ਪਾਕਿਸਤਾਨ ‘ਚ ਬੈਠੇ ਖੁਫੀਆ ਏਜੰਸੀ ਆਈ.ਐੱਸ.ਆਈ. ਦੇ ਏਜੰਟ, ਅੱਤਵਾਦੀ ਅਤੇ ਨਸ਼ਾ ਤਸਕਰ ਆਪਣੇ ਨੈੱਟਵਰਕ ‘ਚ ਬੱਚਿਆਂ ਦੀ ਵੀ ਵਰਤੋਂ ਕਰ ਰਹੇ ਹਨ। ਸਰਗਰਮ ਸਥਾਨਕ ਤਸਕਰਾਂ ਨੂੰ ਭਾਰਤ-ਪਾਕਿ ਅੰਤਰਰਾਸ਼ਟਰੀ ਸਰਹੱਦ ਦੇ ਨੇੜੇ ਪਿੰਡਾਂ ਵਿੱਚ ਅਜਿਹੇ ਬੱਚਿਆਂ ਦੀ ਪਛਾਣ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।
ਇਸ ਗੱਲ ਦਾ ਖੁਲਾਸਾ ਪੰਜਾਬ ਪੁਲਿਸ ਦੇ ਇੰਟੈਲੀਜੈਂਸ ਵਿੰਗ ਅਤੇ ਅੰਮ੍ਰਿਤਸਰ ਦਿਹਾਤੀ ਪੁਲਿਸ ਦੀ ਟੀਮ ਵੱਲੋਂ ਅੰਮ੍ਰਿਤਸਰ ਵਿੱਚ 4 ਵਿਅਕਤੀਆਂ ਨੂੰ ਹਥਿਆਰਾਂ ਅਤੇ ਧਮਾਕਾਖੇਜ਼ ਸਮੱਗਰੀ ਸਣੇ ਗ੍ਰਿਫ਼ਤਾਰ ਕਰਨ ਦੌਰਾਨ ਕੀਤਾ ਗਿਆ। ਇਨ੍ਹਾਂ ਮੁਲਜ਼ਮਾਂ ਵਿੱਚ 8ਵੀਂ ਜਮਾਤ ਦਾ ਵਿਦਿਆਰਥੀ ਵੀ ਹੈ। ਇਸ ਤੋਂ ਬਾਅਦ ਭਾਰਤ ਦੀਆਂ ਸੁਰੱਖਿਆ ਏਜੰਸੀਆਂ ਚੌਕਸ ਹੋ ਗਈਆਂ ਹਨ।
ਪੁਲਿਸ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਫੜਿਆ ਗਿਆ ਬੱਚਾ ਅਨਾਥ ਹੈ। ਉਸ ਦੇ ਮਾਤਾ-ਪਿਤਾ ਦੀ ਕਾਫੀ ਸਮਾਂ ਪਹਿਲਾਂ ਮੌਤ ਹੋ ਗਈ ਸੀ। ਉਹ ਅੰਮ੍ਰਿਤਸਰ ਜ਼ਿਲ੍ਹੇ ਦੇ ਸਰਹੱਦੀ ਪਿੰਡ ਧਨੋਆ ਖੁਰਦ ਵਿੱਚ ਆਪਣੇ ਰਿਸ਼ਤੇਦਾਰਾਂ ਨਾਲ ਰਹਿੰਦਾ ਸੀ। ਇਸ ਬੱਚੇ ਦਾ ਦਿਮਾਗ ਬਹੁਤ ਤੇਜ਼ ਹੈ ਅਤੇ ਉਹ ਮੋਬਾਈਲ ਆਦਿ ‘ਤੇ ਇੰਟਰਨੈਟ ਚਲਾਉਣ ਵਿਚ ਬਹੁਤ ਹੁਸ਼ਿਆਰ ਹੈ। ਇਸ ਕਾਰਨ ਤਸਕਰਾਂ ਨੇ ਉਸ ਨੂੰ ਚੁਣਿਆ ਅਤੇ ਪੈਸਿਆਂ ਦਾ ਲਾਲਚ ਦਿੱਤਾ, ਜਿਸ ‘ਤੇ ਉਹ ਉਨ੍ਹਾਂ ਨਾਲ ਰਲ ਗਿਆ।
