Panchayat sarpanch and secretary : ਬਠਿੰਡਾ : ਪੰਜਾਬ ਦੇ ਬਠਿੰਡਾ ਦੀ ਪੁਲਿਸ ਥਾਣਾ ਮੌੜ ਦੀ ਪੁਲਿਸ ਨੇ ਪਿੰਡ ਰਾਮਨਗਰ ਦੀ ਮਹਿਲਾ ਸਰਪੰਚ ਅਤੇ ਪੰਚਾਇਤ ਸੈਕਟਰੀ ਦੇ ਖ਼ਿਲਾਫ਼ ਜਾਅਲੀ ਪ੍ਰਸਤਾਵ ਪਾ ਕੇ ਪੈਸੇ ਨਿਕਲਵਾਉਣ ਦੇ ਦੋਸ਼ ਵਿੱਚ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ। ਦੋਵਾਂ ਮੁਲਜ਼ਮਾਂ ਦੀ ਪਛਾਣ ਸੁਖਵਿੰਦਰ ਕੌਰ ਮਹਿਲਾ ਸਰਪੰਚ ਪਿੰਡ ਰਾਮਨਗਰ ਅਤੇ ਗਮਦੂਰ ਸਿੰਘ ਪੰਚਾਇਤ ਸਕੱਤਰ ਵਜੋਂ ਹੋਈ ਹੈ। ਪੁਲਿਸ ਨੇ ਇਹ ਕਾਰਵਾਈ ਪਿੰਡ ਰਾਮਨਗਰ ਦੀ ਪੰਚਾਇਤ ਵੱਲੋਂ ਐਸਐਸਪੀ ਨੂੰ ਕੀਤੀ ਸ਼ਿਕਾਇਤ ਦੀ ਪੜਤਾਲ ਕਰਨ ਤੋਂ ਬਾਅਦ ਕੀਤੀ ਹੈ।
ਰਾਮਗਨਰ ਪਿੰਡ ਦੀ ਪੰਚਾਇਤ ਦੀ ਤਰਫੋਂ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਗਿਆ ਕਿ ਪਿੰਡ ਦੀ ਸਰਪੰਚ ਸੁਖਵਿੰਦਰ ਕੌਰ ਨੇ ਪੰਚਾਇਤ ਸੈਕਟਰੀ ਗਮਦੂਰ ਸਿੰਘ ਨਾਲ ਮਿਲ ਕੇ ਪੰਚਾਇਤ ਦੇ ਪ੍ਰਸਤਾਵ ਰਜਿਸਟਰ ਵਿਚ 10 ਫਰਵਰੀ 2020 ਨੂੰ ਇੱਕ ਜਾਅਲੀ ਪ੍ਰਸਤਾਵ ਪਾ ਕੇ 19 ਹਜ਼ਾਰ ਰੁਪਏ ਕਢਵਾ ਲਏ ਸਨ। ਇਸੇ ਤਰ੍ਹਾਂ 15 ਫਰਵਰੀ 2020 ਨੂੰ ਪ੍ਰਸਤਾਵ ਇੱਕ ਲੱਖ ਰੁਪਏ ਕਢਵਾ ਲਏ। ਗ੍ਰਾਮ ਪੰਚਾਇਤ ਨੇ ਦੋਸ਼ ਲਾਇਆ ਕਿ ਉਕਤ ਮਹਿਲਾ ਸਰਪੰਚ ਅਤੇ ਪੰਚਾਇਤ ਸੱਕਤਰ ਨੇ ਜਾਅਲੀ ਪ੍ਰਸਤਾਵ ਪਾ ਕੇ ਉਕਤ ਪੈਸੇ ਦੀ ਦੁਰਵਰਤੋਂ ਕੀਤੀ ਹੈ।
ਥਾਣਾ ਮੌੜ ਦੇ ਏਐਸਆਈ ਰੇਨੂ ਨੇ ਦੱਸਿਆ ਕਿ ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਨੇ ਜਾਂਚ ਕੀਤੀ ਤਾਂ ਪਤਾ ਲੱਗਿਆ ਕਿ ਮਹਿਲਾ ਸਰਪੰਚ ਗੁਰਵਿੰਦਰ ਕੌਰ ਅਤੇ ਪੰਚਾਇਤ ਸੈਕਟਰੀ ਗਮਦੂਰ ਸਿੰਘ ਨੇ ਜਾਅਲੀ ਪ੍ਰਸਤਾਵ ਪਾ ਕੇ ਸਰਕਾਰੀ ਪੈਸੇ ਕਢਵਾ ਕੇ ਠੱਗੀ ਮਾਰੀ ਸੀ। ਏਐਸਆਈ ਨੇ ਦੱਸਿਆ ਕਿ ਪੁਲਿਸ ਨੇ ਥਾਣੇ ਵਿੱਚ ਧੋਖਾਧੜੀ ਦਾ ਕੇਸ ਦਰਜ ਕਰਕੇ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਹਨ।