ਪਟਿਆਲਾ : ਮੁੱਖ ਮੰਤਰੀ ਨਿਵਾਸ ਦੇ ਨੇੜੇ ਸਥਿਤ ਪਟਿਆਲਾ ਦੇ ਮੁੱਖ ਵਾਈਪੀਐਸ ਚੌਕ ਨੂੰ ਜੇਕਰ ਤੁਸੀਂ ਗੂਗਲ ਮੈਪਸ ‘ਚ ਸਰਚ ਕਰੋਗੇ ਤਾਂ ਤੁਹਾਨੂੰ ਨਹੀਂ ਮਿਲੇਗਾ, ਕਿਉਂਕਿ ਕਿਸੇ ਅਣਪਛਾਤੇ ਵਿਅਕਤੀ ਨੇ ਗੂਗਲ ਮੈਪਸ ਵਿੱਚ ਇਸ ਚੌਕ ਦਾ ਨਾਂ ਬਦਲ ਕੇ ‘ਬੇਰੋਜ਼ਗਾਰਾਂ ਲਈ ਡਾਂਗਾਂ ਵਾਲਾ ਚੌਕ’ ਰੱਖ ਦਿੱਤਾ ਹੈ।
ਸ਼ਹਿਰ ਵਿੱਚ ਇਸ ਦੀ ਖੂਬ ਚਰਚਾ ਰਹੀ, ਜਿਸ ਤੋਂ ਬਾਅਦ ਸਾਈਬਰ ਸੈੱਲ ਨੇ ਮਾਮਲੇ ਬਾਰੇ ਪਤਾ ਚੱਲਦੇ ਹੀ ਚੌਕ ਦਾ ਨਾਂ ਸਹੀ ਕਰਵਾ ਦਿੱਤਾ, ਪਰ ਨਾਂ ਬਦਲਣ ਵਾਲੇ ਦੋਸ਼ੀ ਦਾ ਫਿਲਹਾਲ ਪਤਾ ਨਹੀਂ ਲੱਗ ਸਕਿਆ ਹੈ। ਸਾਈਬਰ ਸੈੱਲ ਇਸ ਦਾ ਪਤਾ ਲਗਾਉਣ ਵਿੱਚ ਲੱਗਾ ਹੋਇਆ ਹੈ।
ਇਹ ਚੌਂਕ ਮੋਤੀ ਮਹਿਲ ਤੋਂ ਸਿਰਫ 300 ਮੀਟਰ ਦੂਰ ਹੈ, ਜੋ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਨਿੱਜੀ ਰਿਹਾਇਸ਼ ਹੈ। ਹਰ ਸਰਕਾਰੀ ਅਤੇ ਗੈਰ-ਸਰਕਾਰੀ ਸੰਗਠਨ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਇਸ ਚੌਕ ‘ਤੇ ਪ੍ਰਦਰਸ਼ਨ ਕੀਤੇ ਜਾਂਦੇ ਹਨ। ਇਸ ਕਾਰਨ ਈਟੀਟੀ-ਟੀਈਟੀ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ, ਬੇਰੁਜ਼ਗਾਰ ਕਾਮਨ ਫਰੰਟ, ਈਟੀਟੀ 2364 ਬੇਰੁਜ਼ਗਾਰ ਅਧਿਆਪਕ ਯੂਨੀਅਨ ਦੇ ਮੈਂਬਰਾਂ ‘ਤੇ ਦਰਜਨ ਤੋਂ ਵੱਧ ਵਾਰ ਇਸ ਚੌਕ ਵਿੱਚ ਰੋਸ ਪ੍ਰਦਰਸ਼ਨ ਕਰਨ ਵੇਲੇ ਲਾਠੀਚਾਰਜ ਹੋ ਚੁੱਕਾ ਹੈ।
ਇਹ ਵੀ ਪੜ੍ਹੋ: ਸੁਨਾਮ : ਜ਼ਲਿਆਂਵਾਲਾ ਬਾਗ ਕਤਲੇਆਮ ਦਾ ਬਦਲਾ ਲੈਣ ਵਾਲੇ ਸ਼ਹੀਦ ਊਧਮ ਸਿੰਘ ਦੀ ਯਾਦ ‘ਚ ਬਣਾਇਆ ਮਿਊਜ਼ੀਅਮ, CM ਨੇ ਕੀਤਾ ਉਦਘਾਟਨ
ਇਸ ਤੋਂ ਇਲਾਵਾ ਇਸ ਚੌਕ ਤੋਂ ਮੁੱਖ ਮੰਤਰੀ ਨਿਵਾਸ ਵੱਲ ਜਾਣ ਵਾਲੀ ਸੜਕ ਨੂੰ ਵੀ ਪੁਲਿਸ ਵੱਲੋਂ ਬੈਰੀਕੇਡਿੰਗ ਦੇ ਕੇ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਹੈ। ਇਹ ਖਦਸ਼ਾ ਹੈ ਕਿ ਹੋ ਸਕਦਾ ਹੈ ਕਿ ਕੁਝ ਬੇਰੁਜ਼ਗਾਰ ਨੌਜਵਾਨਾਂ ਨੇ ਇਸ ਦਾ ਨਾਂ ਬਦਲ ਦਿੱਤਾ ਹੋਵੇ।
ਸਾਈਬਰ ਸੈੱਲ ਦੇ ਇੰਚਾਰਜ ਪ੍ਰਿਤਪਾਲ ਸਿੰਘ ਦਾ ਕਹਿਣਾ ਹੈ ਕਿ ਫਿਲਹਾਲ ਚੌਕ ਦਾ ਨਾਂ ਠੀਕ ਕੀਤਾ ਗਿਆ ਹੈ, ਪਰ ਸ਼ਰਾਰਤ ਕਰਨ ਵਾਲੇ ਦੋਸ਼ੀ ਦੀ ਫਿਲਹਾਲ ਪਛਾਣ ਨਹੀਂ ਹੋ ਸਕੀ ਹੈ। ਪੁਲਿਸ ਵੱਲੋਂ ਮੁਲਜ਼ਮਾਂ ਦੀ ਪਛਾਣ ਕਰਨ ਦੇ ਯਤਨ ਜਾਰੀ ਹਨ। ਜਲਦੀ ਹੀ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।