ਆਈਜੀ ਮੋਨੀਸ਼ ਚਾਵਲਾ ਮੁਤਾਬਕ ਗ੍ਰਿਫ਼ਤਾਰ ਕੀਤੇ ਗਏ ਤਸਕਰਾਂ ਨੇ ਇਸ ਬੱਚੇ ਤੋਂ ਮੋਬਾਈਲ ‘ਤੇ ਇੰਟਰਨੈੱਟ ਚਲਾਉਣਾ ਸਿੱਖਿਆ। ਜੇ ਪਾਕਿਸਤਾਨ ਬੈਠੇ ਸਮੱਗਲਰ ਹਥਿਆਰ ਭੇਜਣ ਤੋਂ ਬਾਅਦ ਆਪਣੀ ਲੋਕੇਸ਼ਨ ਸਾਂਝੀ ਕਰਦੇ ਤਾਂ ਸਮੱਗਲਰ ਇਸ ਨੂੰ ਸਮਝਣ ਲਈ ਬੱਚੇ ਦਾ ਵੀ ਸਹਾਰਾ ਲੈਂਦੇ। ਸਥਾਨਕ ਸਮੱਗਲਰਾਂ ਦਾ ਮਾਡਿਊਲ ਪਾਕਿਸਤਾਨ ਵਿੱਚ ਬੈਠੇ ਆਪਣੇ ਆਕਿਆਂ ਨਾਲ ਅਜਿਹੀਆਂ ਐਪਲੀਕੇਸ਼ਨਾਂ ਰਾਹੀਂ ਗੱਲ ਕਰਦਾ ਸੀ, ਜਿਨ੍ਹਾਂ ਦਾ ਪਤਾ ਲਗਾਉਣਾ ਬਹੁਤ ਮੁਸ਼ਕਲ ਹੁੰਦਾ ਹੈ। ਇਨ੍ਹਾਂ ਐਪਲੀਕੇਸ਼ਨਾਂ ਨੂੰ ਚਲਾਉਣ ਲਈ ਤਸਕਰ ਬੱਚੇ ਦੀ ਮਦਦ ਵੀ ਲੈਂਦੇ ਸਨ। ਇਸ ਦੇ ਬਦਲੇ ਉਹ ਬੱਚੇ ਨੂੰ ਪੈਸੇ ਦਿੰਦੇ ਸਨ।
ਹਾਲਾਂਕਿ ਪੁਲਿਸ ਨੇ ਇਹ ਨਹੀਂ ਦੱਸਿਆ ਕਿ ਤਸਕਰਾਂ ਨੇ ਇਸ ਬੱਚੇ ਨੂੰ ਕਿੰਨੇ ਪੈਸੇ ਦਿੱਤੇ ਸਨ। ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਸੀ ਕਿ ਬੱਚੇ ਦੀਆਂ ਸਰਗਰਮੀਆਂ ਬਾਰੇ ਉਸ ਦੇ ਰਿਸ਼ਤੇਦਾਰਾਂ ਨੂੰ ਕਿਉਂ ਨਹੀਂ ਪਤਾ ਸੀ, ਜਿਨ੍ਹਾਂ ਦੇ ਕੋਲ ਉਹ ਰਹਿੰਦਾ ਸੀ।
ਪੰਜਾਬ ਪੁਲਿਸ ਦੇ ਬਾਰਡਰ ਰੇਂਜ ਦੇ ਆਈਜੀ ਮੋਨੀਸ਼ ਚਾਵਲਾ ਨੇ ਦੱਸਿਆ ਕਿ ਅੰਮ੍ਰਿਤਸਰ ਵਿੱਚ ਗ੍ਰਿਫ਼ਤਾਰ ਕੀਤੇ ਗਏ 4 ਮੁਲਜ਼ਮਾਂ ਵਿੱਚ ਅੱਠਵੀਂ ਜਮਾਤ ਦਾ ਇੱਕ ਵਿਦਿਆਰਥੀ ਵੀ ਹੈ। ਪੁਲਿਸ ਪਹਿਲਾਂ ਇਸ ਬੱਚੇ ਤੱਕ ਪਹੁੰਚੀ ਅਤੇ ਫਿਰ ਸਾਰੇ ਮਾਡਿਊਲ ਦਾ ਪਰਦਾਫਾਸ਼ ਹੋਇਆ। ਸਰਹੱਦ ਪਾਰ ਤੋਂ ਹਥਿਆਰ ਮੰਗਵਾਉਣ ਅਤੇ ਅੱਗੇ ਪਹੁੰਚਾਉਣ ਵਿਚ ਇਸ ਬੱਚੇ ਦੀ ਕੋਈ ਭੂਮਿਕਾ ਨਹੀਂ ਸੀ, ਪਰ ਪਾਕਿਸਤਾਨ ਅਤੇ ਭਾਰਤ ਵਿਚ ਬੈਠੇ ਤਸਕਰ ਇਕ-ਦੂਜੇ ਨਾਲ ਸੰਪਰਕ ਕਾਇਮ ਕਰਨ ਲਈ ਇਸ ਨੂੰ ਵਰਤ ਰਹੇ ਸਨ। ਫਿਲਹਾਲ ਗ੍ਰਿਫਤਾਰ ਬੱਚੇ ਨੂੰ ਲੁਧਿਆਣਾ ਦੀ ਜੁਵੇਨਾਈਲ ਜੇਲ੍ਹ ਭੇਜ ਦਿੱਤਾ ਗਿਆ ਹੈ।
