Premature death of Hazuri : ਅੰਮ੍ਰਿਤਸਰ : ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਨਵਜੀਤ ਸਿੰਘ ਦੀ ਡੇਰਾ ਬਾਬਾ ਨਾਨਕ ਅਧੀਨ ਪੈਂਦੇ ਪਿੰਡ ਝੰਗੀ ਪੰਨਵਾਂ ਵਿੱਚ ਦਿਹਾਂਤ ਹੋ ਗਿਆ। ਮਿਲੀ ਜਾਣਕਾਰੀ ਮੁਤਾਬਕ ਉਨ੍ਹਾਂ ਨੂੰ ਕਿਸੇ ਜ਼ਹਿਰੀਲੀ ਚੀਜ਼ ਨੇ ਡੰਗ ਲਿਆ ਸੀ। ਭਾਈ ਨਵਜੀਤ ਸਿੰਘ ਗੁਰੂ ਘਰ ਦੇ ਮਹਾਨ ਕੀਰਤਨੀਏ ਸਨ। ਉਨ੍ਹਾਂ ਦੀ ਉਮਰ ਲਗਭਗ 30 ਸਾਲ ਦੀ ਸੀ। ਇਸ ਘਟਨਾ ਨਾਲ ਪੂਰੇ ਇਲਾਕੇ ‘ਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਉਨ੍ਹਾਂ ਦੇ ਇਸ ਬੇਵਕਤੀ ਅਕਾਲ ਚਲਾਣੇ ’ਤੇ ਸ਼੍ਰੋਮਣੀ ਰਾਗੀ ਸਭਾ ਦੇ ਪ੍ਰਧਾਨ ਭਾਈ ਓਂਕਾਰ ਸਿੰਘ, ਭਾਈ ਸਤਨਾਮ ਸਿੰਘ, ਭਾਈ ਤਰਸੇਮ ਸਿੰਘ, ਭਾਈ ਸ਼ੌਕੀਨ ਸਿੰਘ, ਭਾਈ ਕਮਲਜੀਤ ਸਿੰਘ ਤੇ ਭਾਈ ਨਰਿੰਦਰ ਸਿੰਘ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸਮੂਹ ਰਾਗੀ ਜਥੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਨੇ ਭਾਈ ਸਾਹਿਬ ਦੀ ਆਤਮਿਕ ਸ਼ਾਂਤੀ ਲਈ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਕੀਤੀ।
ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਈ ਨਵਜੀਤ ਸਿੰਘ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਬਾਬਾ ਦੀਪ ਸਿੰਘ ਜੀ ਵਿਖੇ ਕੀਰਤਨ ਦੀ ਸੇਵਾ ਨਿਭਾ ਰਹੇ ਸਨ। ਭਾਈ ਬਲਵਿੰਦਰ ਸਿੰਘ ਤੇ ਭਾਈ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਉਹ ਰਾਤ ਸਮੇਂ ਆਪਣੇ ਜੱਦੀ ਪਿੰਡ ਝੰਗੀ ਪੰਨਵਾਂ ਵਿਖੇ ਪਰਿਵਾਰ ਸਮੇਤ ਸੁੱਤੇ ਪਏ ਸਨ ਤਾਂ ਅਚਾਨਕ ਕਿਸੇ ਜ਼ਹਿਰੀਲੇ ਜੀਵ ਨੇ ਉਨ੍ਹਾਂ ਦੇ ਕੰਨ ਉੱਪਰ ਡੱਸ ਲਿਆ। ਥੋੜ੍ਹੀ ਹੀ ਦੇਰ ਵਿੱਚ ਉਨ੍ਹਾਂ ਦੀ ਹਾਲਤ ਕਾਫੀ ਵਿਗੜ ਗੱ, ਜਿਸ ‘ਤੇ ਪਰਿਵਾਰ ਵੱਲੋਂ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਪਰ ਰਸਤੇ ‘ਚ ਹੀ ਉਨ੍ਹਾਂ ਦੀ ਮੌਤ ਹੋ ਗਈ। ਭਾਈ ਨਵਜੀਤ ਸਿੰਘ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਤੇ ਉਹ ਆਪਣੇ ਪਿੱਛੇ ਦੋ ਬੇਟੀਆਂ ਇਸ਼ਪ੍ਰੀਤ ਕੌਰ, ਹਰਅਸੀਸ ਕੌਰ ਅਤੇ ਧਰਮ ਪਤਨੀ ਹਰਪ੍ਰੀਤ ਕੌਰ ਨੂੰ ਛੱਡ ਗਏ ਹਨ।