੁੰ ਚੁੱਕਣਗੇ। ਪਰ ਇਸ ਤੋਂ ਪਹਿਲਾਂ ਹੀ ਨਵਾਂ ਪੇਚ ਫਸ ਗਿਆ ਹੈ। ਨਵੇਂ ਮੰਤਰੀ ਮੰਡਲ ਵਿੱਚ ਸ਼ਾਮਲ ਰਾਣਾ ਗੁਰਜੀਤ ਦੇ ਨਾਂ ਦਾ ਵਿਰੋਧ ਹੋ ਰਿਹਾ ਹੈ। ਪੰਜਾਬ ਦੇ ਦੋਆਬਾ ਇਲਾਕੇ ਦੇ ਵਿਧਾਇਕਾਂ ਨੇ ਇਸ ਦਾ ਵਿਰੋਧ ਕੀਤਾ ਹੈ। ਰਾਣਾ ਗੁਰਜੀਤ ਕੈਪਟਨ ਸਰਾਕਰ ਦੀ ਕੈਬਨਿਟ ਵਿੱਚ ਸਨ, ਉਦੋਂ ਉਨ੍ਹਾਂ ‘ਤੇ ਰੇਤ ਮਾਈਨਿੰਗ ਵਿੱਚ ਭੂਮਿਕਾ ਦੇ ਦੋਸ਼ ਲੱਗੇ ਸਨ, ਜਿਸ ਤੋਂ ਬਾਅਦ ਰਾਹੁਲ ਗਾਂਧੀ ਦੀ ਮਨ਼ਜ਼ੂਰੀ ਤੋਂ ਬਾਅਦ ਕੈਪਟਨ ਨੇ ਰਾਣਾ ਦਾ ਅਸਤੀਫਾ ਲਿਆ ਸੀ।
ਇਸ ਸੰਬੰਧੀ ਮਹਿੰਦਰ ਸਿੰਘ ਕੇਪੀ ਸਾਬਕਾ ਪ੍ਰਧਾਨ ਪੀਪੀਸੀਸੀ, ਨਵਤੇਜ ਸਿੰਘ ਚੀਮਾ ਵਿਧਾਇਕ ਸੁਲਤਾਨਪੁਰ, ਬਲਵਿੰਦਰ ਸਿੰਘ ਧਾਲੀਵਾਲ ਵਿਧਾਇਕ ਫਗਵਾੜਾ, ਬਾਵਾ ਹੈਨਰੀ ਵਿਧਾਇਕ ਜਲੰਧਰ ਉੱਤਰੀ, ਡਾ. ਰਾਜ ਕੁਮਾਰ ਵਿਧਾਇਕ ਚੱਬੇਵਾਲ, ਪਵਨ ਆਦੀਆ ਵਿਧਾਇਕ ਸ਼ਾਮ ਚੁਰਾਸੀ ਤੇ ਸੁਖਪਾਲ ਸਿੰਘ ਖਹਿਰਾ ਵਿਧਾਇਕ ਭੁਲੱਥ ਪੰਜਾਬ ਕਾਂਗਰਸ ਪ੍ਰਧਾਨ ਨੂੰ ਚਿੱਠੀ ਲਿਖ ਕੇ ਰਾਣਾ ਗੁਰਜੀਤ ਨੂੰ ਮੰਤਰੀ ਮੰਡਲ ਤੋਂ ਹਟਾ ਕੇ ਕਿਸੇ ਸਾਫ-ਸੁਥਰੇ ਅਕਸ ਵਾਲੇ ਦੁਆਬੇ ਦੇ ਸਿਆਸਤਦਾਨ ਨੂੰ ਮੰਤਰੀ ਬਣਾਉਣ ਦੀ ਅਪੀਲ ਕੀਤੀ।
ਵਿਧਾਇਕਾਂ ਨੇ ਚਿੱਠੀ ਵਿੱਚ ਰਾਣਾ ਗੁਰਜੀਤ ਸਿੰਘ ਦੇ ਕੈਬਨਿਟ ਵਿੱਚ ਸ਼ਾਮਲ ਕੀਤੇ ਜਾਣ ‘ਤੇ ਰੋਸ ਪ੍ਰਗਟਾਇਆ। ਉਨ੍ਹਾਂ ਕਿਹਾ ਕਿ ਜਨਵਰੀ 2018 ਵਿੱਚ ਉਨ੍ਹਾਂ ਨੂੰ ਉਨ੍ਹਾਂ ਦੇ ਪਰਿਵਾਰ ਅਤੇ ਉਨ੍ਹਾਂ ਦੀਆਂ ਕੰਪਨੀਆਂ ਨੂੰ ਸਿੱਧੇ ਤੌਰ ‘ਤੇ ਰੇਤ ਮਾਈਨਿੰਗ ਸੰਬੰਧੀ ਕਰੋੜਾਂ ਰੁਪਏ ਦੇ ਘਪਲੇ ਵਿੱਚ ਸ਼ਾਮਲ ਕਰਨ ਦੇ ਕਾਰਨ ਉਨ੍ਹਾਂ ਨੂੰ ਮੰਤਰੀ ਮੰਡਲ ਤੋਂ ਬਾਹਰ ਕਰ ਦਿੱਤਾ ਗਿਆ ਸੀ।
