ਜਲੰਧਰ ਕੈਂਟ ਦੇ ਵਿਧਾਇਕ ਪਰਗਟ ਸਿੰਘ ਜੋ ਵਾਰ-ਵਾਰ ਆਪਣੀ ਹੀ ਸਰਕਾਰ ‘ਤੇ ਬਾਗੀ ਰਵੱਈਏ ਨਾਲ ਹਮਲੇ ਕਰ ਰਹੇ ਹਨ, ਨੇ ਵਿਧਾਇਕ ਫਤਹਿ ਜੰਗ ਸਿੰਘ ਬਾਜਵਾ ਅਤੇ ਰਾਕੇਸ਼ ਪਾਂਡੇ ਦੇ ਪੁੱਤਰਾਂ ਨੂੰ ਸਰਕਾਰੀ ਨੌਕਰੀ ਦੇਣ ਦਾ ਸਖਤ ਵਿਰੋਧ ਕੀਤਾ ਹੈ। ਪਰਗਟ ਸਿੰਘ ਨੇ ਇਸ ਫੈਸਲੇ ‘ਤੇ ਤੁਰੰਤ ਰੋਕ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਦੋਵੇਂ ਪਰਿਵਾਰ ਆਰਥਿਕ ਅਤੇ ਰਾਜਨੀਤਿਕ ਪੱਖੋਂ ਮਜ਼ਬੂਤ ਹਨ ਅਤੇ ਤਰਸ ਦੇ ਅਧਾਰ ’ਤੇ ਨੌਕਰੀਆਂ ਦੀ ਸ਼੍ਰੇਣੀ ਵਿੱਚ ਨਹੀਂ ਆਉਂਦੇ।
ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਯੋਗਤਾ ‘ਤੇ ਕੋਈ ਸ਼ੱਕ ਨਹੀਂ ਹੈ ਅਤੇ 5 ਮੰਤਰੀਆਂ ਦੇ ਵਿਰੋਧ ਦੇ ਬਾਵਜੂਦ, ਕੈਪਟਨ ਅਮਰਿੰਦਰ ਸਿੰਘ ਨੇ ਵਿਧਾਇਕਾਂ ਦੇ ਪੁੱਤਰਾਂ ਨੂੰ ਨੌਕਰੀਆਂ ਦੇਣ ਦਾ ਪ੍ਰਸਤਾਵ ਪਾਸ ਕੀਤਾ ਸੀ, ਪਰ ਸਵਾਲ ਇਹ ਹੈ ਕਿ ਉਹ ਜਦੋਂ ਵੱਡੇ ਵਿਰੋਧ ਵਿਚਾਲੇ ਇਸ ਤਰ੍ਹਾਂ ਦੇ ਫੈਸਲੇ ਲੈ ਸਕਦੇ ਹਨ ਤਾਂ ਪੰਜਾਬ ਨਾਲ ਜੁੜੇ ਮੁੱਦਿਆਂ ‘ਤੇ ਕੰਮ ਕਿਉਂ ਨਹੀਂ ਨਹੀਂ ਹੋ ਰਿਹਾ।
ਉਨ੍ਹਾਂ ਕਿਹਾ ਕਿ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦੇ ਭਰਾ ਨੂੰ ਡੀਐਸਪੀ ਬਣਾਉਣਾ ਵੀ ਗਲਤ ਸੀ। ਇਸ ਵੇਲੇ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਨਹੀਂ ਮਿਲ ਰਹੀਆਂ, ਫਿਰ ਵਿਧਾਇਕਾਂ ਦੇ ਪੁੱਤਰਾਂ ਨੂੰ ਤਰਸ ਦੇ ਅਧਾਰ ‘ਤੇ ਨੌਕਰੀ ਕਿਉਂ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਪੰਜਾਬ ਕਾਂਗਰਸ ਵਿੱਚ ਧੜੇਬੰਦੀ ਵੱਧ ਗਈ ਹੈ ਅਤੇ ਵਿਧਾਇਕਾਂ ਨੂੰ ਆਪਣੇ ਧੜੇ ਨਾਲ ਜੋੜ ਕੇ ਰੱਖਣਾ ਹਾਰਸ ਟੇਡਿੰਗ ਹੈ। ਵਿਧਾਇਕ ਪਰਗਟ ਸਿੰਘ ਨੇ ਕਿਹਾ ਕਿ ਇਸ ਮੁੱਦੇ ਨੂੰ ਕੈਪਟਨ ਅਮਰਿੰਦਰ ਸਿੰਘ ਬਨਾਮ ਨਵਜੋਤ ਸਿੰਘ ਸਿੱਧੂ ਬਣਾਇਆ ਗਿਆ ਹੈ, ਜਦੋਂਕਿ ਇਹ ਮਾਮਲਾ ਮੁੱਦਿਆਂ ਨਾਲ ਜੁੜਿਆ ਹੋਇਆ ਹੈ।
ਇਹ ਵੀ ਪੜ੍ਹੋ : ਵਿਧਾਇਕਾਂ ਦੇ ਪੁੱਤਾਂ ਨੂੰ ਨੌਕਰੀ ਦੇ ਹੱਕ ‘ਚ ਆਏ ਮੰਤਰੀ ਤੇ ਸੰਸਦ ਮੈਂਬਰ, ਸਿਆਸੀ ਆਗੂਆਂ ਨੂੰ ਸਲਾਹ ਦੇ ਨਾਲ ਦਿੱਤੀਆਂ ਇਹ ਦਲੀਲਾਂ
ਵਿਧਾਇਕ ਪਰਗਟ ਸਿੰਘ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਕਾਂਗਰਸ, ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਲੋਕਾਂ ਵਿੱਚ ਇਕੋ ਪੱਧਰ ‘ਤੇ ਖੜੀ ਹੈ। ਭਾਜਪਾ ਲਈ ਚੋਣ ਲੜਨਾ ਮੁਸ਼ਕਲ ਹੈ।
ਵਿਧਾਇਕ ਪਰਗਟ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦਾ ਕੋਈ ਇਰਾਦਾ ਨਹੀਂ ਹੈ। ਉਹ ਕਾਂਗਰਸ ਵਿਚ ਰਹਿ ਕੇ ਜਨਤਕ ਮੁੱਦੇ ਉਠਾਉਂਦੇ ਰਹਿਣਗੇ। ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਵੱਲੋਂ ਆਪਣੀ ਹੀ ਸਰਕਾਰ ਅਤੇ ਮੁੱਖ ਮੰਤਰੀ ਖਿਲਾਫ ਵਾਰ ਵਾਰ ਮੋਰਚਾ ਖੋਲ੍ਹਣ ਲਈ ਅਨੁਸ਼ਾਸਨੀ ਕਾਰਵਾਈ ਦੀ ਚੇਤਾਵਨੀ ‘ਤੇ ਵਿਧਾਇਕ ਪਰਗਟ ਸਿੰਘ ਨੇ ਕਿਹਾ ਕਿ ਉਹ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਦਾ ਸਾਹਮਣਾ ਕਰਨ ਲਈ ਤਿਆਰ ਹਨ। ਉਹ ਕਿਸੇ ਨੇਤਾ ਖਿਲਾਫ ਨਹੀਂ ਬੋਲ ਰਹੇ, ਉਹ ਸਿਰਫ ਪੰਜਾਬ ਦਾ ਮੁੱਦਾ ਚੁੱਕ ਰਹੇ ਹਨ ਅਤੇ ਇਸ ਨੂੰ ਚੁੱਕਦੇ ਰਹਿਣਗੇ।