ਪੈਰਾਲੰਪਿਕ ਖੇਡਾਂ ‘ਚ ਦੋ ਸੋਨ ਤਮਗਿਆਂ ਸਣੇ ਤਿੰਨ ਤਮਗੇ ਜਿੱਤਣ ਵਾਲੇ ਦੇਵੇਂਦਰ ਝਾਝਰੀਆ ਨੂੰ ਪਦਮ ਭੂਸ਼ਣ ਜਦਕਿ ਟੋਕੀਓ ਓਲੰਪਿਕ ਖੇਡਾਂ ਦੇ ਚੈਂਪੀਅਨ ਨੀਰਜ ਚੋਪੜਾ ਸਣੇ ਅੱਠ ਖਿਡਾਰੀਆਂ ਨੂੰ ਅੱਜ ਮੰਗਲਵਾਰ ਨੂੰ 26 ਜਨਵਰੀ ਮੌਕੇ ਪਦਮ ਸ਼੍ਰੀ ਨਾਲ ਸਨਮਾਨਤ ਕੀਤਾ ਜਾਵੇਗਾ।
ਚਾਲ੍ਹੀ ਸਾਲਾਂ ਝਝਾਰੀਆ ਨੇ ਏਥਨਜ਼ ਪੈਰਾਲੰਪਿਕਸ 2004 ਅਤੇ ਰੀਓ ਪੈਰਾਲੰਪਿਕਸ 2016 ਵਿੱਚ ਜੈਵਲਿਨ ਥ੍ਰੋਅ ਵਿੱਚ ਸੋਨ ਤਗਮਾ ਜਿੱਤਿਆ ਸੀ, ਜਦੋਂਕਿ ਪਿਛਲੇ ਸਾਲ ਟੋਕੀਓ ਪੈਰਾਲੰਪਿਕਸ ਵਿੱਚ ਉਸ ਨੇ ਚਾਂਦੀ ਦਾ ਤਮਗਾ ਜਿੱਤਿਆ ਸੀ।
ਨੀਰਜ ਚੋਪੜਾ ਨੇ ਟੋਕੀਓ ਓਲੰਪਿਕ ‘ਚ ਜੈਵਲਿਨ ਥ੍ਰੋਅ ‘ਚ ਸੋਨ ਤਮਗਾ ਜਿੱਤ ਕੇ ਇਤਿਹਾਸ ਰਚਿਆ ਸੀ। ਉਹ ਓਲੰਪਿਕ ਵਿੱਚ ਵਿਅਕਤੀਗਤ ਸੋਨ ਤਮਗਾ ਜਿੱਤਣ ਵਾਲਾ ਸਿਰਫ਼ ਦੂਜਾ ਭਾਰਤੀ ਖਿਡਾਰੀ ਹੈ। ਉਸ ਤੋਂ ਪਹਿਲਾਂ ਨਿਸ਼ਾਨੇਬਾਜ਼ ਅਭਿਨਵ ਬਿੰਦਰਾ ਨੇ 2008 ਬੀਜਿੰਗ ਓਲੰਪਿਕ ‘ਚ ਸੋਨ ਤਮਗਾ ਜਿੱਤਿਆ ਸੀ।
ਪਦਮਸ਼੍ਰੀ ਹਾਸਲ ਕਰਨ ਵਾਲੇ ਹੋਰ ਖਿਡਾਰੀਆਂ ਵਿੱਚ 20 ਸਾਲਾਂ ਪੈਰਾ ਨਿਸ਼ਾਨੇਬਾਜ਼ ਅਵਨੀ ਲੇਖਰਾ, ਪੈਰਾ ਬੈਡਮਿੰਟਨ ਖਿਡਾਰੀ ਪ੍ਰਮੋਦ ਭਗਤ ਤੇ ਪੈਰਾ ਜੈਵਲਿਨ ਥ੍ਰੋਅਰ ਸੁਮਿਤ ਅੰਤਿਲ ਸ਼ਾਮਲ ਹਨ।