ਫੜੇ ਗਏ ਮੁਲਜ਼ਮਾਂ ਵਿੱਚ ਬੱਚੇ ਤੋਂ ਇਲਾਵਾ ਧਨੋਆ ਖੁਰਦ ਦਾ ਸਵਿੰਦਰ ਸਿੰਘ ਭੋਲਾ, ਚੱਕ ਅੱਲਾ ਬਖਸ਼ ਦਾ ਦਿਲਬਾਗ ਸਿੰਘ ਉਰਫ ਬੱਗੋ ਅਤੇ ਧਨੋਆ ਖੁਰਦ ਦਾ ਹਰਪ੍ਰੀਤ ਸਿੰਘ ਹੈਪੀ ਸ਼ਾਮਲ ਹੈ। ਪੁਲਿਸ ਨੇ ਇਨ੍ਹਾਂ ਕੋਲੋਂ 500 ਗ੍ਰਾਮ ਹੈਰੋਇਨ ਦੇ ਦੋ ਪੈਕਟ ਬਰਾਮਦ ਕੀਤੇ ਹਨ। ਉਨ੍ਹਾਂ ਨੇ 4 ਵਾਰ ਸਰਹੱਦ ਪਾਰ ਤੋਂ ਆਈਈਡੀ ਮੰਗਵਾਉਣ ਦੀ ਗੱਲ ਵੀ ਕਬੂਲੀ ਹੈ। ਮੁਲਜ਼ਮ ਦਿਲਬਾਗ ਨੇ ਪੁਲਿਸ ਨੂੰ ਦੱਸਿਆ ਕਿ ਉਸ ਨੇ ਲੁਧਿਆਣਾ ਬੰਬ ਧਮਾਕਿਆਂ ਵਿੱਚ ਵਰਤੀ ਗਈ ਆਈਈਡੀ ਸਰਹੱਦ ਪਾਰ ਤੋਂ ਮੰਗਵਾਈ ਸੀ। ਉਸ ਨੇ ਅਗਲੇ ਦਿਨ ਪੰਜੂ ਕਲਾਲ (ਅੰਮ੍ਰਿਤਸਰ) ਦੇ ਸੁਰਮੁਖ ਸਿੰਘ ਉਰਫ਼ ਸੰਮੂ ਨੂੰ ਆਈ.ਈ.ਡੀ. ਡਿਲੀਵਰ ਕਰ ਦਿੱਤੀ। ਸੁਰਮੁਖ ਨੇ ਉਹ ਆਈਈਡੀ ਲੁਧਿਆਣਾ ਧਮਾਕਿਆਂ ਵਿੱਚ ਮਾਰੇ ਗਏ ਗਗਨਦੀਪ ਸਿੰਘ ਨੂੰ ਸੌਂਪੀ ਸੀ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਪੁਲਿਸ ਮੁਤਾਬਕ ਪਾਕਿਸਤਾਨ ਤੋਂ ਮੰਗਵਾਈਆਂ ਗਈਆਂ 4 ਆਈਈਡੀਜ਼ ਵਿੱਚੋਂ ਇੱਕ ਦੀ ਲੁਧਿਆਣਾ ਧਮਾਕੇ ਵਿੱਚ ਵਰਤੋਂ ਕੀਤੀ ਗਈ ਸੀ। ਜਦਕਿ ਬਾਕੀਆਂ ਨੂੰ ਪੁਲਿਸ ਨੇ ਜਨਵਰੀ-ਫਰਵਰੀ ਵਿਚ ਲਾਵਾਰਿਸ ਹਾਲਤ ਵਿਚ ਫੜਿਆ ਸੀ। ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਟਾਰੀ ਨੇੜੇ ਧਨੋਆ ਖੁਰਦ ਦੇ ਬਾਹਰ ਮੋੜ ‘ਤੇ ਮਿਵੀ ਆਈਈਡੀ ਵੀ ਇਸੇ ਖੇਪ ਦਾ ਹਿੱਸਾ ਸੀ।