ਉਨ੍ਹਾਂ ਦੀ ਫਰੰਟ ਕੰਪਨੀ ਮੈਸਰਜ਼ ਰਾਜਬੀਰ ਇੰਟਰਪ੍ਰਾਈਜ਼ਜ਼ ਵੱਲੋਂ ਪੰਜਾਬ ਵਿੱਚ 3 ਸਾਈਟਾਂ ਦੀ ਮਾਈਨਿੰਗ ਨਿਲਾਮੀ ਲਈ 25 ਕਰੋੜ ਰੁਪਏ ਜਮ੍ਹਾ ਕਰਵਾਏ ਗਏ। ਉਸ ਵੇਲੇ ਜਸਟਿਸ ਨਾਰੰਗ ਕਮਿਸ਼ਨ ਨੇ ਹੈਰਾਨ ਕਰਨ ਵਾਲਾ ਤੱਥ ਸਾਹਮਣੇ ਲਿਆਂਦਾ ਕਿ ਵਿਜੀਲੈਂਸ ਬਿਊਰੋ ਦੁਆਰਾ ਦੋਸ਼ ਲਾਇਆ ਰਾਣਾ ਗੁਰਜੀਤ ਸਿੰਘ ਮੈਸਰਜ਼ ਰਾਜਬੀਰ ਐਂਟਰਪ੍ਰਾਈਜ਼ਜ਼ ਦੀ ਫਰੰਟ ਕੰਪਨੀ ਨੂੰ ਉਕਤ ਨਿਲਾਮੀ ਲਈ 2000 ਕਰੋੜ ਰੁਪਏ ਦੇ ਸਿੰਚਾਈ ਘੁਟਾਲੇਬਾਜ਼ ਗੁਰਿੰਦਰ ਸਿੰਘ ਉਰਫ਼ ਭਾਪਾ ਤੋਂ 5 ਕਰੋੜ ਰੁਪਏ ਦੀ ਯੋਗਦਾਨ ਰਕਮ ਮਿਲੀ ਸੀ, ਜੋ ਹੁਣ ਹਿਰਾਸਤ ਵਿੱਚ ਹੈ।
ਵਿਧਾਇਕਾਂ ਨੇ ਕਿਹਾ ਕਿ ਰਾਣਾ ਗੁਰਜੀਤ ਸਿੰਘ ਨੂੰ ਕੈਬਨਿਟ ਵਿੱਚ ਸ਼ਾਮਲ ਕੀਤੇ ਜਾਣ ‘ਤੇ ਸਾਰੇ ਹੈਰਾਨ ਹਨ ਕਿਉਂਕਿ ਉਨ੍ਹਾਂ ਨੂੰ ਉਪਰੋਕਤ ਦੋਸ਼ਾਂ ਕਾਰਨ ਜਨਵਰੀ 2018 ਵਿੱਚ ਹਟਾ ਦਿੱਤਾ ਗਿਆ ਸੀ ਅਤੇ ਉਨ੍ਹਾਂ ਨੂੰ ਕਿਸੇ ਅਦਾਲਤ ਜਾਂ ਸਰਕਾਰ ਤੋਂ ਕੋਈ ਕਲੀਨ ਚਿੱਟ ਨਹੀਂ ਮਿਲੀ ਹੈ।
ਉਪਰੋਕਤ ਦੱਸੇ ਤੱਥਾਂ ਤੋਂ ਇਲਾਵਾ ਇਹ ਦਿਲਚਸਪ ਹੈ ਕਿ ਦੋਆਬਾ ਖੇਤਰ ਦੇ ਮੰਤਰੀ ਮੰਡਲ ਵਿੱਚ ਸ਼ਾਮਲ ਕੀਤੇ ਜਾਣ ਦੇ ਪ੍ਰਸਤਾਵਿਤ ਤਿੰਨੋਂ ਮੰਤਰੀ ਜੱਟ ਸਿੱਖ ਅਤੇ ਇੱਕ ਓਬੀਸੀ ਸਿੱਖ ਹਨ, ਜਦੋਂ ਕਿ ਇਸ ਖੇਤਰ ਵਿੱਚ ਲਗਭਗ 38 ਫੀਸਦੀ ਦਲਿਤ ਆਬਾਦੀ ਹੈ।
ਇਹ ਵੀ ਪੜ੍ਹੋ : ਬਠਿੰਡਾ ਪਹੁੰਚੇ CM ਨੇ ਲਿਆ ਨਰਮੇ ਦੀ ਫਸਲ ਦਾ ਜਾਇਜ਼ਾ, ਮ੍ਰਿਤਕ ਕਿਸਾਨ ਦੇ ਪਰਿਵਾਰਕ ਮੈਂਬਰ ਨੂੰ ਸੌਂਪਿਆ ਨਿਯੁਕਤੀ ਪੱਤਰ
ਇਸ ਲਈ, ਅਸੀਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਰਾਣਾ ਗੁਰਜੀਤ ਸਿੰਘ ਨੂੰ ਪ੍ਰਸਤਾਵਿਤ ਕੈਬਨਿਟ ਵਿਸਥਾਰ ਤੋਂ ਤੁਰੰਤ ਹਟਾ ਦਿੱਤਾ ਜਾਵੇ ਅਤੇ ਆਉਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਇੱਕ ਸਾਫ਼ ਦਲਿਤ ਚਿਹਰਾ ਸ਼ਾਮਲ ਕੀਤਾ ਜਾਵੇ।