ਇਸ ਦੌਰਾਨ ਓਲੰਪਿਕ ਚੈਂਪੀਅਨ ਨੀਰਜ ਚੋਪੜਾ ਨੇ ਪਦਮਸ਼੍ਰੀ ਲਈ ਚੁਣੇ ਜਾਣ ਦੀ ਸੂਚਨਾ ਮਿਲਣ ‘ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਇੱਕ ਵੀਡੀਓ ਟਵੀਟ ਕਰਕੇ ਆਪਣੀ ਖੁਸ਼ੀ ਜ਼ਾਹਰ ਕਰਦੇ ਹੋਏ ਉਨ੍ਹਾਂ ਨੇ ਸਮਰਥਨ ਕਰਨ ਲਈ ਸਾਰੇ ਦੇਸ਼ਵਾਸੀਆਂ ਅਤੇ ਸ਼ੁਭਚਿੰਤਕਾਂ ਦਾ ਧੰਨਵਾਦ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਦਾ ਕਹਿਣਾ ਹੈ ਕਿ ‘ਮੇਰੀ ਮਿਹਨਤ ਅਤੇ ਕੋਸ਼ਿਸ਼ ਹਮੇਸ਼ਾ ਆਪਣੇ ਦੇਸ਼ ਲਈ ਬਿਹਤਰੀਨ ਪ੍ਰਦਰਸ਼ਨ ਕਰਨ ਦੀ ਰਹੇਗੀ।’
ਵੀਡੀਓ ਲਈ ਕਲਿੱਕ ਕਰੋ -:
“ਕੀ ਭਗਵੰਤ ਮਾਨ AAP ਦੀ ਬੇੜੀ ਲਾ ਸਕਣਗੇ ਪਾਰ ? ਭਗਵੰਤ ਮਾਨ ‘ਤੇ ਆਪ ਨੇ ਕਿਉਂ ਖੇਡਿਆ ਦਾਅ ? ਕੀ ਹੋਵੇਗਾ ਆਮ ਆਦਮੀ ਪਾਰਟੀ ਨੂੰ ਫਾਇਦਾ ? “
ਮਾਰਸ਼ਲ ਆਰਟਸ ਦੀ ਇੱਕ ਕਿਸਮ ਕਲਾਰੀਪਯੱਟੂ ਦੀ ਕਲਾ ਵਿੱਚ ਮੁਹਾਰਤ ਰੱਖਣ ਵਾਲੇ 93 ਸਾਲਾਂ ਸ਼ੰਕਰਨਾਰਾਇਣਨ ਮੈਨਨ ਚੁੰਡਾਇਲ, ਸਾਬਕਾ ਅੰਤਰਰਾਸ਼ਟਰੀ ਮਾਰਸ਼ਲ ਆਰਟ ਚੈਂਪੀਅਨ ਫੈਜ਼ਲ ਅਲੀ ਡਾਰ, ਭਾਰਤੀ ਫੁੱਟਬਾਲ ਟੀਮ ਦੇ ਸਾਬਕਾ ਕੈਪਟਨ ਬ੍ਰਹਮਾਨੰਦ ਸੰਕਵਾਲਕਰ (67) ਅਤੇ ਮਹਿਲਾ ਹਾਕੀ ਖਿਡਾਰਣ ਵੰਦਨਾ ਕਟਾਰੀਆ (29) ਨੂੰ ਵੀ ਪਦਮਸ਼੍ਰੀ ਲਈ ਚੁਣਿਆ ਗਿਆ ਹੈ। ਭਾਰਤ ਦੇ ਰਾਸ਼ਟਰਪਤੀ ਹਰ ਸਾਲ ਮਾਰਚ-ਅਪ੍ਰੈਲ ਵਿੱਚ ਰਾਸ਼ਟਰਪਤੀ ਭਵਨ ਵਿੱਚ ਰਸਮੀ ਪੁਰਸਕਾਰ ਸਮਾਰੋਹ ਵਿੱਚ ਪਦਮ ਪੁਰਸਕਾਰ ਪ੍ਰਦਾਨ ਕਰਦੇ ਹਨ।