ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੁਨੀਆ ਦੇ ਵੱਖ-ਵੱਖ ਦੇਸ਼ਾਂ ਨਾਲ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਪਿਛਲੇ ਇਕ ਸਾਲ ‘ਚ ਆਪਣੇ ਵਿਦੇਸ਼ੀ ਦੌਰਿਆਂ ਦੌਰਾਨ ਕਈ ਯਾਦਗਾਰੀ ਤੋਹਫੇ ਮਿਲੇ ਹਨ। ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੂੰ 15 ਲੱਖ 65 ਹਜ਼ਾਰ ਰੁਪਏ ਦੇ 30 ਤੋਂ ਵੱਧ ਤੋਹਫ਼ੇ ਮਿਲੇ, ਜਿਨ੍ਹਾਂ ਵਿੱਚ ਧੂਫ਼ਦਾਨੀ, ਭਗਵਾਨ ਗਣੇਸ਼ ਦੀਆਂ ਮੂਰਤੀਆਂ, ਮਹਾਤਮਾ ਬੁੱਧ ਨਾਲ ਸਬੰਧਤ ਚਿੰਨ੍ਹ, ਕੰਬਲ, ਗਲੀਚੇ, ਸਵੈਟਰ, ਟੋਪੀਆਂ, ਗੁਲਾਬ ਜਲ, ਫੁੱਲਦਾਨ, ਲੱਕੜ ਦੇ ਬਕਸੇ ਵਰਗੀਆਂ ਆਈਟਮਾਂ ਸ਼ਾਮਲ ਸਨ। ਹਾਲਾਂਕਿ ਇਹ ਤੋਹਫ਼ੇ ਨਿਯਮਾਂ ਮੁਤਾਬਕ ਵਿਦੇਸ਼ ਮੰਤਰਾਲੇ ਦੇ ਤੋਸ਼ਾਖਾਨੇ ਵਿੱਚ ਜਮ੍ਹਾ ਕਰਵਾਏ ਗਏ ਹਨ।
ਵਿਦੇਸ਼ ਮੰਤਰਾਲੇ ਦੇ ਤੋਸ਼ਾਖਾਨਾ ਵਿਭਾਗ ਦੇ ਵੇਰਵਿਆਂ ਮੁਤਾਬਕ ਅਪ੍ਰੈਲ 2021 ਤੋਂ ਅਪ੍ਰੈਲ 2022 ਦਰਮਿਆਨ ਪ੍ਰਧਾਨ ਮੰਤਰੀ ਮੋਦੀ ਨੂੰ ਵਿਦੇਸ਼ੀ ਦੌਰਿਆਂ ਦੌਰਾਨ ਅਤੇ ਹੋਰ ਸਾਧਨਾਂ ਰਾਹੀਂ 30 ਤੋਂ ਵੱਧ ਤੋਹਫ਼ੇ ਮਿਲੇ ਹਨ। ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਡੈਨਮਾਰਕ, ਫਰਾਂਸ, ਜਰਮਨੀ, ਇਟਲੀ, ਬ੍ਰਿਟੇਨ, ਅਮਰੀਕਾ, ਬੰਗਲਾਦੇਸ਼ ਵਰਗੇ ਦੇਸ਼ਾਂ ਦਾ ਦੌਰਾ ਕੀਤਾ।
ਪ੍ਰਧਾਨ ਮੰਤਰੀ ਨੂੰ ਮਿਲੇ ਸਭ ਤੋਂ ਕੀਮਤੀ ਤੋਹਫ਼ੇ ਵਿੱਚ ਲੱਕੜ, ਚਾਂਦੀ ਅਤੇ ਸੋਨੇ ਦਾ ਬਣਿਆ ਸ਼ਤਰੰਜ ਸੈੱਟ ਸ਼ਾਮਲ ਹੈ, ਜਿਸ ਦੀ ਕੀਮਤ ਪੰਜ ਲੱਖ ਰੁਪਏ ਹੈ। ਉਨ੍ਹਾਂ ਨੂੰ ਭਾਂਡਿਆਂ ਦੇ ਚਾਰ ਸੈੱਟ ਵੀ ਤੋਹਫੇ ਵਜੋਂ ਦਿੱਤੇ ਗਏ, ਜਿਨ੍ਹਾਂ ਦੀ ਕੀਮਤ 4.5 ਲੱਖ ਰੁਪਏ ਹੈ।
ਇਸ ਦੇ ਨਾਲ ਹੀ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੂੰ ਵਿਦੇਸ਼ ਤੋਂ ਇੱਕ ਸਾਲ ਵਿੱਚ 5.84 ਲੱਖ ਰੁਪਏ ਦੇ 51 ਤੋਹਫ਼ੇ ਮਿਲੇ ਹਨ। ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ 47,900 ਰੁਪਏ ਦੇ ਅੱਠ ਤੋਹਫ਼ੇ ਮਿਲੇ ਹਨ, ਜਿਨ੍ਹਾਂ ਵਿੱਚ ਇੱਕ ਛੋਟਾ ਪਿਸਤੌਲ ਅਤੇ ਛੇ ਜਿੰਦਾ ਕਾਰਤੂਸ ਅਤੇ ਚਿਵਾਸ ਰੀਗਲ ਸਕਾਚ ਵਿਸਕੀ ਸ਼ਾਮਲ ਹਨ।
ਵੀਡੀਓ ਲਈ ਕਲਿੱਕ ਕਰੋ -:
“ਸਾਵਧਾਨ ! ਲੋਕਾਂ ਦੇ ਘਰਾਂ ‘ਚ TV ਸੜ ਰਹੇ ਨੇ DS ਕੇਬਲ ਲਵਾਕੇ, ਸ਼ੀਤਲ ਵਿੱਜ ਤੇ ਉਸਦੇ ਗੁਰਗੇ ਉਤਰੇ ਗੁੰਡਾਗਰਦੀ ‘ਤੇ ! “
ਦੱਸ ਦੇਈਏ ਕਿ ਵਿਦੇਸ਼ੀ ਯੋਗਦਾਨ ਰੈਗੂਲੇਸ਼ਨ ਐਕਟ 2010 ਮੁਤਾਬਕ ਜਦੋਂ ਕਿਸੇ ਭਾਰਤੀ ਵਫ਼ਦ ਦੇ ਮੈਂਬਰ ਨੂੰ ਦਾਨ ਜਾਂ ਤੋਹਫ਼ੇ ਦੇ ਰੂਪ ਵਿੱਚ ਕੋਈ ਵਿਦੇਸ਼ੀ ਯੋਗਦਾਨ ਜਾਂ ਤੋਹਫ਼ਾ ਪ੍ਰਾਪਤ ਹੁੰਦਾ ਹੈ, ਤਾਂ ਉਸ ਨੂੰ ਅਜਿਹੀ ਪ੍ਰਾਪਤੀ ਦੀ ਮਿਤੀ ਤੋਂ ਤੀਹ ਦਿਨਾਂ ਦੀ ਮਿਆਦ ਦੇ ਅੰਦਰ ਇਹ ਦਾਨ ਜਾਂ ਤੋਹਫ਼ਾ ਸਬੰਧਤ ਮੰਤਰਾਲੇ ਜਾਂ ਵਿਭਾਗ ਨੂੰ ਸੌਂਪਣਾ ਹੁੰਦਾ ਹੈ। ਜੇ ਅਜਿਹੇ ਦਾਨ ਜਾਂ ਤੋਹਫ਼ੇ ਦੀ ਅਨੁਮਾਨਿਤ ਕੀਮਤ ਪੰਜ ਹਜ਼ਾਰ ਰੁਪਏ ਤੋਂ ਵੱਧ ਹੈ, ਤਾਂ ਉਨ੍ਹਾਂ ਨੂੰ ਵਿਦੇਸ਼ ਮੰਤਰਾਲੇ ਦੇ ਤੋਸ਼ਾਖਾਨੇ ਵਿੱਚ ਭੇਜ ਦਿੱਤਾ ਜਾਂਦਾ ਹੈ।