ਫਿਰੋਜ਼ਪੁਰ ਦੇ ਜ਼ੀਰਾ ਵਿਖੇ ਪਿਛਲੇ 148 ਦਿਨਾਂ ਤੋਂ ਸ਼ਰਾਬ ਫੈਕਟਰੀ ਬੰਦ ਕਰਵਾਉਣ ਨੂੰ ਲੈ ਕੇ ਕਿਸਾਨਾਂ ਵੱਲੋਂ ਧਰਨਾ ਦਿੱਤਾ ਜਾ ਰਿਹਾ ਹੈ। ਹਾਈਕੋਰਟ ਦੇ ਹੁਕਮਾਂ ਮਗਰੋਂ ਸਰਕਾਰ ਤੇ ਪੁਲਿਸ ਲਗਾਤਾਰ ਧਰਨੇ ਨੂੰ ਚੁੱਕਵਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸੇ ਅਧੀਨ ਪੁਲਿਸ ਨੇ ਅੱਜ ਸਖਤ ਕਾਰਵਾਈ ਕਰਦੇ ਹੋਏ ਔਰਤਾਂ ਸਣੇ 100 ਤੋਂ ਵੱਧ ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਨ੍ਹਾਂ ਦੇ ਤੰਬੂ ਢਾਹ ਦਿੱਤੇ ਹਨ, ਜਿਸ ਤੋਂ ਬਾਅਦ ਉਥੇ ਮੌਜੂਦ ਭੀੜ ਭੜਕ ਗਈ ਹੈ। ਮਾਹੌਲ ਤਣਾਅ ਵਾਲਾ ਬਣਿਆ ਹੋਇਆ ਹੈ। ਪੁਲਿਸ ਨੇ ਸ਼ਰਾਬ ਫੈਕਟਰੀ ਨੂੰ ਜਾਣ ਵਾਲਾ ਰਸਤਾ ਸਾਫ਼ ਕਰ ਦਿੱਤਾ ਹੈ।
ਪੁਲਿਸ ਹੁਣ ਸ਼ਰਾਬ ਫੈਕਟਰੀ ਦੇ ਮੇਨ ਗੇਟ ਵੱਲ ਵਧ ਰਹੀ ਹੈ ਜਿਥੇ ਪ੍ਰਦਰਸ਼ਨਕਾਰੀ ਧਰਨਾ ਦੇ ਰਹੇ ਹਨ ਅਤੇ ਉਥੋਂ ਵੀ ਰਾਹ ਸਾਫ਼ ਕੀਤਾ ਜਾਵੇਗਾ। ਹੁਣ ਇਲਾਕਾ ਪੁਲਿਸ ਛਾਉਣੀ ਵਿੱਚ ਤਬਦੀਲ ਹੋ ਗਿਆ ਹੈ ਅਤੇ ਪੁਲਿਸ ਇਸ ਧਰਨੇ ਤੇ ਫੈਕਟਰੀ ਨੂੰ ਜਾਣ ਵਾਲੇ ਰਸਤੇ ਨੂੰ ਖਾਲੀ ਕਰਵਾਉਣ ਲਈ ਸਖਤੀ ਨਾਲ ਕੰਮ ਕਰ ਰਹੀ ਹੈ।
ਜ਼ਿਕਰਯੋਗ ਹੈ ਕਿ ਸ਼ਰਾਬ ਫੈਕਟਰੀ ਦੇ ਪ੍ਰਬੰਧਕਾਂ ਨੇ ਦਸਤਾਵੇਜ਼ੀ ਸਬੂਤਾਂ ਨਾਲ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੱਕ ਪਹੁੰਚ ਕੀਤੀ ਹੈ ਕਿ ਉਨ੍ਹਾਂ ਦੀ ਯੂਨਿਟ ਕਿਸੇ ਵੀ ਤਰ੍ਹਾਂ ਪ੍ਰਦੂਸ਼ਣ ਨਹੀਂ ਫੈਲਾ ਰਹੀ ਅਤੇ ਇਸ ਧਰਨੇ ਕਾਰਨ ਉਨ੍ਹਾਂ ਦਾ ਭਾਰੀ ਮਾਲੀ ਨੁਕਸਾਨ ਹੋਇਆ ਹੈ। ਹਾਈਕੋਰਟ ਨੇ ਪੰਜਾਬ ਸਰਕਾਰ ਨੂੰ 5 ਕਰੋੜ ਦੇ ਸ਼ੁਰੂਆਤੀ ਜੁਰਮਾਨੇ ਮਗਰੋਂ 20 ਕਰੋੜ ਦਾ ਜੁਰਮਾਨਾ ਲਾਇਆ ਹੈ।
ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਪੁਲਿਸ ਨੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈਣ ਲਈ 17 ਦਸੰਬਰ ਨੂੰ ਹੀ ਪੂਰੀ ਤਿਆਰੀ ਕਰ ਲਈ ਸੀ। ਇਸੇ ਕਰਕੇ ਉਥੇ ਪੂਰੀ ਰਾਤ ਲਾਈਟ ਬੰਦ ਰਖੀ ਗਈ, ਤਾਂਕਿ ਮੌਕਾ ਮਿਲਦੇ ਹੀ ਪੁਲਿਸ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਏ। ਦੱਸ ਦੇਈਏ ਕਿ ਬੀਤੇ ਦਿਨ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੀ ਪ੍ਰਦਰਸ਼ਨਾਕਾਰੀਆਂ ਨਾਲ ਗੱਲ ਕਰਨ ਪਹੁੰਚੇ ਸਨ ਪਰ ਸਹਿਮਤੀ ਨਹੀਂ ਬਣੀ।
ਕਿਸਾਨਾਂ ਨੇ 16 ਦਸੰਬਰ ਨੂੰ ਪੁਲਿਸ ਵੱਲੋਂ ਫੜੇ ਗਏ ਲੋਕਾਂ ਨੂੰ ਰਿਹਾਅ ਕਰਨ, ਪੰਚ-ਸਰਪੰਚਾਂ ਦੇ ਰੱਦ ਕੀਤੇ ਲਾਇਸੈਂਸ ਬਹਾਲ ਕਰਨ ਦੀ ਮੰਗ ਕੀਤੀ ਹੈ। ਇਲਾਕੇ ਵਿੱਚ ਹੋ ਰਹੀ ਨਾਜਾਇਜ਼ ਮਾਈਨਿੰਗ ਨੂੰ ਰੋਕਣ ਦੀ ਵੀ ਮੰਗ ਕੀਤੀ ਗਈ ਹੈ।
ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਖੁਦ ਮੰਨਿਆ ਹੈ ਕਿ ਸ਼ਰਾਬ ਫੈਕਟਰੀ ਲਾਉਣ ਵੇਲੇ ਜਿਨ੍ਹਾਂ ਲੋਕਾਂ ਨੂੰ ਗਾਰੰਟਰ ਬਣਾਇਆ ਗਿਆ ਸੀ, ਉਹ ਲੋਕਲ ਨਹੀਂ ਸਗੋਂ ਦੂਜੇ ਜ਼ਿਲ੍ਹਿਆਂ ਤੋਂ ਲਿਆਂਦੇ ਲੋਕ ਸਨ। ਇਸ ਦੀ ਜਾਂਚ ਤੋਂ ਬਾਅਦ ਝੂਠ ਬੋਲਣ ਅਤੇ ਧੋਖਾਧੜੀ ਕਰਨ ਵਾਲਿਆਂ ਖਿਲਾਫ ਵੀ ਕਾਰਵਾਈ ਕਹੀ ਹੈ।
ਵੀਡੀਓ ਲਈ ਕਲਿੱਕ ਕਰੋ -: